- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਟਕਾਰੇ : ਕੰਨੀ ਦੇਖਿਆ, ਅੱਖੀ ਸੁਣਿਆ

ਕੈਪਸ਼ਨ: ਯਾਦਵਿੰਦਰ ਸਿੰਘ ਭੁੱਲਰ
ਸਾਬ੍ਹ ਦੀ ‘ਪੈਚ ਵਰਕ’ ਵਾਲੀ ਬੋਲੀ ਤੇ ਛਿੜੀ ਫੁਲਕਾਰੀ!
ਚਿੱਟੀ ਪੱਗ ਬੰਨ ਨੇਤਾ ਜੀ ਬਰਨਾਲੇ ਆਲੇ ਨੇਤਾ ਦੀ ਕੋਠੀ ਗੇੜਾ ਮਾਰਨ ਕੀ ਆਏ, ਆਉਂਦਿਆਂ ਹੀ ਗੱਪ ਦਾ ਅਜਿਹਾ ਗੋਲਾ ਦਾਗ਼ ਦਿੱਤਾ ਕਿ ਸੁਣਨ ਵਾਲੇ ਵੀ ਖੱਬੇ ਸੱਜੇ ਕੂਣੀਆਂ ਮਾਰਨ ਲੱਗ ਪਏ! ਕਹਿੰਦੇ,, ਚੰਗੇ-ਚੰਗੇ ਬੰਦੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਭੱਜ ਰਹੇ ਨੇ। ਹੁਣ ਕੋਈ ਪੁੱਛੇ ਸਾਬ੍ਹ ਨੂੰ, ਬਈ ਜਿਵੇਂ ਵਿਧਾਨ ਸਭਾ ’ਚ ਤੁਸੀਂ ਪੰਜਾਬ ਦੀਆਂ ਟੁੱਟੀਆਂ ਸੜਕਾਂ ਦੇ ‘ਪੈਚ ਵਰਕ’ ਦੀਆਂ ਡੀਂਗਾਂ ਮਾਰੀਆਂ ਸੀ, ਓਦਾਂ ਹੀ ਇਹ ਬੋਲ ਵੀ ਹੁਣ ਹਵਾ ’ਚ ਡੋਲ ਰਹੇ ਨੇ। ਜਿਵੇਂ ਖੇਤ ’ਚ ਬੀਜੀ ਕੱਦੂ ਦੀ ਵੇਲ 'ਤੇ ਅੰਬ ਨਹੀਂ ਲੱਗਦੇ, ਉਵੇਂ ਹੀ ਨੇਤਾਵਾਂ ਦੇ ਇਨ੍ਹਾਂ ਫੋਕੇ ਦਾਅਵਿਆਂ ਦਾ ਹੁਣ ਕੋਈ ਮੁੱਲ ਨਹੀਂ ਰਿਹਾ। ਸੋਸ਼ਲ ਮੀਡੀਆ ’ਤੇ ਲੋਕ ਸਾਬ੍ਹ ਦੇ ਇਨ੍ਹਾਂ ਬੋਲਾਂ ਦੀ ਐਸੀ ਰੇਲ ਬਣਾ ਰਹੇ ਨੇ ਕਿ ਜਿਵੇਂ ‘ਚੱਲਦੀ ਗੱਡੀ ’ਚੋਂ ਧੂੰਆਂ ਨਿਕਲਦਾ ਹੋਵੇ’। ਲੋਕ ਹੱਸ-ਹੱਸ ਦੂਹਰੇ ਹੋ ਰਹੇ ਨੇ ਤੇ ਆਖ ਰਹੇ ਨੇ,, ਸਾਬ੍ਹ, ਗੱਲਾਂ ਦਾ ਕੀ ਏ, ਗੱਲਾਂ ਤਾਂ ਖੂਹ ਦੀ ਟਿੰਡ ਵਾਂਗੂੰ ਗੇੜੇ ਹੀ ਖਾਂਦੀਆਂ ਰਹਿੰਦੀਆਂ ਨੇ, ਪਰ ਪੈਚ ਵਰਕ ਵਾਂਗੂੰ ਇਹ ਦਾਅਵੇ ਵੀ ਪਹਿਲੀ ਬਾਰਿਸ਼ ’ਚ ਹੀ ਖੁਰ ਗਏ।
--------
ਭਦੌੜ ਵਾਲੀ ਨਹਿਰ ’ਤੇ ਤੂੰਬੀ ਦੀ ਟਣਕਾਰ : ਨੇਤਾ ਦੀ ਹਵੇਲੀ ਨਵੀਂ ਗੁਪਤ-ਗੂ!
