- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਸਥਾ ਨੇ ਇਹ ਵੀ ਅਪੀਲ ਕੀਤੀ ਕਿ ਮਹਾਨ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਅਤੇ ਉਨ੍ਹਾਂ ਦੇ ਗੌਰਵਮਈ ਇਤਿਹਾਸ ਨੂੰ ਦੇਸ਼ ਭਰ ਦੇ ਸਕੂਲੀ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਵੇ, ਤਾਂ ਜੋ ਨਵੀਂ ਪੀੜ੍ਹੀ ਉਨ੍ਹਾਂ ਦੇ ਜੀਵਨ, ਨਿਆਂ, ਧਾਰਮਿਕ ਸਹਿਣਸ਼ੀਲਤਾ ਅਤੇ ਲੋਕ-ਭਲਾਈ 'ਤੇ ਆਧਾਰਿਤ ਸ਼ਾਸਨ ਤੋਂ ਜਾਣੂ ਹੋ ਸਕੇ।

ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਵਿਰਾਸਤਾਂ ਦੀ ਸੰਭਾਲ ਅਤੇ ਸੁਰੱਖਿਆ ਲਈ ਕੰਮ ਕਰ ਰਹੀ ਨਾਮਵਰ ਸੰਸਥਾ ਵਿਰਾਸਤੀ ਮੰਚ ਬਟਾਲਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੇਸ਼ ਭਰ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ ਇਤਿਹਾਸਕ ਯਾਦਗਾਰਾਂ ਅਤੇ ਵਿਰਾਸਤੀ ਸਥਾਨਾਂ ਦੀ ਸੰਭਾਲ ਲਈ ਵਿਸ਼ੇਸ਼ ਯੋਜਨਾ ਬਣਾਈ ਜਾਵੇ। ਸੰਸਥਾ ਨੇ ਇਹ ਵੀ ਅਪੀਲ ਕੀਤੀ ਕਿ ਮਹਾਨ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਅਤੇ ਉਨ੍ਹਾਂ ਦੇ ਗੌਰਵਮਈ ਇਤਿਹਾਸ ਨੂੰ ਦੇਸ਼ ਭਰ ਦੇ ਸਕੂਲੀ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਵੇ, ਤਾਂ ਜੋ ਨਵੀਂ ਪੀੜ੍ਹੀ ਉਨ੍ਹਾਂ ਦੇ ਜੀਵਨ, ਨਿਆਂ, ਧਾਰਮਿਕ ਸਹਿਣਸ਼ੀਲਤਾ ਅਤੇ ਲੋਕ-ਭਲਾਈ 'ਤੇ ਆਧਾਰਿਤ ਸ਼ਾਸਨ ਤੋਂ ਜਾਣੂ ਹੋ ਸਕੇ।
ਵਿਰਾਸਤੀ ਮੰਚ ਦੇ ਚੇਅਰਮੈਨ ਐਡਵੋਕੇਟ ਐੱਚ. ਐੱਸ. ਮਾਂਗਟ, ਪ੍ਰਧਾਨ ਬਲਦੇਵ ਸਿੰਘ ਰੰਧਾਵਾ ਅਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਹਰਪੁਰਾ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਇਹ ਸਵਾਗਤਯੋਗ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਿਆਂਪੂਰਨ, ਧਰਮ ਨਿਰਪੱਖ ਅਤੇ ਲੋਕ-ਹਿਤੈਸ਼ੀ ਰਾਜ ਦੀ ਗੱਲ ਕਰ ਰਹੀ ਹੈ ਅਤੇ ਉਨ੍ਹਾਂ ਦੀਆਂ ਤਸਵੀਰਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਭੇਟ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਜਦੋਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਮੇਤ ਕਈ ਸੂਬਿਆਂ ਵਿੱਚ ਸਰਕਾਰ ਹੈ ਤਾਂ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਅਤੇ ਵਿਰਾਸਤ ਨੂੰ ਦੇਸ਼ ਪੱਧਰ 'ਤੇ ਪ੍ਰਮੁੱਖਤਾ ਦੇਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਅਤੇ ਸ਼ਾਸਨ ਬਾਰੇ ਸਕੂਲੀ ਸਿੱਖਿਆ ਵਿੱਚ ਪਾਠ ਸ਼ਾਮਲ ਕੀਤੇ ਜਾਣ ਨਾਲ ਨੌਜਵਾਨ ਪੀੜ੍ਹੀ ਨੂੰ ਭਾਰਤ ਦੇ ਇੱਕ ਮਹਾਨ ਅਤੇ ਦੂਰਅੰਦੇਸ਼ ਸ਼ਾਸਕ ਬਾਰੇ ਜਾਣਨ ਦਾ ਮੌਕਾ ਮਿਲੇਗਾ।
