ਬਟਾਲਾ 'ਚ ਅੱਧੀ ਰਾਤ ਨੂੰ ਗੁੰਡਾਗਰਦੀ: ਪਿੰਡ ਬੱਲ ਦੇ ਇੱਕ ਘਰ 'ਤੇ ਤਾਬੜਤੋੜ ਫਾਇਰਿੰਗ, ਵਾਲ-ਵਾਲ ਬਚੀਆਂ ਜਾਨਾਂ ਬਟਾਲਾ ਦੇ ਨੇੜਲੇ ਪਿੰਡ ਬੱਲ 'ਚ ਮੰਗਲਵਾਰ ਦੇਰ ਰਾਤ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਪਿੰਡ ਦੇ ਬਾਹਰੀ ਇਲਾਕੇ 'ਚ ਸਥਿਤ ਇੱਕ ਡੇਰੇ 'ਤੇ ਬਣੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਾਬੜਤੋੜ ਫਾਇਰਿੰਗ ਕਰ ਦਿੱਤੀ। ਹਮਲਾਵਰਾਂ ਨੇ ਕਰੀਬ ਸੱਤ ਰਾਊਂਡ ਗੋਲੀਆਂ ਚਲਾਈਆਂ। ਖ਼ੁਸ਼ਕਿਸਮਤੀ ਰਹੀ ਕਿ ਘਟਨਾ ਵੇਲੇ ਘਰ 'ਚ ਮੌਜੂਦ ਕਿਸੇ ਵੀ ਵਿਅਕਤੀ ਨੂੰ ਗੋਲੀ ਨਹੀਂ ਲੱਗੀ। ਫਾਇਰਿੰਗ ਕਾਰਨ ਘਰ ਦਾ ਮੁੱਖ ਗੇਟ ਨੁਕਸਾਨਿਆ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ।
Publish Date: Thu, 09 Jul 2026 11:05 AM (IST)
Updated Date: Thu, 09 Jul 2026 11:36 AM (IST)
ਸ਼ਾਮ ਤਿਵਾਰੀ, ਪੰਜਾਬੀ ਜਾਗਰਣ, ਬਟਾਲਾ - ਬਟਾਲਾ ਦੇ ਨੇੜਲੇ ਪਿੰਡ ਬੱਲ 'ਚ ਮੰਗਲਵਾਰ ਦੇਰ ਰਾਤ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਪਿੰਡ ਦੇ ਬਾਹਰੀ ਇਲਾਕੇ 'ਚ ਸਥਿਤ ਇੱਕ ਡੇਰੇ 'ਤੇ ਬਣੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਾਬੜਤੋੜ ਫਾਇਰਿੰਗ ਕਰ ਦਿੱਤੀ। ਹਮਲਾਵਰਾਂ ਨੇ ਕਰੀਬ ਸੱਤ ਰਾਊਂਡ ਗੋਲੀਆਂ ਚਲਾਈਆਂ। ਖ਼ੁਸ਼ਕਿਸਮਤੀ ਰਹੀ ਕਿ ਘਟਨਾ ਵੇਲੇ ਘਰ 'ਚ ਮੌਜੂਦ ਕਿਸੇ ਵੀ ਵਿਅਕਤੀ ਨੂੰ ਗੋਲੀ ਨਹੀਂ ਲੱਗੀ। ਫਾਇਰਿੰਗ ਕਾਰਨ ਘਰ ਦਾ ਮੁੱਖ ਗੇਟ ਨੁਕਸਾਨਿਆ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਛੇ ਖੋਲ ਵੀ ਬਰਾਮਦ ਕੀਤੇ ਹਨ। ਪੀੜਤ ਕਵਲਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਹੁਣ ਤੱਕ ਕਿਸੇ ਵੀ ਤਰ੍ਹਾਂ ਦੀ ਫਿਰੌਤੀ ਜਾਂ ਧਮਕੀ ਭਰੀ ਕਾਲ ਨਹੀਂ ਆਈ ਹੈ। ਉਸ ਨੇ ਦੱਸਿਆ ਕਿ ਇੱਕ ਵਿਅਕਤੀ, ਜਿਸ ਖ਼ਿਲਾਫ਼ ਪਹਿਲਾਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ, ਉਹ ਉਸ ਦਾ ਨਾਮ ਬਿਨਾਂ ਵਜ੍ਹਾ ਵਿਵਾਦਾਂ 'ਚ ਘਸੀਟਦਾ ਰਹਿੰਦਾ ਹੈ। ਉਸ ਨੂੰ ਖ਼ਦਸ਼ਾ ਹੈ ਕਿ ਉਸੇ ਵਿਅਕਤੀ ਨੇ ਇਹ ਹਮਲਾ ਕਰਵਾਇਆ ਹੋ ਸਕਦਾ ਹੈ। ਕਵਲਜੀਤ ਨੇ ਦੱਸਿਆ ਕਿ ਫਾਇਰਿੰਗ ਦੇ ਕੁਝ ਹੀ ਮਿੰਟਾਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਸੀ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਥਾਣਾ ਸਦਰ ਦੇ ਇੰਚਾਰਜ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਤੁਰੰਤ ਘਟਨਾ ਸਥਾਨ 'ਤੇ ਪਹੁੰਚ ਗਈ ਸੀ। ਜਾਂਚ ਦੌਰਾਨ ਘਰ ਦੇ ਗੇਟ 'ਤੇ ਕਰੀਬ ਸੱਤ ਗੋਲੀਆਂ ਦੇ ਨਿਸ਼ਾਨ ਮਿਲੇ ਹਨ ਅਤੇ ਛੇ ਖੋਲ ਬਰਾਮਦ ਕੀਤੇ ਗਏ ਹਨ। ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਜਾਂਚ 'ਚ ਫਿਰੌਤੀ ਜਾਂ ਧਮਕੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।