- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਦੀਆਂ ਨਗਰ ਕੌਂਸਲ ਦੀ ਚੋਣ ਨੂੰ ਲੈ ਕੇ ਚੱਲ ਰਹੀ ਸਿਆਸੀ ਖਿੱਚੋਤਾਣ ਦਰਮਿਆਨ ਮਾਹੌਲ ਉਸ ਵੇਲੇ ਬੇਹੱਦ ਤਣਾਅਪੂਰਨ ਹੋ ਗਿਆ ਜਦੋਂ ਅਣਪਛਾਤੇ ਲੋਕਾਂ ਵੱਲੋਂ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਸਮਰਥਕਾਂ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਕਿ ਇਸ ਹੰਗਾਮੇ ਦੌਰਾਨ ਬਾਜਵਾ ਸਮਰਥਕਾਂ ਦੀਆਂ ਪੱਗਾਂ ਵੀ ਉਤਰ ਗਈਆਂ, ਜਿਸ ਕਾਰਨ ਇਲਾਕੇ ਵਿੱਚ ਸਿਆਸੀ ਗਰਮਾ-ਗਰਮੀ ਹੋਰ ਵਧ ਗਈ ਹੈ।

ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ: ਕਾਦੀਆਂ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਦੌਰਾਨ ਵੀਰਵਾਰ ਨੂੰ ਹੱਥੋਪਾਈ ਅਤੇ ਧੱਕਾ-ਮੁੱਕੀ ਹੋ ਗਈ। ਘਟਨਾ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਇਕ-ਦੂਜੇ 'ਤੇ ਗੰਭੀਰ ਦੋਸ਼ ਲਗਾਏ, ਜਦਕਿ ਮੌਕੇ 'ਤੇ ਪੁਲਿਸ ਨੂੰ ਦਖ਼ਲ ਦੇ ਕੇ ਸਥਿਤੀ ਕਾਬੂ ਕਰਨੀ ਪਈ।
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸੱਤ ਸਮਰਥਕ ਕੌਂਸਲਰਾਂ ਨੂੰ ਦੋ ਦਿਨਾਂ ਤੋਂ ਆਪਣੇ ਕੋਲ ਰੱਖਿਆ ਹੋਇਆ ਸੀ, ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ 'ਆਪ' ਸਰਕਾਰ ਕੌਂਸਲਰਾਂ ਨੂੰ ਡਰਾ ਸਕਦੀ ਹੈ ਜਾਂ ਝੂਠੇ ਕੇਸਾਂ ਵਿੱਚ ਗ੍ਰਿਫ਼ਤਾਰ ਕਰਵਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਹਾਈ ਕੋਰਟ ਨੇ ਚੋਣ ਪ੍ਰਕਿਰਿਆ ਲਈ ਆਬਜ਼ਰਵਰ ਨਿਯੁਕਤ ਕੀਤਾ ਸੀ, ਕੇਸਾਂ ਵਿੱਚ ਨਾਮਜ਼ਦ ਕੌਂਸਲਰਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਸੀ ਅਤੇ ਪੂਰੀ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਦੇ ਹੁਕਮ ਵੀ ਜਾਰੀ ਕੀਤੇ ਸਨ।
ਬਾਜਵਾ ਦਾ ਦੋਸ਼ ਹੈ ਕਿ ਜਿਵੇਂ ਹੀ ਉਹ ਸਮਰਥਕ ਕੌਂਸਲਰਾਂ ਨਾਲ ਨਗਰ ਕੌਂਸਲ ਪਹੁੰਚੇ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੌਂਸਲਰ ਜੋਗਿੰਦਰ ਕੁਮਾਰ ਨੰਦੂ ਨੂੰ ਚੁੱਕ ਕੇ ਲਿਜਾਇਆ ਗਿਆ ਅਤੇ ਚੋਣ ਲਈ ਕੋਰਮ ਪੂਰਾ ਕਰਨ ਵਾਸਤੇ ਦਸਤਖ਼ਤ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਸਲਾਹਪੁਰ ਪਿੰਡ ਦੇ ਇੱਕ ਝਗੜੇ ਦੇ ਮਾਮਲੇ ਵਿੱਚ ਤਿੰਨ ਕੌਂਸਲਰਾਂ ਖ਼ਿਲਾਫ਼ ਕੇਸ ਦਰਜ ਹਨ, ਜਿਨ੍ਹਾਂ ਦੀ ਸੈਸ਼ਨ ਅਦਾਲਤ ਤੋਂ ਜ਼ਮਾਨਤ ਹੋ ਚੁੱਕੀ ਹੈ। ਬਾਜਵਾ ਨੇ ਕਿਹਾ ਕਿ ਉਹ ਐੱਸਐੱਸਪੀ ਬਟਾਲਾ, ਡੀਸੀ ਗੁਰਦਾਸਪੁਰ ਅਤੇ ਹੋਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਅਦਾਲਤ ਦਾ ਰੁਖ ਕਰਨਗੇ।
