
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ਸਥਿਤ ਸਿਵਲ ਏਅਰਪੋਰਟ ਤੋਂ ਦਿੱਲੀ ਲਈ ਚੱਲ ਰਹੀ ਹਵਾਈ ਸੇਵਾ ’ਤੇ ਮੁੜ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਅਲਾਇੰਸ ਏਅਰ ਨੂੰ ਰੀਜਨਲ ਕਨੈਕਟੀਵਿਟੀ ਸਕੀਮ (ਆਰਸੀਐਸ) ਤਹਿਤ ਉਡਾਣਾਂ ਜਾਰੀ ਰੱਖਣ ਲਈ 28 ਅਕਤੂਬਰ 2026 ਤੋਂ ਬਾਅਦ ਮਨਜ਼ੂਰੀ ਨਾ ਮਿਲੀ ਤਾਂ ਹਵਾਈ ਸੇਵਾ ਬੰਦ ਹੋਣ ਦਾ ਖ਼ਦਸ਼ਾ ਹੈ। ਇਸ ਨਾਲ ਮਾਲਵਾ ਖਿੱਤੇ ਦੇ ਨਾਲ-ਨਾਲ ਗੁਆਂਢੀ ਸੂਬਿਆਂ ਹਰਿਆਣਾ ਤੇ ਰਾਜਸਥਾਨ ਦੇ ਹਵਾਈ ਮੁਸਾਫਰ ਵੀ ਪ੍ਰਭਾਵਿਤ ਹੋ ਸਕਦੇ ਹਨ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ਸਥਿਤ ਸਿਵਲ ਏਅਰਪੋਰਟ ਤੋਂ ਦਿੱਲੀ ਲਈ ਚੱਲ ਰਹੀ ਹਵਾਈ ਸੇਵਾ ’ਤੇ ਮੁੜ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਅਲਾਇੰਸ ਏਅਰ ਨੂੰ ਰੀਜਨਲ ਕਨੈਕਟੀਵਿਟੀ ਸਕੀਮ (ਆਰਸੀਐਸ) ਤਹਿਤ ਉਡਾਣਾਂ ਜਾਰੀ ਰੱਖਣ ਲਈ 28 ਅਕਤੂਬਰ 2026 ਤੋਂ ਬਾਅਦ ਮਨਜ਼ੂਰੀ ਨਾ ਮਿਲੀ ਤਾਂ ਹਵਾਈ ਸੇਵਾ ਬੰਦ ਹੋਣ ਦਾ ਖ਼ਦਸ਼ਾ ਹੈ। ਇਸ ਨਾਲ ਮਾਲਵਾ ਖਿੱਤੇ ਦੇ ਨਾਲ-ਨਾਲ ਗੁਆਂਢੀ ਸੂਬਿਆਂ ਹਰਿਆਣਾ ਤੇ ਰਾਜਸਥਾਨ ਦੇ ਹਵਾਈ ਮੁਸਾਫਰ ਵੀ ਪ੍ਰਭਾਵਿਤ ਹੋ ਸਕਦੇ ਹਨ।
ਦਿੱਲੀ ਜਾਣ ਵਾਲੇ ਮੁਸਾਫਰਾਂ ਵਿੱਚ ਬਠਿੰਡਾ ਰਿਫਾਇਨਰੀ, ਏਮਜ਼ ਬਠਿੰਡਾ, ਏਅਰ ਫੋਰਸ ਸਟੇਸ਼ਨ ਭਿਸੀਆਣਾ, ਸੈਂਟਰਲ ਯੂਨੀਵਰਸਿਟੀ ਘੁੱਦਾ, ਆਦੇਸ਼ ਮੈਡੀਕਲ ਕਾਲਜ, ਐਨਐਫਐਲ ਅਤੇ ਵੱਡੀਆਂ ਫੌਜੀ ਸੰਸਥਾਵਾਂ ਨਾਲ ਜੁੜੇ ਅਧਿਕਾਰੀ ਤੇ ਮੁਲਾਜ਼ਮ ਸ਼ਾਮਲ ਹਨ। ਇਸ ਤੋਂ ਇਲਾਵਾ ਵਪਾਰਕ ਅਤੇ ਨਿੱਜੀ ਕੰਮਾਂ ਲਈ ਦਿੱਲੀ ਜਾਣ ਵਾਲੇ ਲੋਕ ਵੀ ਇਸ ਸੇਵਾ ’ਤੇ ਨਿਰਭਰ ਹਨ। ਇਸ ਵੇਲੇ ਅਲਾਇੰਸ ਏਅਰ ਦੀਆਂ ਹਫ਼ਤੇ ਵਿੱਚ ਪੰਜ ਉਡਾਣਾਂ ਦਿੱਲੀ ਲਈ ਚੱਲ ਰਹੀਆਂ ਹਨ। ਇਹ ਸੇਵਾ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਛੱਡ ਕੇ ਬਾਕੀ ਦਿਨ ਉਪਲਬਧ ਹੈ।
28 ਅਕਤੂਬਰ ਨੂੰ ਖ਼ਤਮ ਹੋ ਰਹੀ ਮਨਜ਼ੂਰੀ
