- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਟਾਲਾ ਵਿੱਚ ਹਾਲ ਹੀ ਵਿੱਚ ਕਰਾਊਨ ਕਾਰ ਵਾਸ਼, ਇੱਕ ਕੱਪੜਾ ਵਪਾਰੀ, ਵਾਲੀਆ ਚਿਕਨ ਅਤੇ ਰਾਈਫਲ ਰੈਸਟੋਰੈਂਟ ਨਾਲ ਜੁੜੇ ਫਾਇਰਿੰਗ ਮਾਮਲੇ ਵਿੱਚ ਬਟਾਲਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਪੁਲਿਸ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਸੀ।

ਸ਼ਾਮ ਤਿਵਾੜੀ , ਪੰਜਾਬੀ ਜਾਗਰਣ, ਬਟਾਲਾ : ਬਟਾਲਾ ਵਿੱਚ ਹਾਲ ਹੀ ਵਿੱਚ ਕਰਾਊਨ ਕਾਰ ਵਾਸ਼, ਇੱਕ ਕੱਪੜਾ ਵਪਾਰੀ, ਵਾਲੀਆ ਚਿਕਨ ਅਤੇ ਰਾਈਫਲ ਰੈਸਟੋਰੈਂਟ ਨਾਲ ਜੁੜੇ ਫਾਇਰਿੰਗ ਮਾਮਲੇ ਵਿੱਚ ਬਟਾਲਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਪੁਲਿਸ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਸੀ।
ਐਸਐਸਪੀ ਬਟਾਲਾ ਨੇ ਦੱਸਿਆ ਕਿ ਵਾਰਦਾਤ ਤੋਂ ਤੁਰੰਤ ਬਾਅਦ ਵਿਸ਼ੇਸ਼ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ। ਤਕਨੀਕੀ ਸਬੂਤਾਂ, ਸੀਸੀਟੀਵੀ ਫੁਟੇਜ ਅਤੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਪਹਿਲਾਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਤੋਂ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ 'ਤੇ ਤਿੰਨ ਹੋਰ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ ਗਿਆ।
ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਰਵੀ ਕੁਮਾਰ, ਸ਼ੁਭਮ (ਨਵਾਂਗਾਓਂ, ਜ਼ਿਲ੍ਹਾ ਮੋਹਾਲੀ), ਖਜਨ ਸਿੰਘ ਅਤੇ ਬਲਦੇਵ ਸਿੰਘ (ਮਲਕੀਤ ਸਿੰਘ) ਸ਼ਾਮਲ ਹਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਰਵੀ ਨੇ ਵੱਖ-ਵੱਖ ਅਪਰਾਧਿਕ ਵਾਰਦਾਤਾਂ ਵਿੱਚ ਵਰਤੇ ਗਏ ਦੋ ਨਾਜਾਇਜ਼ ਹਥਿਆਰ ਧਾਰੀਵਾਲ ਨੇੜੇ ਥਿੰਦ ਨਹਿਰ ਦੇ ਕਿਨਾਰੇ ਲੁਕਾ ਕੇ ਰੱਖੇ ਹੋਏ ਸਨ।
ਐਸਐਸਪੀ ਨੇ ਦੱਸਿਆ ਕਿ ਹਥਿਆਰਾਂ ਦੀ ਬਰਾਮਦਗੀ ਲਈ ਜਦੋਂ ਰਵੀ ਨੂੰ ਮੌਕੇ 'ਤੇ ਲਿਜਾਇਆ ਗਿਆ ਤਾਂ ਉਸ ਨੇ ਕਥਿਤ ਤੌਰ 'ਤੇ ਪੁਲਿਸ ਪਾਰਟੀ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਆਪਣੀ ਸੁਰੱਖਿਆ ਲਈ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਬਟਾਲਾ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ।
ਇਸ ਮੌਕੇ ਐਸਪੀ (ਪੀਬੀਆਈ) ਰਮਨਿੰਦਰ ਸਿੰਘ, ਡੀਐਸਪੀ ਸਿਟੀ ਸੁਖਇੰਦਰ ਸਿੰਘ, ਐਸਐਚਓ ਸਿਟੀ ਗੁਰਇਕਬਾਲ ਸਿੰਘ, ਸੀਆਈਏ ਸਟਾਫ਼ ਦੇ ਇੰਚਾਰਜ ਸੁਖਰਾਜ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।
ਐਸਐਸਪੀ ਨੇ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਨੂੰ ਵੀ ਹਥਿਆਰਾਂ ਦੀ ਬਰਾਮਦਗੀ ਲਈ ਘੁਮਾਣ ਇਲਾਕੇ ਵਿੱਚ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਵੱਲੋਂ ਵੀ ਕਥਿਤ ਤੌਰ 'ਤੇ ਪੁਲਿਸ 'ਤੇ ਫਾਇਰਿੰਗ ਕੀਤੀ ਗਈ ਸੀ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਸਥਿਤੀ 'ਤੇ ਕਾਬੂ ਪਾਇਆ ਅਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ।
ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਥਿਤ ਤੌਰ 'ਤੇ ਆਂਡਾ ਗੈਂਗ ਨਾਲ ਸਬੰਧ ਹਨ ਅਤੇ ਉਹ ਨਾਜਾਇਜ਼ ਹਥਿਆਰਾਂ ਅਤੇ ਗੋਲੀਆਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਨਾਲ ਜੁੜੇ ਹੋਏ ਸਨ। ਪੁਲਿਸ ਹੁਣ ਇਸ ਪੂਰੇ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਹਥਿਆਰ ਕਿੱਥੋਂ ਲਿਆਂਦੇ ਜਾਂਦੇ ਸਨ ਅਤੇ ਕਿਨ੍ਹਾਂ ਨੂੰ ਪਹੁੰਚਾਏ ਜਾਂਦੇ ਸਨ।
ਐਸਐਸਪੀ ਬਟਾਲਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਕਾਇਮ ਰੱਖਣ ਲਈ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਗਿਰੋਹਾਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਤੁਰੰਤ ਪੁਲਿਸ ਨਾਲ ਸਾਂਝੀ ਕਰਨ।