ਬਟਾਲਾ ਨੇੜਲੇ ਪਿੰਡ ’ਚ ਦਹਿਸ਼ਤ: ਫਿਰੌਤੀ ਨਾ ਦੇਣ ’ਤੇ ਚੱਲੀਆਂ ਤਾਬੜਤੋੜ ਗੋਲੀਆਂ, ਇਲਾਕੇ ’ਚ ਸਨਸਨੀ
ਬਟਾਲਾ ਦੇ ਨਜ਼ਦੀਕੀ ਪਿੰਡ ਹਰਦੋ ਝੰਡੇ ’ਚ ਫਿਰੌਤੀ ਦੀ ਕਥਿਤ ਮੰਗ ਨੂੰ ਲੈ ਕੇ ਦੇਰ ਰਾਤ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਦੋ ਅਣਪਛਾਤੇ ਵਿਅਕਤੀਆਂ ਨੇ ਘਰ ਦੇ ਮੁੱਖ ਗੇਟ ’ਤੇ ਕਰੀਬ ਪੰਜ ਰਾਊਂਡ ਫਾਇਰ ਕੀਤੇ ਅਤੇ ਇਸ ਦੀ ਵੀਡੀਓ ਬਣਾ ਕੇ ਪਰਿਵਾਰ ਦੇ ਬੇਟੇ ਨੂੰ ਭੇਜ ਦਿੱਤੀ।
Publish Date: Fri, 26 Jun 2026 10:47 AM (IST)
Updated Date: Fri, 26 Jun 2026 10:53 AM (IST)
ਸ਼ਾਮ ਤਿਵਾੜੀ/ਰਾਜਨ ਤਰੇਹਨ, ਪੰਜਾਬੀ ਜਾਗਰਣ, ਬਟਾਲਾ। ਬਟਾਲਾ ਦੇ ਨਜ਼ਦੀਕੀ ਪਿੰਡ ਹਰਦੋ ਝੰਡੇ ’ਚ ਫਿਰੌਤੀ ਦੀ ਕਥਿਤ ਮੰਗ ਨੂੰ ਲੈ ਕੇ ਦੇਰ ਰਾਤ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਦੋ ਅਣਪਛਾਤੇ ਵਿਅਕਤੀਆਂ ਨੇ ਘਰ ਦੇ ਮੁੱਖ ਗੇਟ ’ਤੇ ਕਰੀਬ ਪੰਜ ਰਾਊਂਡ ਫਾਇਰ ਕੀਤੇ ਅਤੇ ਇਸ ਦੀ ਵੀਡੀਓ ਬਣਾ ਕੇ ਪਰਿਵਾਰ ਦੇ ਬੇਟੇ ਨੂੰ ਭੇਜ ਦਿੱਤੀ।
ਪੀੜਤ ਪਰਿਵਾਰ ਦੇ ਮੁਖੀ ਲਖਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਦੱਸਿਆ ਕਿ ਵੀਡੀਓ ਦੇ ਨਾਲ ਕਥਿਤ ਤੌਰ ’ਤੇ ਧਮਕੀ ਦਿੱਤੀ ਗਈ ਕਿ ਜੇ ਪੈਸੇ ਨਾ ਦਿੱਤੇ ਗਏ ਤਾਂ ਉਸ ਦੇ ਪਿਤਾ ਨੂੰ ਵੀ ਜਾਨੋਂ ਮਾਰ ਦਿੱਤਾ ਜਾਵੇਗਾ।
ਧਮਕੀ ਵਿੱਚ ਇਹ ਵੀ ਕਿਹਾ ਗਿਆ ਕਿ ਜਦੋਂ ਉਹ ਘਰ ’ਤੇ ਗੋਲੀਆਂ ਚਲਾ ਸਕਦੇ ਹਨ ਤਾਂ ਉਹ ਪਰਿਵਾਰ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ।
ਘਟਨਾ ਤੋਂ ਬਾਅਦ ਪਰਿਵਾਰ ਵੱਲੋਂ ਤੁਰੰਤ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ ਗਿਆ, ਜਿਸ ਉਪਰੰਤ ਸਰਪੰਚ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਸਦਰ ਬਟਾਲਾ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਐੱਸ.ਐੱਚ.ਓ. ਸਦਰ ਬਿਕਰਮ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਪਿੰਡ ਹਰਦੋ ਝੰਡੇ ’ਚ ਲਖਬੀਰ ਸਿੰਘ ਦੇ ਘਰ ’ਤੇ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਹਰ ਪੱਖੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਉੱਧਰ ਲਖਬੀਰ ਸਿੰਘ ਨੇ ਬਟਾਲਾ ਪੁਲਿਸ ਕੋਲ ਆਪਣੇ ਅਤੇ ਆਪਣੇ ਪਰਿਵਾਰ ਦੇ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਧਮਕੀ ਤੋਂ ਬਾਅਦ ਪਰਿਵਾਰ ਡਰ ਅਤੇ ਸਹਿਮ ਦੇ ਮਾਹੌਲ ਵਿੱਚ ਹੈ।