- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਿੰਡ ਪਿਥੋ ਦੇ ਕਿਸਾਨ ਗੁਰਜੀਤ ਸਿੰਘ ਤੇ ਨਾਇਬ ਸਿੰਘ, ਗਿੱਲ ਕਲਾਂ ਦੇ ਜਗਸੀਰ ਸਿੰਘ ਤੇ ਜਸਵਿੰਦਰ ਸਿੰਘ ਅਤੇ ਕਰਾੜਵਾਲਾ ਦੇ ਸੁਖਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਕਈ ਖੇਤਾਂ ਵਿੱਚ ਸੁੰਡੀ ਦਾ ਹਮਲਾ ਵਿਆਪਕ ਦਿਖਾਈ ਦੇ ਰਿਹਾ ਹੈ। ਕਿਸਾਨਾਂ ਨੂੰ ਖ਼ਦਸ਼ਾ ਹੈ ਕਿ ਇਸ ਨਾਲ ਫ਼ਸਲ ਦੇ ਵਿਕਾਸ ਅਤੇ ਝਾੜ ’ਤੇ ਅਸਰ ਪੈ ਸਕਦਾ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ: ਨਰਮੇ ਦੀ ਫ਼ਸਲ ’ਤੇ ਚਿੱਟੀ ਮੱਖੀ ਦੇ ਹਮਲੇ ਤੋਂ ਬਾਅਦ ਹੁਣ ਸਾਉਣੀ ਦੀ ਮੁੱਖ ਫ਼ਸਲ ਝੋਨੇ ’ਤੇ ਪੱਤਾ ਲਪੇਟ ਸੁੰਡੀ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ। ਮਾਲਵਾ ਖੇਤਰ ਦੇ ਕਈ ਪਿੰਡਾਂ ਵਿੱਚ ਕਿਸਾਨਾਂ ਨੇ ਫ਼ਸਲ ਨੂੰ ਇਸ ਕੀੜੇ ਤੋਂ ਬਚਾਉਣ ਲਈ ਕੀਟਨਾਸ਼ਕਾਂ ਦਾ ਛਿੜਕਾਅ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸੁੰਡੀ ਪੱਤੇ ਨੂੰ ਲਪੇਟ ਕੇ ਅੰਦਰੋਂ ਹਰਾ ਹਿੱਸਾ ਖਾ ਜਾਂਦੀ ਹੈ, ਜਿਸ ਕਾਰਨ ਪੱਤਿਆਂ ’ਤੇ ਚਿੱਟੇ ਨਿਸ਼ਾਨ ਪੈਣ ਲੱਗਦੇ ਹਨ ਅਤੇ ਉਹ ਸੁੱਕਣ ਲੱਗਦੇ ਹਨ।
ਪਿੰਡ ਪਿਥੋ ਦੇ ਕਿਸਾਨ ਗੁਰਜੀਤ ਸਿੰਘ ਤੇ ਨਾਇਬ ਸਿੰਘ, ਗਿੱਲ ਕਲਾਂ ਦੇ ਜਗਸੀਰ ਸਿੰਘ ਤੇ ਜਸਵਿੰਦਰ ਸਿੰਘ ਅਤੇ ਕਰਾੜਵਾਲਾ ਦੇ ਸੁਖਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਕਈ ਖੇਤਾਂ ਵਿੱਚ ਸੁੰਡੀ ਦਾ ਹਮਲਾ ਵਿਆਪਕ ਦਿਖਾਈ ਦੇ ਰਿਹਾ ਹੈ। ਕਿਸਾਨਾਂ ਨੂੰ ਖ਼ਦਸ਼ਾ ਹੈ ਕਿ ਇਸ ਨਾਲ ਫ਼ਸਲ ਦੇ ਵਿਕਾਸ ਅਤੇ ਝਾੜ ’ਤੇ ਅਸਰ ਪੈ ਸਕਦਾ ਹੈ।
ਪੱਤਿਆਂ ਦਾ ਹਰਾ ਮਾਦਾ ਹੁੰਦਾ ਹੈ ਪ੍ਰਭਾਵਿਤ
ਕਿਸਾਨਾਂ ਅਨੁਸਾਰ ਸੁੰਡੀ ਪੱਤਿਆਂ ਵਿੱਚ ਮੌਜੂਦ ਕਲੋਰੋਫਿਲ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਿਸ ਨਾਲ ਪੌਦੇ ਵੱਲੋਂ ਸੂਰਜ ਦੀ ਰੌਸ਼ਨੀ ਦੀ ਮਦਦ ਨਾਲ ਭੋਜਨ ਤਿਆਰ ਕਰਨ ਦੀ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ। ਹਮਲਾ ਜ਼ਿਆਦਾ ਹੋਣ ’ਤੇ ਥੋੜ੍ਹੇ ਸਮੇਂ ਵਿੱਚ ਹੀ ਪੱਤੇ ਚਿੱਟੇ ਦਿਖਾਈ ਦੇਣ ਲੱਗਦੇ ਹਨ।
ਮਾਹਿਰਾਂ ਨੇ ਬੇਲੋੜੀ ਦਵਾਈ ਤੋਂ ਕੀਤਾ ਸੁਚੇਤ
ਖੇਤੀ ਵਿਕਾਸ ਅਫ਼ਸਰ ਡਾ. ਬਲਜਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਪੱਤਾ ਲਪੇਟ ਸੁੰਡੀ ਤੋਂ ਘਬਰਾਉਣ ਦੀ ਲੋੜ ਨਹੀਂ। ਹਲਕੀ ਬਾਰਿਸ਼ ਨਾਲ ਵੀ ਕਈ ਵਾਰ ਇਹ ਸੁੰਡੀ ਕੁਦਰਤੀ ਤੌਰ ’ਤੇ ਮਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਹਮਲਾ ਦਿਖਾਈ ਦੇ ਰਿਹਾ ਹੈ, ਉੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਕੀਟਨਾਸ਼ਕ ਦਵਾਈਆਂ ਦੀ ਹੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਪ੍ਰਾਈਵੇਟ ਕੰਪਨੀਆਂ ਦੇ ਏਜੰਟਾਂ ਦੀ ਸਲਾਹ ’ਤੇ ਬੇਲੋੜੇ ਕੀਟਨਾਸ਼ਕਾਂ ਦਾ ਛਿੜਕਾਅ ਨਾ ਕਰਨ ਅਤੇ ਫ਼ਸਲ ਦੀ ਲਗਾਤਾਰ ਨਿਗਰਾਨੀ ਕਰਨ ਦੀ ਅਪੀਲ ਕੀਤੀ।