ਉੱਧਰ, 'ਆਪ' ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਜਿਨ੍ਹਾਂ ਕੌਂਸਲਰਾਂ ਨਾਲ ਬਾਜਵਾ ਆਏ ਸਨ, ਉਨ੍ਹਾਂ ਖ਼ਿਲਾਫ਼ ਪਹਿਲਾਂ ਹੀ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਪੁਲਿਸ ਨੂੰ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਹਿਣ ਗਏ ਤਾਂ ਬਾਜਵਾ ਸਮਰਥਕਾਂ ਨੇ ਹੱਥੋਪਾਈ ਸ਼ੁਰੂ ਕਰ ਦਿੱਤੀ। ਮਾਹਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਪਹਿਲਾਂ ਕਿਸੇ ਨਾਲ ਮਾਰਪੀਟ ਨਹੀਂ ਕੀਤੀ ਗਈ, ਸਗੋਂ ਸਵੈ-ਰੱਖਿਆ ਵਿੱਚ ਹੀ ਕਾਰਵਾਈ ਕੀਤੀ ਗਈ।
ਹਾਈ ਕੋਰਟ ਦੇ ਹੁਕਮਾਂ ਨਾਲ ਹੋਈ ਚੋਣ
ਬਾਜਵਾ ਅਨੁਸਾਰ ਹਾਈ ਕੋਰਟ ਨੇ ਚੋਣ ਪ੍ਰਕਿਰਿਆ ਦੀ ਨਿਗਰਾਨੀ ਲਈ ਆਬਜ਼ਰਵਰ ਨਿਯੁਕਤ ਕੀਤਾ ਸੀ। ਅਦਾਲਤ ਨੇ ਕੇਸਾਂ ਵਿੱਚ ਨਾਮਜ਼ਦ ਕੌਂਸਲਰਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦੇਣ ਦੇ ਨਾਲ-ਨਾਲ ਪੂਰੀ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਵਾਉਣ ਦੇ ਹੁਕਮ ਵੀ ਜਾਰੀ ਕੀਤੇ ਸਨ।
ਜ਼ਿਕਰਯੋਗ ਹੈ ਕਿ ਕਾਦੀਆਂ ਨਗਰ ਕੌਂਸਲ ਦੇ ਪ੍ਰਧਾਨ ਦੇ ਅਹੁਦੇ ਲਈ ਚੋਣ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਕਾਂਗਰਸ ਦੇ ਸੀਨੀਅਰ ਆਗੂ ਹਵਾਈ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦਾਅਵਾ ਕੀਤਾ ਹੈ ਕਿ ਅੱਜ ਹੋਣ ਵਾਲੀ ਨਗਰ ਕੌਂਸਲ ਵਿੱਚ ਉਨ੍ਹਾਂ ਦੇ ਸਮਰਥਨ ਵਿੱਚ ਅੱਠ ਕੌਂਸਲਰ ਹਨ ਅਤੇ ਕਾਂਗਰਸ ਬਹੁਮਤ ਦੇ ਆਧਾਰ ’ਤੇ ਹੀ ਆਪਣਾ ਪ੍ਰਧਾਨ ਬਣਾਏਗੀ। ਬਾਜਵਾ ਨੇ ਕਿਹਾ ਕਿ ਉਹ ਹਾਈ ਕੋਰਟ ਦੇ ਨਿਯੁਕਤ ਅਬਜ਼ਰਵਰ ਦੀ ਮੌਜੂਦਗੀ 'ਚ ਆਪਣੇ 8 ਸਮਰਥਕ ਕੌਂਸਲਰਾਂ ਸਮੇਤ ਨਗਰ ਕੌਂਸਲ ਦਫਤਰ ਪਹੁੰਚਣਗੇ। ਉਨ੍ਹਾਂ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਕਿਸੇ ਦਾ ਨਾਂ ਲਏ ਬਿਨਾਂ ਅਕਾਲੀ ਦਲ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਇੱਕ ਆਗੂ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਪੁਲਿਸ ਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਕਾਂਗਰਸ ਪੱਖੀ ਕੌਂਸਲਰਾਂ ’ਤੇ ਦਬਾਅ ਪਾਇਆ ਜਾ ਰਿਹਾ ਹੈ। ਅੱਜ ਜਲਦੀ ਹੀ ਨਗਰ ਕੌਂਸਲ ਪ੍ਰਧਾਨ ਦੇ ਅਹੁਦੇ ਲਈ ਵੋਟਾਂ ਪੈਣੀਆਂ ਹਨ। ਕਾਦੀਆਂ ਨਗਰ ਕੌਂਸਲ ਵਿੱਚ ਕੁੱਲ 15 ਵਾਰਡ ਹਨ। ਮੌਜੂਦਾ ਸਥਿਤੀ ਅਨੁਸਾਰ ਕਾਂਗਰਸ ਦੇ 4, ਭਾਜਪਾ ਦੇ 5, ਆਮ ਆਦਮੀ ਪਾਰਟੀ ਦੇ 2, ਸ਼੍ਰੋਮਣੀ ਅਕਾਲੀ ਦਲ ਦੇ 2 ਅਤੇ 2 ਆਜ਼ਾਦ ਕੌਂਸਲਰ ਹਨ।
ਪ੍ਰਤਾਪ ਬਾਜਵਾ ਦਾ ਦਾਅਵਾ ਹੈ ਕਿ ਕਾਂਗਰਸ ਦੀਆਂ 4 ਵੋਟਾਂ, ਅਕਾਲੀ ਦਲ ਦੀਆਂ 2, ਆਜ਼ਾਦ ਉਮੀਦਵਾਰਾਂ ਦੀਆਂ 2 ਅਤੇ ਵਿਧਾਇਕ ਵਜੋਂ ਇਕ ਵੋਟ ਨਾਲ ਉਨ੍ਹਾਂ ਦੇ ਹੱਕ ਵਿਚ ਬਹੁਮਤ ਹੈ ਅਤੇ ਸਿਰਫ਼ ਕਾਂਗਰਸੀ ਉਮੀਦਵਾਰ ਨੂੰ ਹੀ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਜਾਵੇਗਾ। ਇਸ ਦੇ ਨਾਲ ਹੀ ਸਭ ਦੀਆਂ ਨਜ਼ਰਾਂ ਚੋਣ ਨਤੀਜਿਆਂ 'ਤੇ ਟਿਕੀਆਂ ਹੋਈਆਂ ਹਨ।