- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਆਹ ਪੁਰਬ ਮੌਕੇ ਜੋੜਾ ਘਰ ਸੇਵਾ ਸੁਸਾਇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਆਈ ਸੰਗਤ ਲਈ ਪ੍ਰਸ਼ਾਦ ਵਜੋਂ ਕਰੀਬ 15 ਟਨ ਭਾਜੀ (ਮਠਿਆਈ) ਕੱਢੀ ਜਾ ਰਹੀ ਹੈ। 15 ਦਿਨਾਂ ਚ ਭਾਜੀ ਬਣਾਉਣ ਲਈ ਟੀਨਾ ਸੋਨੂ ਹਲਵਾਈ ਦੇ 12 ਕਾਰੀਗਰਾਂ ਨੂੰ ਲਗਾਇਆ ਗਿਆ ਹੈ।

ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਜੋੜਾ ਘਰ ਸੇਵਾ ਸੁਸਾਇਟੀ ਵੱਲੋਂ ਨਿਵੇਕਲੇ ਢੰਗ ਨਾਲ ਮਨਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦਾ 539ਵਾਂ ਵਿਆਹ ਪੁਰਬ ਜੋੜ ਮੇਲਾ 18 ਸਤੰਬਰ ਨੂੰ ਸੰਗਤ ਦੇ ਸਹਿਯੋਗ ਨਾਲ ਬਟਾਲਾ ’ਚ ਮਨਾਇਆ ਜਾ ਰਿਹਾ ਹੈ। ਵਿਆਹ ਪੁਰਬ ਨੂੰ ਲੈ ਕੇ ਸੰਗਤ ’ਚ ਉਤਸ਼ਾਹ ਹੈ। ਵਿਆਹ ਪੁਰਬ ਮੌਕੇ ਜੋੜਾ ਘਰ ਸੇਵਾ ਸੁਸਾਇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਆਈ ਸੰਗਤ ਲਈ ਪ੍ਰਸ਼ਾਦ ਵਜੋਂ ਕਰੀਬ 15 ਟਨ ਭਾਜੀ (ਮਠਿਆਈ) ਕੱਢੀ ਜਾ ਰਹੀ ਹੈ। 15 ਦਿਨਾਂ ਚ ਭਾਜੀ ਬਣਾਉਣ ਲਈ ਟੀਨਾ ਸੋਨੂ ਹਲਵਾਈ ਦੇ 12 ਕਾਰੀਗਰਾਂ ਨੂੰ ਲਗਾਇਆ ਗਿਆ ਹੈ। ਇਹ ਭਾਜੀ ਵਿਆਹ ਪੁਰਬ ਦੇ ਅਗਲੇ ਦਿਨ 19 ਸਤੰਬਰ ਨੂੰ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਬਾਹਰ ਜੋੜਾ ਘਰ ਸੇਵਾ ਸੁਸਾਇਟੀ ਵੱਲੋਂ ਸ਼ਰਧਾਲੂਆਂ ਨੂੰ ਵੰਡੀ ਜਾਵੇਗੀ। ਇੰਨਾ ਹੀ ਨਹੀਂ, ਸੁਸਾਇਟੀ ਉਨ੍ਹਾਂ ਸ਼ਰਧਾਲੂਆਂ ਦੇ ਘਰ ਪ੍ਰਸ਼ਾਦ ਦੇ ਰੂਪ ’ਚ ਮਠਿਆਈ ਭੇਜਣ ਦਾ ਵੀ ਪ੍ਰਬੰਧ ਕਰਦੀ ਹੈ ਜੋ ਵਿਆਹ ਪੁਰਬ ਸਮਾਗਮ ’ਚ ਨਹੀਂ ਆ ਸਕਦੇ। ਇਸਦੇ ਲਈ ਨਿਯਮਿਤ ਤੌਰ ’ਤੇ ਇੱਕ ਮੋਬਾਈਲ ਨੰਬਰ ਜਾਰੀ ਕੀਤਾ ਜਾਂਦਾ ਹੈ। ਜਿਸ 'ਤੇ ਸ਼ਰਧਾਲੂ ਫੋਨ 'ਤੇ ਪ੍ਰਸ਼ਾਦ ਮੰਗਵਾ ਸਕਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਵਿਆਹ ਪੁਰਬ ਦੀਆਂ ਤਿਆਰੀਆਂ 'ਚ ਲੱਗੀ ਹੋਈ ਹੈ, ਉਥੇ ਹੀ ਸੰਗਤ ਨੂੰ ਪ੍ਰਸ਼ਾਦ ਦੇ ਰੂਪ 'ਚ ਦਿੱਤੀਆਂ ਜਾਣ ਵਾਲੀਆਂ ਰਵਾਇਤੀ ਮਠਿਆਈਆਂ ਵੀ ਕੱਢੀਆਂ ਜਾ ਰਹੀਆਂ ਹਨ। ਜੋੜਾ ਘਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਸੈਣੀ ਤੇ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਸਮਰੱਥ ਵਾਲਿਆਂ ਨੇ ਦੱਸਿਆ ਕਿ ਪਿਛਲੇ 14 ਸਾਲਾਂ ਤੋਂ ਵਿਆਹ-ਪੁਰਬ ਮੌਕੇ ਸੰਗਤ ਨੂੰ ਪ੍ਰਸ਼ਾਦ ਵਜੋਂ ਦਿੱਤੀ ਜਾਣ ਵਾਲੀ ਮਠਿਆਈ ਵੰਡਣ ਦੀ ਸੇਵਾ ਕੀਤੀ ਜਾ ਰਹੀ ਹੈ। ਇਨ੍ਹਾਂ ਸੇਵਾਵਾਂ ’ਚ ਸੁਸਾਇਟੀ ਦੇ ਸੁੱਖਾ ਸਿੰਘ ਲੰਗਾਹ, ਮੇਜਰ ਸਿੰਘ ਉਮਰਪੁਰਾ, ਲਖਬੀਰ ਸਿੰਘ ਠੇਕੇਦਾਰ, ਭੁਪਿੰਦਰ ਸਿੰਘ, ਅਮਰਜੀਤ ਸਿੰਘ ਬਾਜ, ਡਾ ਇੰਦਰਜੀਤ ਸਿੰਘ, ਹਰਜੀਤ ਸਿੰਘ ਚੀਮਾ ,ਪ੍ਰਦੀਪ ਸਿੰਘ ,ਨਪਿੰਦਰ ਸਿੰਘ ,ਵਰਿੰਦਰ ਸਿੰਘ, ਰਵੀ ਗਿੱਲ, ਸੁਖਮਨਦੀਪ ਸਿੰਘ ਤੇ ਹੋਰ ਅਹੁਦੇਦਾਰਾਂ ਵੱਲੋਂ ਪੂਰੀ ਤਨਦੇਹੀ ਨਾਲ ਸਾਥ ਦਿੱਤਾ ਜਾਂਦਾ ਹੈ।
ਚਾਰ ਕੁਇੰਟਲ ਤੋਂ ਸ਼ੁਰੂ ਹੋਈ ਭਾਜੀ 15 ਟਨ ’ਤੇ ਪੁੱਜੀ
ਸਤਨਾਮ ਸਿੰਘ ਸਮਰੱਥ ਵਾਲਿਆਂ ਨੇ ਦੱਸਿਆ ਕਿ ਸੰਗਤ ਦੇ ਸਹਿਯੋਗ ਨਾਲ ਭਾਜੀ ਦੀ ਇਹ ਸੇਵਾ 4 ਕੁਇੰਟਲ ਤੋਂ ਸ਼ੁਰੂ ਹੋ ਕੇ ਅੱਜ 15 ਟਨ ਦੇ ਕਰੀਬ ਪਹੁੰਚ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ’ਚ ਗੁਨੇ, ਵੜੇ, ਸ਼ੱਕਰਪਾਰੇ, ਨਮਕੀਨ ਮੱਠੀ, ਸੀਰਨੀ, ਕਾਠੀ, ਬਦਾਨਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਘਿਓ, ਰਿਫਾਇਡ ਤੇ ਸਰ੍ਹੋਂ ਦੇ ਤੇਲ ਦਾ 300 ਪੀਪਾ ਲੱਗੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਗੈਸ ਸਿਲੰਡਰ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਇਸ ਵਾਰ ਡੀਜ਼ਲ ਭੱਠੀਆਂ ਰਾਹੀਂ ਮਠਿਆਈ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਲਵਾਈ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਮਠਿਆਈ ਬਣਾਉਣ ਦੀ ਸੇਵਾ ਕਰ ਰਹੇ ਹਨ।
ਗੁਰਦੁਆਰਾ ਕੰਧ ਸਾਹਿਬ ਤੇ ਡੇਹਰਾ ਸਾਹਿਬ ਵਿਖੇ ਰੰਗ-ਰੋਗਨ ਦੀ ਸੇਵਾ ਵੀ ਨਿਭਾਉਂਦੀ ਹੈ ਜੋੜਾ ਘਰ ਸੇਵਾ ਸੁਸਾਇਟੀ
ਭਾਜੀ ਤਿਆਰ ਕਰਨ ਦੀ ਸੇਵਾ ਨਿਭਾਅ ਰਹੇ ਜੋੜਾ ਘਰ ਸੇਵਾ ਸੁਸਾਇਟੀ ਵੱਲੋਂ ਹੋਰ ਵੀ ਸੇਵਾ ਕਾਰਜ ਕੀਤੇ ਜਾ ਰਹੇ ਹਨ। ਜੋੜਾ ਘਰ ਸੇਵਾ ਸੁਸਾਇਟੀ ਜੋੜਾ ਘਰ ’ਚ ਜੋੜਿਆਂ ਦੀ ਸੇਵਾ ਤੋਂ ਇਲਾਵਾ ਵਿਆਹ ਪੁਰਬ ਮੌਕੇ ਗੁਰਦੁਆਰਾ ਕੰਧ ਸਾਹਿਬ ਤੇ ਡੇਹਰਾ ਸਾਹਿਬ ਵਿਖੇ ਰੰਗ ਰੋਗਣ, ਪਾਣੀ ਟੈਂਕੀਆਂ ਸਾਫ ਕਰਨ ਤੇ ਸਜਾਵਟ ਆਦਿ ਦੀ ਸੇਵਾ ਅਹਿਮ ਯੋਗਦਾਨ ਪਾਉਂਦੀ ਆ ਰਹੀ ਹੈ।