- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਇਦਾਦ ਦੇ ਵਿਵਾਦ ਤੋਂ ਕਥਿਤ ਤੌਰ 'ਤੇ ਮਾਨਸਿਕ ਤਣਾਅ ਵਿਚ ਆਏ 22 ਸਾਲਾ ਪ੍ਰਾਪਰਟੀ ਡੀਲਰ ਨੌਜਵਾਨ ਵੱਲੋਂ ਸਲਫ਼ਾਸ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ: ਜਾਇਦਾਦ ਦੇ ਵਿਵਾਦ ਤੋਂ ਕਥਿਤ ਤੌਰ 'ਤੇ ਮਾਨਸਿਕ ਤਣਾਅ ਵਿਚ ਆਏ 22 ਸਾਲਾ ਪ੍ਰਾਪਰਟੀ ਡੀਲਰ ਨੌਜਵਾਨ ਵੱਲੋਂ ਸਲਫ਼ਾਸ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਥਾਣਾ ਥਰਮਲ ਪੁਲਿਸ ਨੇ ਮ੍ਰਿਤਕ ਦੀ ਮਾਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਇੱਕ ਵਿਅਕਤੀ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਮ੍ਰਿਤਕ ਦੀ ਪਛਾਣ ਸ਼ੁਗਨ ਬਾਂਸਲ (22) ਪੁੱਤਰ ਆਸ਼ੂ ਬਾਂਸਲ, ਵਾਸੀ ਬੱਲਾ ਰਾਮ ਨਗਰ ਵਜੋਂ ਹੋਈ ਹੈ। ਪਰਿਵਾਰ ਪਹਿਲਾਂ ਅਫ਼ੀਮ ਵਾਲੀ ਗਲੀ ਇਲਾਕੇ ਵਿੱਚ ਰਹਿੰਦਾ ਸੀ। ਸ਼ਗਨ ਬਾਂਸਲ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਸੀ। ਮ੍ਰਿਤਕ ਦੀ ਮਾਤਾ ਮੀਨਾਕਸ਼ੀ ਬਾਂਸਲ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਹੈ ਕਿ ਭਾਗੂ ਰੋਡ ਵਾਸੀ ਰੁਸਤਮ ਦੱਤਾ ਨਾਲ ਉਸ ਦੇ ਪੁੱਤਰ ਦਾ ਇਕ ਜਾਇਦਾਦ ਦੀ ਖਰੀਦ-ਫ਼ਰੋਖ਼ਤ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ।
ਉਨ੍ਹਾਂ ਦਾ ਦੋਸ਼ ਹੈ ਕਿ ਇਸ ਵਿਵਾਦ ਦੇ ਚਲਦਿਆਂ ਰੁਸਤਮ ਦੱਤ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਪੁੱਤਰ ਨੂੰ ਫੋਨ ਕਾਲਾਂ ਅਤੇ ਸੁਨੇਹਿਆਂ ਰਾਹੀਂ ਲਗਾਤਾਰ ਧਮਕੀਆਂ ਦੇ ਰਿਹਾ ਸੀ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਇਸ ਘਟਨਾਕ੍ਰਮ ਕਾਰਨ ਸ਼ੁਗਨ ਬਾਂਸਲ ਮਾਨਸਿਕ ਤੌਰ 'ਤੇ ਕਾਫ਼ੀ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ। ਇਸੇ ਪਰੇਸ਼ਾਨੀ ਦੇ ਚਲਦਿਆਂ ਉਸ ਨੇ ਬੀਤੇ ਬੁੱਧਵਾਰ ਆਪਣੇ ਘਰ ਵਿਚ ਸਲਫ਼ਾਸ ਨਿਗਲ ਲਈ। ਹਾਲਤ ਵਿਗੜਨ 'ਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਥਾਣਾ ਥਰਮਲ ਦੇ ਐੱਸਐੱਚਓ ਹਰਜੋਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਰੁਸਤਮ ਦੱਤਾ ਵਾਸੀ ਭਾਗੂ ਰੋਡ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਸਮੇਤ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਐੱਸਐੱਚਓ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪੂਰੇ ਘਟਨਾਕ੍ਰਮ ਦੀ ਅਸਲ ਸਥਿਤੀ ਸਪੱਸ਼ਟ ਹੋ ਸਕੇਗੀ।