- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਜ਼ਦੀਕੀ ਪਿੰਡ ਰੰਗੜ ਨੰਗਲ ਵਿਖੇ ਬਿਜਲੀ ਦੇ ਲਗਾਤਾਰ ਲੱਗ ਰਹੇ ਅਣਐਲਾਨੇ ਕੱਟਾਂ ਤੋਂ ਨਾਰਾਜ਼ ਕਿਸਾਨਾਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਜ਼ੋਨ ਅੱਚਲ ਸਾਹਿਬ) ਦੀ ਅਗਵਾਈ ਹੇਠ ਬਟਾਲਾ-ਮਹਿਤਾ ਰੋਡ ਸਥਿਤ 66 ਕੇਵੀ ਗਰਿੱਡ ਸਬ-ਸਟੇਸ਼ਨ ਰੰਗੜ ਨੰਗਲ ਦੇ ਬਾਹਰ ਚੱਕਾ ਜਾਮ ਕਰਕੇ ਰੋਸ ਧਰਨਾ ਦਿੱਤਾ।

ਸ਼ਾਮ ਤਿਵਾੜੀ ਪੰਜਾਬੀ ਜਾਗਰਣ,ਬਟਾਲਾ : ਨਜ਼ਦੀਕੀ ਪਿੰਡ ਰੰਗੜ ਨੰਗਲ ਵਿਖੇ ਬਿਜਲੀ ਦੇ ਲਗਾਤਾਰ ਲੱਗ ਰਹੇ ਅਣਐਲਾਨੇ ਕੱਟਾਂ ਤੋਂ ਨਾਰਾਜ਼ ਕਿਸਾਨਾਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਜ਼ੋਨ ਅੱਚਲ ਸਾਹਿਬ) ਦੀ ਅਗਵਾਈ ਹੇਠ ਬਟਾਲਾ-ਮਹਿਤਾ ਰੋਡ ਸਥਿਤ 66 ਕੇਵੀ ਗਰਿੱਡ ਸਬ-ਸਟੇਸ਼ਨ ਰੰਗੜ ਨੰਗਲ ਦੇ ਬਾਹਰ ਚੱਕਾ ਜਾਮ ਕਰਕੇ ਰੋਸ ਧਰਨਾ ਦਿੱਤਾ।ਧਰਨੇ ਦੀ ਅਗਵਾਈ ਕਰਦਿਆਂ ਜ਼ੋਨ ਪ੍ਰਧਾਨ ਹਰਭਜਨ ਸਿੰਘ ਵੈਰੋਨੰਗਲ ਨੇ ਕਿਹਾ ਕਿ ਮੋਟਰਾਂ ਵਾਲੇ ਫੀਡਰਾਂ 'ਤੇ ਲਗਾਤਾਰ ਦੋ ਤੋਂ ਤਿੰਨ ਘੰਟਿਆਂ ਦੇ ਬਿਜਲੀ ਕੱਟ ਲਗਾਏ ਜਾ ਰਹੇ ਹਨ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਢੁੱਕਵਾਂ ਜਵਾਬ ਨਾ ਮਿਲਣ ਕਾਰਨ ਕਿਸਾਨਾਂ ਨੂੰ ਸੜਕ ਜਾਮ ਕਰਕੇ ਅੱਜ ਆਪਣਾ ਰੋਸ ਪ੍ਰਗਟਾਉਣਾ ਪਿਆ ਹੈ। ਇਥੇ ਇਹ ਦੱਸਦੇ ਚੱਲੀਏ ਕਿ ਲਗਭਗ ਦੋ ਘੰਟੇ ਤੱਕ ਚੱਲੇ ਚੱਕਾ ਜਾਮ ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਜਿਸ ’ਤੇ ਸਥਿਤੀ ਨੂੰ ਦੇਖਦਿਆਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਧਰਨਾਕਾਰੀ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਜਿੰਨੇ ਘੰਟੇ ਕੱਟ ਲਗੇ ਹਨ, ਉਹ ਬਿਜਲੀ ਪੂਰੀ ਕੀਤੀ ਜਾਵੇਗੀ ਅਤੇ ਭਵਿੱਖ ਵਿੱਚ ਬਿਨਾਂ ਲੋੜ ਅਜਿਹੇ ਕੱਟ ਨਹੀਂ ਲਗਾਏ ਜਾਣਗੇ। ਇਸ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ। ਹਰਭਜਨ ਸਿੰਘ ਵੈਰੋਨੰਗਲ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਅੱਜ ਦਾ ਧਰਨਾ ਸਿਰਫ਼ ਸੰਕੇਤਕ ਸੀ। ਜੇਕਰ ਬਿਜਲੀ ਬੋਰਡ ਵੱਲੋਂ ਅੱਗੇ ਵੀ ਬਾਰ-ਬਾਰ ਅਣਐਲਾਨੇ ਬਿਜਲੀ ਕੱਟ ਲਗਾਏ ਗਏ ਤਾਂ ਜਥੇਬੰਦੀ ਅਤੇ ਇਲਾਕੇ ਦੇ ਲੋਕਾਂ ਨਾਲ ਸਲਾਹ-ਮਸ਼ਵਰਾ ਕਰਕੇ ਬਿਜਲੀ ਬੋਰਡ ਦੇ ਦਫ਼ਤਰ ਅੱਗੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਨਰਿੰਦਰ ਸਿੰਘ, ਮੇਜਰ ਸਿੰਘ, ਲਖਵਿੰਦਰ ਸਿੰਘ, ਸੁਰਿੰਦਰ ਸਿੰਘ, ਰਾਮਜੀਤ ਸਿੰਘ, ਮਨਦੀਪ ਸਿੰਘ, ਹਰਦੀਪ ਸਿੰਘ, ਜਸਵਿੰਦਰ ਸਿੰਘ, ਦਲਬੀਰ ਸਿੰਘ, ਕਵਲਜੀਤ ਸਿੰਘ, ਜਸਬੀਰ ਸਿੰਘ, ਸਿਮਰਜੀਤ ਸਿੰਘ, ਅਨੋਖ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ ਨਸੀਰਪੁਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਅਤੇ ਇਲਾਕੇ ਦੇ ਕਿਸਾਨ ਹਾਜ਼ਰ ਸਨ।