- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬੇ ਦੇ ਕਈ ਹਿੱਸਿਆਂ ਵਿੱਚ ਆਮ ਨਾਲੋਂ ਘੱਟ ਮੀਂਹ ਪਿਆ ਹੈ, ਜਿਸ ਕਾਰਨ ਮੌਸਮ ਖੁਸ਼ਕ ਬਣਿਆ ਹੋਇਆ ਹੈ। ਮਾਹਿਰਾਂ ਅਨੁਸਾਰ ਇਹ ਮੌਸਮ ਚਿੱਟੀ ਮੱਖੀ ਅਤੇ ਭੂਰੀ ਜੂੰਅ ਦੇ ਵਾਧੇ ਲਈ ਅਨੁਕੂਲ ਹੈ। ਭਾਵੇਂ ਇਸ ਸਮੇਂ ਚਿੱਟੀ ਮੱਖੀ ਦਾ ਹਮਲਾ ਕਾਬੂ ਹੇਠ ਹੈ, ਪਰ ਖੁਸ਼ਕੀ ਜਾਰੀ ਰਹਿਣ 'ਤੇ ਇਸ ਦਾ ਪ੍ਰਕੋਪ ਵਧ ਸਕਦਾ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ: ਪੰਜਾਬ ਵਿੱਚ ਇਸ ਵਾਰ ਮੀਂਹ ਨਾ ਪੈਣ ਕਾਰਨ ਨਰਮੇ ਦੀ ਫ਼ਸਲ ਸ਼ੁਰੂ ਤੋਂ ਹੀ ਖ਼ਤਰੇ ਵਿੱਚ ਰਹੀ ਹੈ। ਪਹਿਲਾਂ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਹਮਲੇ ਨੇ ਕਿਸਾਨਾਂ ਦੀ ਚਿੰਤਾ ਵਧਾਈ ਅਤੇ ਹੁਣ ਨਰਮੇ ਦੀ ਫ਼ਸਲ 'ਤੇ ਭੂਰੀ ਜੂੰਅ ਦਾ ਹਮਲਾ ਵੀ ਦੇਖਣ ਨੂੰ ਮਿਲ ਰਿਹਾ ਹੈ। ਖੇਤੀ ਮਾਹਿਰਾਂ ਨੇ ਆਉਣ ਵਾਲੇ 15 ਦਿਨਾਂ ਨੂੰ ਨਰਮੇ ਦੀ ਫ਼ਸਲ ਲਈ ਬੇਹੱਦ ਅਹਿਮ ਦੱਸਦਿਆਂ ਕਿਸਾਨਾਂ ਨੂੰ ਖੇਤਾਂ ਦੀ ਲਗਾਤਾਰ ਨਿਗਰਾਨੀ ਕਰਨ ਅਤੇ ਕਿਸੇ ਵੀ ਕੀੜੇ ਦੇ ਹਮਲੇ ਨੂੰ ਹਲਕੇ ਵਿੱਚ ਨਾ ਲੈਣ ਦੀ ਸਲਾਹ ਦਿੱਤੀ ਹੈ।
ਸੂਬੇ ਦੇ ਕਈ ਹਿੱਸਿਆਂ ਵਿੱਚ ਆਮ ਨਾਲੋਂ ਘੱਟ ਮੀਂਹ ਪਿਆ ਹੈ, ਜਿਸ ਕਾਰਨ ਮੌਸਮ ਖੁਸ਼ਕ ਬਣਿਆ ਹੋਇਆ ਹੈ। ਮਾਹਿਰਾਂ ਅਨੁਸਾਰ ਇਹ ਮੌਸਮ ਚਿੱਟੀ ਮੱਖੀ ਅਤੇ ਭੂਰੀ ਜੂੰਅ ਦੇ ਵਾਧੇ ਲਈ ਅਨੁਕੂਲ ਹੈ। ਭਾਵੇਂ ਇਸ ਸਮੇਂ ਚਿੱਟੀ ਮੱਖੀ ਦਾ ਹਮਲਾ ਕਾਬੂ ਹੇਠ ਹੈ, ਪਰ ਖੁਸ਼ਕੀ ਜਾਰੀ ਰਹਿਣ 'ਤੇ ਇਸ ਦਾ ਪ੍ਰਕੋਪ ਵਧ ਸਕਦਾ ਹੈ। ਭੂਰੀ ਜੂੰਅ ਦਾ ਹਮਲਾ ਵੀ ਆਉਣ ਵਾਲੇ ਦਿਨਾਂ ਵਿੱਚ ਤੇਜ਼ੀ ਨਾਲ ਵਧਣ ਦਾ ਖ਼ਦਸ਼ਾ ਹੈ। ਜੇਕਰ ਇਸ ਸਮੇਂ ਦੌਰਾਨ ਕੀੜਿਆਂ ਦਾ ਹਮਲਾ ਵਧਦਾ ਹੈ ਤਾਂ ਇਸ ਦਾ ਸਿੱਧਾ ਅਸਰ ਫ਼ਸਲ ਦੇ ਵਾਧੇ ਅਤੇ ਪੈਦਾਵਾਰ 'ਤੇ ਪੈ ਸਕਦਾ ਹੈ।