ਅਲਾਇੰਸ ਏਅਰ ਦੇ ਮੈਨੇਜਰ ਲਕਸ਼ਮਣ ਭਾਰਦਵਾਜ ਨੇ ਦੱਸਿਆ ਕਿ ਕੰਪਨੀ ਆਰਸੀਐਸ ਤਹਿਤ ਸੇਵਾ ਦੇ ਰਹੀ ਹੈ ਅਤੇ ਇਸ ਤਹਿਤ ਕੇਂਦਰ ਸਰਕਾਰ ਤੋਂ ਵਿੱਤੀ ਸਹਾਇਤਾ ਵੀ ਮਿਲਦੀ ਹੈ। ਮੌਜੂਦਾ ਮਨਜ਼ੂਰੀ 28 ਅਕਤੂਬਰ ਨੂੰ ਖ਼ਤਮ ਹੋ ਰਹੀ ਹੈ। ਜੇਕਰ ਇਸ ਤੋਂ ਬਾਅਦ ਨਵੀਂ ਮਨਜ਼ੂਰੀ ਨਾ ਮਿਲੀ ਤਾਂ ਕੰਪਨੀ ਲਈ ਸੇਵਾ ਜਾਰੀ ਰੱਖਣਾ ਮੁਸ਼ਕਲ ਹੋਵੇਗਾ।
ਹਵਾਈ ਅੱਡੇ ਦੇ ਡਾਇਰੈਕਟਰ ਕੌਂਸਲ ਕੰਬੋਜ ਨੇ ਕਿਹਾ ਕਿ ਮਾਮਲਾ ਕੇਂਦਰੀ ਹਵਾਬਾਜ਼ੀ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਡਾਣਾਂ ਬੰਦ ਨਹੀਂ ਹੋਣਗੀਆਂ ਅਤੇ ਹੋਰ ਸੇਵਾਵਾਂ ਸ਼ੁਰੂ ਕਰਨ ਲਈ ਵੀ ਵਿਭਾਗ ਨੂੰ ਲਿਖਿਆ ਗਿਆ ਹੈ। ਵੱਖ-ਵੱਖ ਏਅਰਲਾਈਨਾਂ ਨਾਲ ਸੰਪਰਕ ਕੀਤਾ ਗਿਆ ਹੈ, ਪਰ ਹਾਲੇ ਕਿਸੇ ਹੋਰ ਕੰਪਨੀ ਨੇ ਬਠਿੰਡਾ ਤੋਂ ਸੇਵਾ ਸ਼ੁਰੂ ਕਰਨ ਵਿੱਚ ਰੁਚੀ ਨਹੀਂ ਦਿਖਾਈ। ਉਨ੍ਹਾਂ ਅਲਾਇੰਸ ਏਅਰ ਦਾ ਨਵਾਂ ਸ਼ਡਿਊਲ ਮਿਲਣ ਦੀ ਉਮੀਦ ਜਤਾਈ।
ਰੋਜ਼ਾਨਾ ਦਿੱਲੀ ਤੇ ਜੰਮੂ ਉਡਾਣ ਦੀ ਮੰਗ
ਸਿਵਲ ਏਅਰਪੋਰਟ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਡਾ. ਗੁਰਚਰਨ ਸਿੰਘ ਨੇ ਕਿਹਾ ਕਿ 28 ਅਕਤੂਬਰ ਤੋਂ ਬਾਅਦ ਜੇਕਰ ਆਰਸੀਐਸ ਤਹਿਤ ਮਨਜ਼ੂਰੀ ਨਾ ਮਿਲੀ ਤਾਂ ਹਵਾਈ ਸੇਵਾ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਘੱਟੋ-ਘੱਟ ਰੋਜ਼ਾਨਾ ਇੱਕ ਉਡਾਣ ਦਿੱਲੀ ਲਈ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਪਹਿਲਾਂ ਵਾਂਗ ਜੰਮੂ ਲਈ ਵੀ ਉਡਾਣ ਸ਼ੁਰੂ ਕੀਤੀ ਜਾਵੇ, ਤਾਂ ਜੋ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਸਹੂਲਤ ਮਿਲ ਸਕੇ।
2023 ਵਿੱਚ ਮੁੜ ਸ਼ੁਰੂ ਹੋਈ ਸੀ ਸੇਵਾ
ਵਿਰਕ ਕਲਾਂ ਏਅਰਪੋਰਟ ਦੇ ਰਨਵੇਅ ਦਾ ਭੂਮੀ ਪੂਜਨ 6 ਜੂਨ 2011 ਨੂੰ ਹੋਇਆ ਸੀ। 11 ਦਸੰਬਰ 2016 ਨੂੰ ਬਠਿੰਡਾ ਤੋਂ ਦਿੱਲੀ ਲਈ ਪਹਿਲੀ ਏਅਰ ਇੰਡੀਆ ਉਡਾਣ ਸ਼ੁਰੂ ਹੋਈ। ਕੋਰੋਨਾ ਕਾਰਨ ਸੇਵਾ ਬੰਦ ਰਹਿਣ ਤੋਂ ਬਾਅਦ 7 ਅਕਤੂਬਰ 2023 ਨੂੰ ਮੁੜ ਉਡਾਣਾਂ ਸ਼ੁਰੂ ਹੋਈਆਂ ਸਨ। ਹੁਣ 28 ਅਕਤੂਬਰ ਤੋਂ ਬਾਅਦ ਇਸ ਸੇਵਾ ਨੂੰ ਜਾਰੀ ਰੱਖਣ ਲਈ ਕੇਂਦਰ ਦੀ ਮਨਜ਼ੂਰੀ ਦੀ ਉਡੀਕ ਹੈ।