ਵਿਰਾਸਤੀ ਮੰਚ ਨੇ ਮੰਗ ਕੀਤੀ ਕਿ ਪੰਜਾਬ ਸਮੇਤ ਦੇਸ਼ ਭਰ ਵਿੱਚ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ ਸਾਰੀਆਂ ਇਤਿਹਾਸਕ ਯਾਦਗਾਰਾਂ ਦੀ ਵਿਸ਼ੇਸ਼ ਤੌਰ 'ਤੇ ਸੰਭਾਲ ਅਤੇ ਵਿਕਾਸ ਕੀਤਾ ਜਾਵੇ। ਸੰਸਥਾ ਨੇ ਅੰਮ੍ਰਿਤਸਰ ਸਥਿਤ ਕਿਲ੍ਹਾ ਗੋਬਿੰਦਗੜ੍ਹ, ਰਾਮ ਬਾਗ (ਕੰਪਨੀ ਬਾਗ), ਪੁੱਲ ਮੋਰਾਂ, ਬਟਾਲਾ ਦਾ ਜਲ ਮਹਿਲ, ਮਹਾਰਾਜਾ ਸ਼ੇਰ ਸਿੰਘ ਪੈਲੇਸ, ਦੀਨਾਨਗਰ ਦੀ ਬਾਰਾਂਦਰੀ, ਫਿਲੌਰ ਦਾ ਕਿਲ੍ਹਾ, ਰੋਪੜ ਸਥਿਤ ਸਰਕਾਰ-ਏ-ਖ਼ਾਲਸਾ ਦੀ ਚੌਂਕੀ ਅਤੇ ਸੰਧੀ ਸਥਾਨ ਸਮੇਤ ਹੋਰ ਇਤਿਹਾਸਕ ਸਥਾਨਾਂ ਦੀ ਸੰਭਾਲ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਅਪੀਲ ਕੀਤੀ।
ਅਹੁਦੇਦਾਰਾਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕਈ ਇਤਿਹਾਸਕ ਯਾਦਗਾਰਾਂ ਅੱਜ ਖ਼ਸਤਾਹਾਲ ਹੋ ਚੁੱਕੀਆਂ ਹਨ ਅਤੇ ਕੁਝ ਤਾਂ ਆਪਣੀ ਹੋਂਦ ਗੁਆਉਣ ਦੀ ਕਗਾਰ 'ਤੇ ਹਨ। ਜੇਕਰ ਇਨ੍ਹਾਂ ਦੀ ਸੰਭਾਲ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਇਹ ਅਮੁੱਲੀ ਵਿਰਾਸਤ ਹਮੇਸ਼ਾ ਲਈ ਨਸ਼ਟ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕੁਝ ਯਾਦਗਾਰਾਂ ਪੁਰਾਤੱਤਵ ਵਿਭਾਗ ਦੇ ਅਧੀਨ ਹਨ, ਪਰ ਅਜੇ ਵੀ ਕਈ ਮਹੱਤਵਪੂਰਨ ਵਿਰਾਸਤੀ ਸਥਾਨ ਵਿਭਾਗ ਦੀ ਸੁਰੱਖਿਆ ਹੇਠ ਨਹੀਂ ਹਨ। ਅਜਿਹੇ ਸਾਰੇ ਸਥਾਨਾਂ ਨੂੰ ਪੁਰਾਤੱਤਵ ਵਿਭਾਗ ਦੇ ਅਧੀਨ ਲਿਆ ਕੇ ਉਨ੍ਹਾਂ ਦੀ ਵਿਗਿਆਨਕ ਢੰਗ ਨਾਲ ਸੰਭਾਲ ਯਕੀਨੀ ਬਣਾਈ ਜਾਵੇ।
ਵਿਰਾਸਤੀ ਮੰਚ ਨੇ ਪੰਜਾਬ ਭਾਜਪਾ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਕੋਲ ਇਨ੍ਹਾਂ ਮੰਗਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ ਵਿਰਾਸਤਾਂ ਦੀ ਰੱਖਿਆ ਲਈ ਸਾਰਥਕ ਯਤਨ ਕਰਨ।
ਅਹੁਦੇਦਾਰਾਂ ਨੇ ਕਿਹਾ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਸ਼ਵ ਇਤਿਹਾਸ ਦੇ ਮਹਾਨ ਸ਼ਾਸਕਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਨਿਆਂ, ਧਾਰਮਿਕ ਸਹਿਣਸ਼ੀਲਤਾ ਅਤੇ ਲੋਕ-ਭਲਾਈ 'ਤੇ ਆਧਾਰਿਤ ਸ਼ਾਸਨ ਦੀ ਮਿਸਾਲ ਕਾਇਮ ਕੀਤੀ। ਉਨ੍ਹਾਂ ਕਿਹਾ ਕਿ ਜੋ ਵੀ ਰਾਜਨੀਤਿਕ ਪਾਰਟੀਆਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਆਦਰਸ਼ ਦੱਸਦੀਆਂ ਹਨ, ਉਨ੍ਹਾਂ ਨੂੰ ਉਨ੍ਹਾਂ ਦੀ ਵਿਰਾਸਤ ਦੀ ਸੰਭਾਲ ਅਤੇ ਪ੍ਰਚਾਰ ਲਈ ਵੀ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਵਿਰਾਸਤੀ ਮੰਚ ਬਟਾਲਾ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਕੋਲੋਂ ਵੀ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਵੀ ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਗਾਰਾਂ ਨੂੰ ਸੰਭਾਲਣ ਲਈ ਵਿਸ਼ੇਸ਼ ਯਤਨ ਕੀਤੇ ਜਾਣ।
ਇਸ ਮੌਕੇ ਵਿਰਾਸਤੀ ਮੰਚ ਬਟਾਲਾ ਦੇ ਅਹੁਦੇਦਾਰ ਕੁਲਵਿੰਦਰ ਸਿੰਘ ਲਾਡੀ ਜੱਸਲ, ਸ਼ਮਸ਼ੇਰ ਸਿੰਘ ਮੱਲੀ, ਸ਼ੇਰੇ ਪੰਜਾਬ ਸਿੰਘ ਕਾਹਲੋਂ, ਕੌਂਸਲਰ ਦਿਲਸ਼ੇਰ ਸਿੰਘ ਚੱਠਾ, ਵੈਬੀਜੋਤ ਸਿੰਘ ਕਾਹਲੋਂ, ਵਰਿੰਦਰ ਸਿੰਘ ਅੰਮੋਨੰਗਲ, ਹਰਵਿੰਦਰ ਸਿੰਘ ਹਰਪੁਰਾ, ਅਨੁਰਾਗ ਮਹਿਤਾ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।