
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੁਲਿਸ ਅਤੇ ਐਨਡੀਆਰਐਫ ਦੀ ਮਦਦ ਨਾਲ ਉਸ ਨੂੰ ਝੀਲ ਵਿਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ ਦੀ ਝੀਲ ਨੰਬਰ-2 ਵਿਚ ਛਾਲ ਮਾਰ ਕੇ 63 ਸਾਲਾ ਸਾਬਕਾ ਫੌਜੀ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਰਾਮਪੁਰਾ ਫੂਲ ਵਾਸੀ ਬਲਵੀਰ ਸਿੰਘ ਪੁੱਤਰ ਕਾਕਾ ਸਿੰਘ ਵਜੋਂ ਹੋਈ ਹੈ। ਮੌਤ ਤੋਂ ਪਹਿਲਾਂ ਬਣਾਈ ਗਈ ਇਕ ਵੀਡੀਓ ਅਤੇ ਕਥਿਤ ਸੁਸਾਈਡ ਨੋਟ ਵਿਚ ਬਲਵੀਰ ਸਿੰਘ ਨੇ ਸਾਬਕਾ ਜੇਲ੍ਹ ਸੁਪਰਡੈਂਟ ਸਮੇਤ ਉਸ ਦੇ ਕੁਝ ਰਿਸ਼ਤੇਦਾਰਾਂ ’ਤੇ ਮਾਨਸਿਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਅਤੇ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਲਾਏ ਹਨ।
ਜਾਣਕਾਰੀ ਅਨੁਸਾਰ ਬਲਵੀਰ ਸਿੰਘ ਸਾਬਕਾ ਫੌਜੀ ਸੀ ਅਤੇ ਗੋਬਿੰਦਪੁਰਾ ਕੇਂਦਰੀ ਜੇਲ੍ਹ ਵਿਚ ਠੇਕੇ ’ਤੇ ਕੰਮ ਵੀ ਕਰਦਾ ਸੀ। ਬੁੱਧਵਾਰ ਦੁਪਹਿਰ ਉਹ ਥਰਮਲ ਦੀ ਝੀਲ ਨੇੜੇ ਪਹੁੰਚਿਆ ਅਤੇ ਝੀਲ ਵਿਚ ਛਾਲ ਮਾਰ ਦਿੱਤੀ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਅਤੇ ਸਮਾਜਸੇਵੀ ਸੰਸਥਾਵਾਂ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। ਪੁਲਿਸ ਅਤੇ ਐਨਡੀਆਰਐਫ ਦੀ ਮਦਦ ਨਾਲ ਉਸ ਨੂੰ ਝੀਲ ਵਿਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮੌਤ ਤੋਂ ਪਹਿਲਾਂ ਬਣਾਈ ਵੀਡੀਓ ਵਿੱਚ ਬਲਵੀਰ ਸਿੰਘ ਨੇ ਦੋਸ਼ ਲਾਇਆ ਕਿ ਸਾਬਕਾ ਜੇਲ੍ਹ ਸੁਪਰਡੈਂਟ ਵੱਲੋਂ ਉਸ ਨੂੰ ਲੰਬੇ ਸਮੇਂ ਤੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ। ਉਸ ਨੇ ਦਾਅਵਾ ਕੀਤਾ ਕਿ ਉਸ ਦੇ ਬੱਚਿਆਂ ਨੂੰ ਵੀ ਉਸ ਦੇ ਖ਼ਿਲਾਫ਼ ਕਰ ਦਿੱਤਾ ਗਿਆ। ਵੀਡੀਓ ਵਿਚ ਉਸ ਨੇ ਆਪਣੇ ਬੱਚਿਆਂ ਨੂੰ ਬੇਦਖਲ ਕਰਨ ਦੀ ਗੱਲ ਵੀ ਕਹੀ। ਇਸ ਤੋਂ ਇਲਾਵਾ ਉਸ ਨੇ ਆਪਣੀ ਨੂੰਹ ’ਤੇ ਵੀ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ। ਬਲਵੀਰ ਸਿੰਘ ਨੇ ਆਪਣੇ ਬੱਚਿਆਂ ਨੂੰ ਆਪਣੀ ਦੇਹ ਤੋਂ ਦੂਰ ਰੱਖਣ ਦੀ ਗੱਲ ਵੀ ਕਹੀ ਅਤੇ ਕੁਲਵਿੰਦਰ ਕੌਰ ਨੂੰ ਤੰਗ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਕੁਲਵਿੰਦਰ ਕੌਰ ਨੇ ਦੱਸਿਆ ਕਿ ਬਲਵੀਰ ਸਿੰਘ ਉਸ ਦਾ ਭਾਜੀ ਸੀ ਅਤੇ ਉਹ ਲੰਬੇ ਸਮੇਂ ਤੋਂ ਉਸ ਦੇ ਨਾਲ ਰਹਿੰਦੀ ਸੀ।
ਡੀਐਸਪੀ ਅਰੁਣ ਮੁੰਡਨ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮ੍ਰਿਤਕ ਕੋਲੋਂ ਮਿਲੇ ਕਥਿਤ ਸੁਸਾਈਡ ਨੋਟ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਵੀਡੀਓ ਵਿਚ ਜਿਨ੍ਹਾਂ ਵਿਅਕਤੀਆਂ ਦੇ ਨਾਮ ਲਏ ਗਏ ਹਨ, ਉਨ੍ਹਾਂ ਖ਼ਿਲਾਫ਼ ਜਾਂਚ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਵੀਡੀਓ, ਕਥਿਤ ਸੁਸਾਈਡ ਨੋਟ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਲਗਾਏ ਗਏ ਦੋਸ਼ਾਂ ਦੀ ਪੁਸ਼ਟੀ ਹੋ ਸਕੇਗੀ।