
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਸ ਮੌਕੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਿਹਤ ਵਿਭਾਗ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਕੰਮ ਕਰ ਰਹੇ ਮੁਲਾਜ਼ਮ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪੂਰਤੀ ਲਈ ਸਰਕਾਰ ਕੋਲ ਗੁਹਾਰ ਲਗਾ ਰਹੇ ਹਨ, ਪਰ ਵਾਰ-ਵਾਰ ਮੰਗਾਂ ਸਬੰਧੀ ਭਰੋਸੇ ਮਿਲਣ ਦੇ ਬਾਵਜੂਦ ਇਨ੍ਹਾਂ ਦਾ ਸਥਾਈ ਹੱਲ ਨਹੀਂ ਕੀਤਾ ਗਿਆ।

ਰਾਜਨ ਤਰੇਨ,ਪੰਜਾਬੀ ਜਾਗਰਣ, ਬਟਾਲਾ: ਸਾਂਝਾ ਮੁਲਾਜ਼ਮ ਮੰਚ ਪੰਜਾਬ ਦੇ ਸੱਦੇ ’ਤੇ 27 ਅਗਸਤ ਨੂੰ ਕੀਤੀ ਗਈ ਮਹਾਹੜਤਾਲ ਵਿੱਚ ਸਿਹਤ ਮੁਲਾਜ਼ਮ ਸਾਂਝਾ ਮੰਚ, ਸਿਵਲ ਹਸਪਤਾਲ ਬਟਾਲਾ ਵੱਲੋਂ ਸਮੂਹ ਸਿਹਤ ਮੁਲਾਜ਼ਮਾਂ ਨੇ ਭਰਵੀਂ ਸ਼ਮੂਲੀਅਤ ਕਰਦਿਆਂ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਆਪਣਾ ਰੋਸ ਪ੍ਰਗਟਾਇਆ। ਇਸ ਮੌਕੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਿਹਤ ਵਿਭਾਗ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਕੰਮ ਕਰ ਰਹੇ ਮੁਲਾਜ਼ਮ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪੂਰਤੀ ਲਈ ਸਰਕਾਰ ਕੋਲ ਗੁਹਾਰ ਲਗਾ ਰਹੇ ਹਨ, ਪਰ ਵਾਰ-ਵਾਰ ਮੰਗਾਂ ਸਬੰਧੀ ਭਰੋਸੇ ਮਿਲਣ ਦੇ ਬਾਵਜੂਦ ਇਨ੍ਹਾਂ ਦਾ ਸਥਾਈ ਹੱਲ ਨਹੀਂ ਕੀਤਾ ਗਿਆ। ਇਸ ਕਾਰਨ ਮੁਲਾਜ਼ਮਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੰਚ ਦੇ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਵਿੱਚ ਮਹਿੰਗਾਈ ਭੱਤੇ (ਡੀਏ) ਦੀਆਂ ਬਕਾਇਆ 18 ਫ਼ੀਸਦੀ ਕਿਸ਼ਤਾਂ ਜਾਰੀ ਕਰਨਾ, ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਪੈਦਾ ਹੋਈਆਂ ਅਨਾਮਲੀਆਂ ਦੂਰ ਕਰਨਾ, ਏਸੀਪੀ ਸਕੀਮ ਨੂੰ ਬਹਾਲ ਕਰਨਾ, ਕੱਚੇ, ਠੇਕਾ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨਾ ਅਤੇ ਪੁਰਾਣੀ ਪੈਨਸ਼ਨ ਸਕੀਮ (ਓਪੀਐੱਸ) ਨੂੰ ਮੁੜ ਬਹਾਲ ਕਰਨਾ ਸ਼ਾਮਲ ਹੈ। ਇਸ ਦੇ ਨਾਲ ਹੀ ਤਨਖ਼ਾਹਾਂ ਅਤੇ ਭੱਤਿਆਂ ਨਾਲ ਸਬੰਧਤ ਭਖਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕਰਨ, ਸਰਕਾਰੀ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਰੈਗੂਲਰ ਭਰਤੀ ਰਾਹੀਂ ਤੁਰੰਤ ਭਰਨ ਅਤੇ ਮੁਲਾਜ਼ਮਾਂ ਨਾਲ ਸਬੰਧਤ ਸਾਰੇ ਲੰਬਿਤ ਮਸਲਿਆਂ ਦਾ ਸਮਾਂਬੱਧ ਢੰਗ ਨਾਲ ਹੱਲ ਕਰਨ ਦੀ ਵੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ 27 ਅਗਸਤ ਦੀ ਮਹਾ ਹੜਤਾਲ ਸਰਕਾਰ ਨੂੰ ਮੁਲਾਜ਼ਮਾਂ ਦੀ ਏਕਤਾ ਅਤੇ ਤਾਕਤ ਦਾ ਸਪੱਸ਼ਟ ਸੰਦੇਸ਼ ਹੈ ਅਤੇ ਸਰਕਾਰ ਨੂੰ ਇਸ ਸੰਘਰਸ਼ ਨੂੰ ਗੰਭੀਰਤਾ ਨਾਲ ਲੈਂਦਿਆਂ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਦਾ ਠੋਸ ਅਤੇ ਸਥਾਈ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਜਲਦ ਹੀ ਮੰਗਾਂ ਸਬੰਧੀ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਸਿਹਤ ਮੁਲਾਜ਼ਮ ਸਾਂਝਾ ਮੰਚ, ਸਿਵਲ ਹਸਪਤਾਲ ਬਟਾਲਾ ਵੱਲੋਂ ਸਮੂਹ ਸਿਹਤ ਮੁਲਾਜ਼ਮਾਂ ਦਾ ਮਹਾਂ ਹੜਤਾਲ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਆਪਣੇ ਹੱਕਾਂ ਦੀ ਲੜਾਈ ਵਿੱਚ ਮੁਲਾਜ਼ਮਾਂ ਦੀ ਏਕਤਾ ਹੀ ਸਭ ਤੋਂ ਵੱਡੀ ਤਾਕਤ ਹੈ। ਇਸ ਮੌਕੇ ਮੰਚ ਦੀ ਕਮੇਟੀ ਵਿੱਚ ਕੋਆਰਡੀਨੇਟਰ ਸੰਦੀਪ ਸਿੰਘ ਰੇਡੀਓਗ੍ਰਾਫਰ, ਕੰਵਲਜੀਤ ਕੌਰ ਪੰਨੂੰ ਨਰਸਿੰਗ ਸਿਸਟਰ ਅਤੇ ਗੁਰਮੇਲ ਸਿੰਘ ਚੀਫ਼ ਫਾਰਮੇਸੀ ਅਫ਼ਸਰ, ਸੀਨੀਅਰ ਪ੍ਰਧਾਨ ਡਾ. ਹਰਪ੍ਰੀਤ ਸਿੰਘ (ਈਐਨਟੀ) ਅਤੇ ਡਾ. ਰਵਿੰਦਰ ਸ਼ਰਮਾ, ਚੇਅਰਪਰਸਨ ਸਤਨਾਮ ਸਿੰਘ ਚੀਫ਼ ਫਾਰਮੇਸੀ ਅਫ਼ਸਰ, ਪ੍ਰਧਾਨ ਰਮਨਪ੍ਰੀਤ ਸਿੰਘ ਪੰਨੂੰ ਫਾਰਮੇਸੀ ਅਫ਼ਸਰ, ਵਾਈਸ ਪ੍ਰਧਾਨ ਹਰਪ੍ਰੀਤ ਕੌਰ ਰੇਡੀਓਗ੍ਰਾਫਰ, ਜਨਰਲ ਸਕੱਤਰ ਮਨਦੀਪ ਕੌਰ ਸਟਾਫ਼ ਨਰਸ ਅਤੇ ਨਿਸ਼ਾਨ ਸਿੰਘ ਐਮਐਲਟੀ, ਪ੍ਰੈੱਸ ਸਕੱਤਰ ਕਰਮਬੀਰ ਸਿੰਘ ਪਾਇਲਟ, ਕੈਸ਼ੀਅਰ ਗਗਨਦੀਪ ਕੌਰ ਓਟੀਏ ਅਤੇ ਰਮਨ ਬਾਵਾ ਗਰੁੱਪ-ਡੀ, ਆਡੀਟਰ ਜਸਵਿੰਦਰ ਕੌਰ ਚੀਫ਼ ਫਾਰਮੇਸੀ ਅਫ਼ਸਰ ਅਤੇ ਸਲਾਹਕਾਰ ਗੁਰਵਿੰਦਰ ਕੌਰ ਏਐਨਐਮ ਅਤੇ ਸ਼ਰਨਜੀਤ ਕੌਰ ਆਸ਼ਾ ਵਰਕਰ ਸਮੇਤ ਸਮੂਹ ਕਮੇਟੀ ਮੈਂਬਰ ਹਾਜ਼ਰ ਸਨ। ਸਮੂਹ ਕਮੇਟੀ ਵੱਲੋਂ ਸਰਕਾਰਾਂ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਡਟ ਕੇ ਸੰਘਰਸ਼ ਜਾਰੀ ਰੱਖਣ ਅਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਇਕਜੁੱਟਤਾ ਨਾਲ ਅੱਗੇ ਵਧਣ ਦਾ ਪ੍ਰਣ ਲਿਆ ਗਿਆ।