- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਤੀ ਦੇਰ ਰਾਤ ਬਟਾਲਾ ਦੇ ਨਜ਼ਦੀਕੀ ਪਿੰਡ ਅਲੋਵਾਲ ਵਿਖੇ ਤੇਜ਼ ਬਾਰਿਸ਼ ਅਤੇ ਹਨੇਰੀ ਕਾਰਨ ਇੱਕ ਮਕਾਨ ਦਾ ਲੈਂਟਰ ਅਚਾਨਕ ਡਿੱਗ ਪਿਆ। ਗਨੀਮਤ ਇਹ ਰਹੀ ਕਿ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਪਰਿਵਾਰ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ।

ਸ਼ਾਮ ਤਿਵਾੜੀ / ਰਾਜਨ ਤ੍ਰੇਹਨ, ਪੰਜਾਬੀ ਜਾਗਰਣ, ਬਟਾਲਾ - ਬੀਤੀ ਦੇਰ ਰਾਤ ਬਟਾਲਾ ਦੇ ਨਜ਼ਦੀਕੀ ਪਿੰਡ ਅਲੋਵਾਲ ਵਿਖੇ ਤੇਜ਼ ਬਾਰਿਸ਼ ਅਤੇ ਹਨੇਰੀ ਕਾਰਨ ਇੱਕ ਮਕਾਨ ਦਾ ਲੈਂਟਰ ਅਚਾਨਕ ਡਿੱਗ ਪਿਆ। ਗਨੀਮਤ ਇਹ ਰਹੀ ਕਿ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਪਰਿਵਾਰ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ।
.jpg)
ਜਾਣਕਾਰੀ ਦਿੰਦਿਆਂ ਹਰਜਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਅਲੋਵਾਲ ਨੇ ਦੱਸਿਆ ਕਿ ਉਹ ਆਪਣੀ ਕਰੀਬ 90 ਸਾਲਾ ਮਾਤਾ ਜੋਗਿੰਦਰ ਕੌਰ ਨਾਲ ਘਰ ਵਿੱਚ ਮੌਜੂਦ ਸਨ। ਦੇਰ ਰਾਤ ਅਚਾਨਕ ਕਮਰੇ ਦੇ ਲੈਂਟਰ ਵਿਚੋਂ ਛੋਟੇ-ਛੋਟੇ ਟੁਕੜੇ ਡਿੱਗਣ ਲੱਗ ਪਏ। ਜਿਵੇਂ ਹੀ ਉਨ੍ਹਾਂ ਨੇ ਤੜ-ਤੜ ਦੀ ਆਵਾਜ਼ ਸੁਣੀ ਤਾਂ ਤੁਰੰਤ ਆਪਣੀ ਮਾਤਾ ਨੂੰ ਕਮਰੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਲੈਂਟਰ ਦਾ ਵੱਡਾ ਹਿੱਸਾ ਡਿੱਗ ਪਿਆ। ਹਾਦਸੇ ਵਿੱਚ ਜੋਗਿੰਦਰ ਕੌਰ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀ ਮੌਕੇ 'ਤੇ ਇਕੱਠੇ ਹੋ ਗਏ। ਇਸ ਮੌਕੇ ਵਾਰਡ ਦੇ ਮੌਜੂਦਾ ਕੌਂਸਲਰ ਦੇ ਪਰਿਵਾਰਕ ਮੈਂਬਰਾਂ ਸਮੇਤ ਬਲਵਿੰਦਰ ਸਿੰਘ ਚੱਠਾ, ਹਰਮਨ ਗਿੱਲ ਅਤੇ ਜੈ ਸਿੰਘ ਵੀ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪੀੜਤ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ, ਕਿਉਂਕਿ ਪਰਿਵਾਰ ਦੀ ਆਮਦਨ ਦਾ ਕੋਈ ਪੱਕਾ ਸਾਧਨ ਨਹੀਂ ਹੈ ਅਤੇ ਉਹ ਬੇਵਸੀ ਦੀ ਹਾਲਤ ਵਿੱਚ ਜੀਵਨ ਬਤੀਤ ਕਰ ਰਹੇ ਹਨ।
ਇਸੇ ਮਕਾਨ ਨਾਲ ਸਾਂਝੇ ਲੈਂਟਰ ਵਾਲੇ ਘਰ ਵਿੱਚ ਰਹਿ ਰਹੀ ਜਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦਾ ਲੈਂਟਰ ਵੀ ਅੱਧੇ ਤੋਂ ਵੱਧ ਹਿੱਸੇ ਤੱਕ ਨੁਕਸਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ ਅਤੇ ਘਰ ਦੀ ਮੁਰੰਮਤ ਕਰਵਾਉਣਾ ਉਨ੍ਹਾਂ ਦੀ ਸਮਰੱਥਾ ਤੋਂ ਬਾਹਰ ਹੈ। ਉਨ੍ਹਾਂ ਨੇ ਵੀ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ।
ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਵੇਂ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਮੁਆਵਜ਼ਾ ਅਤੇ ਰਹਿਣ ਲਈ ਸੁਰੱਖਿਅਤ ਪ੍ਰਬੰਧ ਮੁਹੱਈਆ ਕਰਵਾਏ ਜਾਣ ਤਾਂ ਜੋ ਉਹ ਆਪਣਾ ਜੀਵਨ ਮੁੜ ਪਟੜੀ 'ਤੇ ਲਿਆ ਸਕਣ।
.jpg)