ਨਰਮਾ ਪੱਟੀ ਲਗਾਤਾਰ ਝੋਨਾ ਪੱਟੀ ’ਚ ਹੋਣ ਲੱਗੀ ਤਬਦੀਲ, ਕਿਸਾਨਾਂ ਨੂੰ ਝੋਨਾ ਵੇਚਣ ’ਚ ਆ ਸਕਦੀ ਵੱਡੀ ਸਮੱਸਿਆ
ਨਰਮਾ ਪੱਟੀ ਲਾਗਤਾਰ ਝੋਨਾ ਪੱਟੀ ਵਿਚ ਹੋਣ ਲੱਗੀ ਤਬਦੀਲ, ਕਿਸਾਨਾਂ ਨੂੰ ਝੋਨਾ ਵੇਚਣ ਵਿਚ ਆ ਸਕਦੀ ਹੈ ਵੱਡੀ ਸਮੱਸਿਆ
Publish Date: Wed, 17 Jun 2026 05:32 PM (IST)
Updated Date: Thu, 18 Jun 2026 04:01 AM (IST)

ਗੁਦਾਮ ਨੱਕੋ-ਨੱਕ ਭਰਨ ਨਾਲ ਸਟੋਰੇਜ ਦੀ ਸਮੱਸਿਆ, ਝੋਨੇ ਦੀ ਖਰੀਦ ’ਚ ਪੈਦਾ ਹੋ ਸਕਦੀ ਮੁਸ਼ਕਿਲ, ਤਿੰਨ ਦਹਾਕਿਆਂ ’ਚ 6.62 ਲੱਖ ਹੈਕਟੇਅਰ ਨਰਮੇ ਦਾ ਰਕਬਾ ਘਟਿਆ, ਨਰਮੇ ਹੇਠੋਂ ਘਟੇ ਰਕਬੇ ’ਚ ਹੋਈ ਝੋਨੇ ਦੀ ਬਿਜਾਈ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਦੀ ਖੇਤੀਬਾੜੀ ਵਿੱਚ ਇਕ ਵੱਡੀ ਤਬਦੀਲੀ ਤੇਜ਼ੀ ਨਾਲ ਸਾਹਮਣੇ ਆ ਰਹੀ ਹੈ। ਕਦੇ ਨਰਮਾ ਪੱਟੀ ਵਜੋਂ ਜਾਣੇ ਜਾਂਦੇ ਮਾਲਵਾ ਖੇਤਰ ਦੇ ਵੱਡੇ ਹਿੱਸੇ ਵਿੱਚ ਹੁਣ ਝੋਨੇ ਦਾ ਰਕਬਾ ਲਗਾਤਾਰ ਵਧ ਰਿਹਾ ਹੈ, ਜਦੋਂ ਕਿ ਨਰਮੇ ਦੀ ਖੇਤੀ ਸਿਮਟਦੀ ਜਾ ਰਹੀ ਹੈ। ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਰੁਝਾਨ ਇੰਝ ਹੀ ਜਾਰੀ ਰਿਹਾ ਤਾਂ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਨੂੰ ਝੋਨੇ ਦੀ ਖਰੀਦ, ਸਟੋਰੇਜ ਅਤੇ ਮੰਡੀਕਰਨ ਸਬੰਧੀ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੰਕੜੇ ਦੱਸਦੇ ਹਨ ਕਿ ਪਿਛਲੇ ਤਿੰਨ ਦਹਾਕਿਆਂ ਦੌਰਾਨ ਪੰਜਾਬ ਵਿੱਚ ਨਰਮੇ ਹੇਠ ਰਕਬਾ 6.62 ਲੱਖ ਹੈਕਟੇਅਰ ਘਟਿਆ ਹੈ। ਇਸ ਦੇ ਉਲਟ ਝੋਨੇ ਹੇਠ ਰਕਬਾ ਲਗਾਤਾਰ ਵਧਦਾ ਗਿਆ ਹੈ। ਨਰਮੇ ਹੇਠੋਂ ਖਿਸਕਿਆ ਇਹ ਰਕਬਾ ਝੋਨੇ ਹੇਠ ਆ ਗਿਆ ਹੈ। ਨਰਮੇ ਤੋਂ ਕਿਸਾਨਾਂ ਦੀ ਦੂਰੀ ਅਤੇ ਝੋਨੇ ਪ੍ਰਤੀ ਵਧਦੀ ਨਿਰਭਰਤਾ ਨੇ ਫਸਲੀ ਵਿਭਿੰਨਤਾ ਦੇ ਯਤਨਾਂ ਨੂੰ ਵੀ ਵੱਡਾ ਝਟਕਾ ਦਿੱਤਾ ਹੈ। ਬਠਿੰਡਾ ਜ਼ਿਲ੍ਹਾ ਇਸ ਤਬਦੀਲੀ ਦੀ ਸਭ ਤੋਂ ਵੱਡੀ ਮਿਸਾਲ ਬਣ ਕੇ ਸਾਹਮਣੇ ਆਇਆ ਹੈ। ਖੇਤੀ ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ ਪੰਜ ਸਾਲਾਂ ਦੌਰਾਨ ਇਕੱਲੇ ਬਠਿੰਡਾ ਜ਼ਿਲ੍ਹੇ ਵਿੱਚ ਝੋਨੇ ਹੇਠ ਰਕਬਾ ਕਰੀਬ 60 ਹਜ਼ਾਰ ਹੈਕਟੇਅਰ ਵਧਿਆ ਹੈ। ਜਿਸ ਇਲਾਕੇ ਵਿੱਚ ਪਹਿਲਾਂ ਨਰਮਾ ਪ੍ਰਮੁੱਖ ਫਸਲ ਮੰਨੀ ਜਾਂਦੀ ਸੀ, ਉੱਥੇ ਹੁਣ ਕਿਸਾਨ ਵੱਡੇ ਪੱਧਰ ’ਤੇ ਝੋਨੇ ਦੀ ਬਿਜਾਈ ਕਰ ਰਹੇ ਹਨ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਝੋਨੇ ਦੀ ਵਧਦੀ ਬਿਜਾਈ ਦੇ ਲੰਬੇ ਸਮੇਂ ਵਾਲੇ ਪ੍ਰਭਾਵਾਂ ਬਾਰੇ ਵੀ ਸੋਚਣਾ ਚਾਹੀਦਾ ਹੈ। ਪੰਜਾਬ ਦੇ ਗੋਦਾਮ ਪਹਿਲਾਂ ਹੀ ਚਾਵਲ ਅਤੇ ਅਨਾਜ ਦੇ ਵੱਡੇ ਸਟਾਕ ਨਾਲ ਭਰੇ ਹੋਏ ਹਨ। ਕਈ ਥਾਵਾਂ ’ਤੇ ਸਟੋਰੇਜ ਸਮਰੱਥਾ ਆਪਣੀ ਹੱਦ ਤਕ ਪਹੁੰਚ ਚੁੱਕੀ ਹੈ। ਅਜਿਹੇ ਹਾਲਾਤ ਵਿੱਚ ਜੇਕਰ ਝੋਨੇ ਹੇਠ ਰਕਬਾ ਹੋਰ ਵਧਦਾ ਹੈ ਤਾਂ ਸਰਕਾਰੀ ਏਜੰਸੀਆਂ ਲਈ ਫਸਲ ਦੀ ਖਰੀਦ ਅਤੇ ਸਟੋਰੇਜ ਕਰਨਾ ਔਖਾ ਹੋ ਸਕਦਾ ਹੈ। ਖੇਤੀ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਚਾਵਲ ਦੀ ਮੰਗ ਵਿੱਚ ਵੀ ਅਸੀਮਿਤ ਵਾਧਾ ਸੰਭਵ ਨਹੀਂ ਹੈ। ਜੇਕਰ ਉਤਪਾਦਨ ਲਗਾਤਾਰ ਵਧਦਾ ਰਿਹਾ ਅਤੇ ਖਪਤ ਜਾਂ ਨਿਰਯਾਤ ਉਸੇ ਅਨੁਪਾਤ ਵਿੱਚ ਨਾ ਵਧੇ ਤਾਂ ਵਾਧੂ ਸਟਾਕ ਸਰਕਾਰ ਲਈ ਵੱਡਾ ਬੋਝ ਬਣ ਸਕਦਾ ਹੈ। ਇਸ ਸਥਿਤੀ ਦਾ ਸਿੱਧਾ ਅਸਰ ਕਿਸਾਨਾਂ ’ਤੇ ਪੈ ਸਕਦਾ ਹੈ ਅਤੇ ਭਵਿੱਖ ਵਿੱਚ ਖਰੀਦ ਪ੍ਰਬੰਧਾਂ ਨੂੰ ਲੈ ਕੇ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਬਾਕਸ ਅੱਠ ਤੋਂ ਤਿੰਨ ਜ਼ਿਲ੍ਹਿਆਂ ਤਕ ਸਿਮਟੀ ਫਸਲ ਇਸ ਸਾਲ ਵੀ ਨਰਮੇ ਦੀ ਬਿਜਾਈ ਦੇ ਅੰਕੜੇ ਚਿੰਤਾਜਨਕ ਤਸਵੀਰ ਪੇਸ਼ ਕਰ ਰਹੇ ਹਨ। ਪਿਛਲੇ ਸਾਲ ਪੰਜਾਬ ਵਿੱਚ 1 ਲੱਖ 5 ਹਜ਼ਾਰ ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਹੋਈ ਸੀ, ਜਦੋਂ ਕਿ ਇਸ ਸਾਲ ਇਹ ਰਕਬਾ ਘਟ ਕੇ ਸਿਰਫ਼ 78 ਹਜ਼ਾਰ ਹੈਕਟੇਅਰ ਰਹਿ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਖੇਤੀਬਾੜੀ ਵਿਭਾਗ ਨੇ ਇਸ ਸਾਲ ਨਰਮੇ ਦੀ ਬਿਜਾਈ ਲਈ 1.25 ਲੱਖ ਹੈਕਟੇਅਰ ਦਾ ਟੀਚਾ ਰੱਖਿਆ ਸੀ, ਪਰ ਅਸਲ ਬਿਜਾਈ ਇਸ ਟੀਚੇ ਤੋਂ ਕਰੀਬ 47 ਹਜ਼ਾਰ ਹੈਕਟੇਅਰ ਘੱਟ ਰਹੀ ਹੈ। ਇਹ ਦਰਸਾਉਂਦਾ ਹੈ ਕਿ ਕਿਸਾਨਾਂ ਦਾ ਨਰਮੇ ਪ੍ਰਤੀ ਰੁਝਾਨ ਲਗਾਤਾਰ ਘਟਦਾ ਜਾ ਰਿਹਾ ਹੈ। ਕੁਝ ਸਾਲ ਪਹਿਲਾਂ ਤਕ ਪੰਜਾਬ ਦੇ ਅੱਠ ਜ਼ਿਲ੍ਹਿਆਂ ਵਿੱਚ ਨਰਮੇ ਦੀ ਵੱਡੇ ਪੱਧਰ ’ਤੇ ਬਿਜਾਈ ਹੁੰਦੀ ਸੀ, ਪਰ ਇਸ ਸਾਲ ਦੀ ਸਥਿਤੀ ਦੇਖੀ ਜਾਵੇ ਤਾਂ ਨਰਮਾ ਮੁੱਖ ਤੌਰ ’ਤੇ ਸਿਰਫ਼ ਤਿੰਨ ਜ਼ਿਲ੍ਹਿਆਂ ਬਠਿੰਡਾ, ਮਾਨਸਾ ਅਤੇ ਫਾਜ਼ਿਲਕਾ ਤਕ ਸੀਮਤ ਹੋ ਗਿਆ ਹੈ। ਸੂਬੇ ਵਿੱਚ ਹੋਈ ਕੁੱਲ 78 ਹਜ਼ਾਰ ਹੈਕਟੇਅਰ ਬਿਜਾਈ ਵਿੱਚੋਂ ਲਗਭਗ 70 ਹਜ਼ਾਰ ਹੈਕਟੇਅਰ ਰਕਬਾ ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਵਿੱਚ ਹੀ ਹੈ, ਜਦੋਂ ਕਿ ਬਾਕੀ ਪੰਜ ਜ਼ਿਲ੍ਹਿਆਂ ਵਿੱਚ ਕੇਵਲ 8,090 ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਹੋਈ ਹੈ। ਇਹ ਅੰਕੜੇ ਸਪੱਸ਼ਟ ਕਰਦੇ ਹਨ ਕਿ ਨਰਮਾ ਪੱਟੀ ਤੇਜੀ ਨਾਲ ਝੋਨਾ ਪੱਟੀ ਵਿਚ ਤਬਦੀਲ ਹੋ ਰਹੀ ਹੈ। ਝੋਨੇ ਹੇਠ ਵਧਦਾ ਰਕਬਾ ਪੰਜਾਬ ਦੇ ਭੂਜਲ ਸਰੋਤਾਂ ਲਈ ਵੀ ਚਿੰਤਾ ਦਾ ਕਾਰਨ ਹੈ। ਪਾਣੀ ਦੀ ਵੱਧ ਖਪਤ ਕਰਨ ਵਾਲੀ ਇਸ ਫਸਲ ਕਾਰਨ ਪਹਿਲਾਂ ਹੀ ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ। ਅਜਿਹੇ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਬਣ ਗਿਆ ਹੈ। ਬਾਕਸ ਕਿਸਾਨਾਂ ਵੱਲੋਂ ਝੋਨੇ ਵੱਲ ਵਧਦੇ ਰੁਝਾਨ ਦਾ ਇਕ ਵੱਡਾ ਕਾਰਨ ਸਰਕਾਰੀ ਖਰੀਦ ਦੀ ਗਾਰੰਟੀ ਮੰਨੀ ਜਾ ਰਹੀ ਹੈ। ਨਰਮੇ ਵਿੱਚ ਗੁਲਾਬੀ ਸੁੰਡੀ ਸਮੇਤ ਹੋਰ ਕੀੜਿਆਂ ਦੇ ਹਮਲੇ, ਵਧਦਾ ਖਰਚਾ ਅਤੇ ਉਤਪਾਦਨ ਵਿੱਚ ਅਨਿਸ਼ਚਿਤਤਾ ਕਾਰਨ ਕਿਸਾਨ ਜੋਖਮ ਲੈਣ ਤੋਂ ਗੁਰੇਜ਼ ਕਰ ਰਹੇ ਹਨ। ਇਸ ਦੇ ਉਲਟ ਝੋਨੇ ਦੀ ਫਸਲ ਲਈ ਘੱਟੋ-ਘੱਟ ਸਮਰਥਨ ਮੁੱਲ ’ਤੇ ਸਰਕਾਰੀ ਖਰੀਦ ਯਕੀਨੀ ਹੋਣ ਕਾਰਨ ਕਿਸਾਨ ਇਸ ਨੂੰ ਸੁਰੱਖਿਅਤ ਵਿਕਲਪ ਮੰਨ ਰਹੇ ਹਨ। ਇਸ ਸਾਲ ਰਕਬਾ ਘਟਣ ਦੇ ਭਾਵੇਂ ਕੁਝ ਇਹ ਕਾਰਨ ਮੰਨੇ ਜਾ ਰਹੇ ਹਨ ਪਰ ਪਿਛਲੇ ਸਾਲ ਸੀਸੀਆਈ ਨੇ ਮੰਡੀਆਂ ਵਿਚ ਨਹੀਂ ਆਈਸੀ, ਜਿਸ ਕਾਰਨ ਕਿਸਾਨਾਂ ਨੂੰ ਨਰਮੇ ਦਾ ਬਣਦਾ ਭਾਅ ਨਹੀਂ ਮਿਲਿਆ। ਬਾਕਸ ਸੇਵਾ ਮੁਕਤ ਖੇਤੀਬਾੜੀ ਅਫ਼ਸਰ ਡਾ. ਬੀਐਸ ਬਰਾੜ ਦਾ ਮੰਨਣਾ ਹੈ ਕਿ ਜੇਕਰ ਨਰਮੇ, ਮੱਕੀ, ਦਾਲਾਂ ਅਤੇ ਤੇਲ ਬੀਜਾਂ ਵਰਗੀਆਂ ਬਦਲਵੀਂ ਫਸਲਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਭਾਵਸ਼ਾਲੀ ਨੀਤੀ ਨਾ ਬਣਾਈ ਗਈ ਤਾਂ ਪੰਜਾਬ ਦੀ ਖੇਤੀ ਇਕ ਵਾਰ ਫਿਰ ਇਕੋ ਫਸਲ ’ਤੇ ਨਿਰਭਰ ਹੋ ਜਾਵੇਗੀ। ਨਰਮਾ ਪੱਟੀ ਦਾ ਝੋਨਾ ਪੱਟੀ ਵਿੱਚ ਬਦਲਣਾ ਸਿਰਫ਼ ਫਸਲੀ ਤਬਦੀਲੀ ਨਹੀਂ, ਸਗੋਂ ਪੰਜਾਬ ਦੀ ਖੇਤੀ ਦੇ ਭਵਿੱਖ ਨਾਲ ਜੁੜਿਆ ਇਕ ਗੰਭੀਰ ਮੁੱਦਾ ਹੈ, ਜਿਸ ਦੇ ਆਰਥਿਕ, ਵਾਤਾਵਰਣਕ ਅਤੇ ਮੰਡੀਕਰਨ ਨਾਲ ਸਬੰਧਤ ਪ੍ਰਭਾਵ ਆਉਣ ਵਾਲੇ ਸਾਲਾਂ ਵਿੱਚ ਹੋਰ ਸਪੱਸ਼ਟ ਹੋ ਜਾਣਗੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜੇਕਰ ਝੋਨੇ ਵਾਲੇ ਪਾਸਿਓ ਨਾ ਮੁੜੇ ਤਾਂ ਫ਼ਿਰ ਝੋਨੇ ਦੀ ਖਰੀਦ ਪ੍ਰਭਾਵਿਤ ਹੋਵੇਗੀ, ਜਿਸ ਤੋਂ ਬਾਅਦ ਵੀ ਕਿਸਾਨਾਂ ਨੂੰ ਹੋਰ ਫਸਲਾਂ ਦੀ ਬਿਜਾਈ ਕਰਨੀ ਪਵੇਗੀ।