ਪੱਤਿਆਂ ਦਾ ਰਸ ਚੂਸ ਕੇ ਕਰਦੀ ਹੈ ਨੁਕਸਾਨ
ਭੂਰੀ ਜੂੰਅ ਨਰਮੇ ਦੇ ਪੱਤਿਆਂ ਦੇ ਹੇਠਲੇ ਹਿੱਸੇ 'ਤੇ ਹਮਲਾ ਕਰਕੇ ਰਸ ਚੂਸਦੀ ਹੈ। ਇਸ ਕਾਰਨ ਪੱਤੇ ਅੰਦਰ ਵੱਲ ਮੁੜ ਜਾਂਦੇ ਹਨ ਅਤੇ ਪੌਦੇ ਦਾ ਵਿਕਾਸ ਪ੍ਰਭਾਵਿਤ ਹੁੰਦਾ ਹੈ। ਸਮੇਂ ਸਿਰ ਰੋਕਥਾਮ ਨਾ ਹੋਣ 'ਤੇ ਝਾੜ ਵੀ ਘਟ ਸਕਦਾ ਹੈ। ਦੂਜੇ ਪਾਸੇ ਚਿੱਟੀ ਮੱਖੀ ਪੱਤਿਆਂ 'ਤੇ ਚਿਪਚਿਪਾ ਪਦਾਰਥ ਛੱਡਦੀ ਹੈ, ਜਿਸ ਨਾਲ ਕਾਲੀ ਉੱਲੀ ਦਾ ਪ੍ਰਕੋਪ ਵਧ ਸਕਦਾ ਹੈ। ਮਾਹਿਰਾਂ ਨੇ ਕਿਸਾਨਾਂ ਨੂੰ ਹਫ਼ਤੇ ਵਿੱਚ ਘੱਟੋ-ਘੱਟ ਦੋ ਵਾਰ ਖੇਤਾਂ ਦਾ ਨਿਰੀਖਣ ਕਰਨ ਦੀ ਸਲਾਹ ਦਿੱਤੀ ਹੈ।
ਸਿਫ਼ਾਰਸ਼ੀ ਦਵਾਈ ਹੀ ਵਰਤਣ ਦੀ ਸਲਾਹ
ਕਿਸਾਨ ਸਰੂਪ ਸਿੰਘ ਰਾਮਾਂ ਨੇ ਕਿਹਾ ਕਿ ਮੀਂਹ ਦੀ ਕਮੀ ਕਾਰਨ ਨਰਮੇ ਦੀ ਫ਼ਸਲ ਪਹਿਲਾਂ ਹੀ ਪ੍ਰਭਾਵਿਤ ਹੈ। ਅਜਿਹੇ ਹਾਲਾਤ ਵਿੱਚ ਕੀੜਿਆਂ ਦਾ ਹਮਲਾ ਵਧਣ ਨਾਲ ਨੁਕਸਾਨ ਹੋਰ ਵੱਧ ਸਕਦਾ ਹੈ। ਏਡੀਓ ਡਾ. ਬਲਜਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਕੀੜਿਆਂ ਦੀ ਪੁਸ਼ਟੀ ਤੋਂ ਬਾਅਦ ਹੀ ਸਿਫ਼ਾਰਸ਼ੀ ਕੀਟਨਾਸ਼ਕਾਂ ਦੀ ਵਰਤੋਂ ਕਰਨ। ਬਿਨਾਂ ਲੋੜ ਦਵਾਈਆਂ ਦੀ ਵਰਤੋਂ ਨਾਲ ਲਾਭਦਾਇਕ ਕੀੜਿਆਂ ਨੂੰ ਨੁਕਸਾਨ ਅਤੇ ਕੀੜਿਆਂ ਵਿੱਚ ਰੋਧਕ ਸਮਰੱਥਾ ਪੈਦਾ ਹੋ ਸਕਦੀ ਹੈ।
ਮੀਂਹ ਨਾਲ ਕਾਬੂ ਹੇਠ ਆਇਆ ਭੂਰੀ ਜੂੰਅ ਦਾ ਹਮਲਾ
ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਕਿਹਾ ਕਿ ਦੋ ਦਿਨ ਪਹਿਲਾਂ ਪਏ ਮੀਂਹ ਨਾਲ ਭੂਰੀ ਜੂੰਅ ਦਾ ਹਮਲਾ ਕਾਫ਼ੀ ਹੱਦ ਤੱਕ ਕਾਬੂ ਹੇਠ ਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਗੇ ਵੀ ਚੰਗਾ ਮੀਂਹ ਪੈਂਦਾ ਹੈ ਤਾਂ ਇਹ ਨਰਮੇ ਦੀ ਫ਼ਸਲ ਲਈ ਲਾਹੇਵੰਦ ਹੋਵੇਗਾ। ਫ਼ਿਲਹਾਲ ਨਰਮੇ ਦੀ ਫ਼ਸਲ ਦੀ ਸਥਿਤੀ ਠੀਕ ਹੈ।