ਬਰਨਾਲੇ ਆਪਣੇ ਖਾਸ ਦੀ ਹਵੇਲੀ ’ਚ ਢੁੱਕ ਕੇ ਪੰਜਾਬ ਦੇ ਸਾਬਕਾ ‘ਸਿਰਮੌਰ ਨੇਤਾ’ ਨੇ ਗੁਪਤ-ਗੂ ਦੀ ਖਿਚੜੀ ਰਿੰਨ੍ਹਦਿਆਂ ਹਾਉਕਾ ਜਿਹਾ ਭਰਿਆ, ‘ਓਏ ਭਰਾਵੋ! ਹੁਣ ਤਾਂ ਲੱਗਦਾ ਭਦੌੜ ਵਾਲੀ ਨਹਿਰ ’ਤੇ ਬੱਕਰੀ ਚੋਇਆਂ ਵੀ ਰਾਸ ਨਹੀਂ ਆਉਣੀ। ਇੱਥੋਂ ਦੇ ਲੋਕਾਂ ਨੂੰ ਤਾਂ ਨੇਤਾਵਾਂ ਨਾਲੋਂ ਗਵੱਈਏ ਹੀ ਵੱਧ ਪੋਹੰਦੇ ਨੇ! ਹੁਣ ਸਾਡੀਆਂ ਫੋਕੀਆਂ ਫੜ੍ਹਾਂ ਦਾ ਤਾਂ ਏਥੇ ਠੀਕਰ ਵੀ ਨਹੀਂ ਵਿਕਦਾ।’ ਅੱਗੇ ਮੁੱਛਾਂ ਨੂੰ ਵੱਟ ਦਿੰਦਿਆਂ ਬੋਲੇ, ‘ਇਸੇ ਲਈ ਅੱਜ ਮੈਂ ਲੋਕਾਂ ਦਾ ਤੀਜੀ ਪੀੜ੍ਹੀ ਤੋਂ ਮਨੋਰੰਜਨ ਕਰਨ ਵਾਲੇ ਸਾਡੇ ‘ਤੁਰਲੇ ਵਾਲੇ ਬਾਬਾ ਜੀ’ ਦੀ ਬਾਂਹ ਠੀਕ ਕਰਾ ਕੇ ਨਾਲ ਲੈ ਆਇਆਂ, ਤਾਂ ਜੋ ਮੁੜ ਤੂੰਬੀ ਦੀ ਟਣਕਾਰ ਖੜਕਾ ਕੇ ਲੋਕਾਂ ਦੇ ਕੰਨ ਚਾਰੇ ਜਾਣ! ਇਹ ਬਾਬਾ ਹੀ ਹੁਣ ਤੂੰਬੀ ਦੀਆਂ ਤਾਰਾਂ ’ਚੋਂ ਸੁਰ ਕੱਢ ਸਕਦਾ। ਉਨ੍ਹਾਂ ਠੰਢਾ ਸਾਹ ਭਰਦਿਆਂ ਆਖਿਆ, ਮੋਬਾਈਲ ਮਕੈਨਿਕਾਂ ਨਾਲ ਮੱਥਾ ਮਾਰ ਕੇ ਤੇ ਵਕੀਲਾਂ ਦੀਆਂ ਤਰੀਕਾਂ ਭੁਗਤ ਕੇ ਆਪਣੇ ਹੱਥ ਕੁਝ ਨਹੀਂ ਆਉਣਾ, ਏਥੇ ਤਾਂ ‘ਘੋੜੇ ਨੂੰ ਖੋਲ੍ਹ ਕੇ ਗਧੇ ਦੀ ਲਿੱਦ ਚੱਕਣ’ ਵਾਲੀ ਗੱਲ ਹੋਈ ਪਈ ਹੈ। ਹੁਣ ਤਾਂ ਇਹ ਭਦੌੜੀਆਂ ਦੇ ਗੱਲ ਗਵੱਈਆ ਹੀ ਮੜ੍ਹੋ, ਓਹੀ ਇਹਨਾਂ ਦੀਆਂ ਲੱਤਾਂ ਹੇਠੋਂ ਲੰਘੂ।
-----
ਤਿਉਹਾਰਾਂ ਦੀ ਛੋਹ ਤੇ ਸਾਹਿਬਾਂ ਦੀ ਜੇਬ ਦੀ ‘ਰੋਹ’
ਤਿਉਹਾਰ ਕੀ ਆਉਂਦੇ ਆ, ਸਾਡੇ ਸਿਹਤ ਵਿਭਾਗ ਦੇ ਸਾਹਿਬਾਂ ਦੇ ਤਾਂ ਭਾਗ ਹੀ ਖੁੱਲ੍ਹ ਜਾਂਦੇ ਆ! ਉਂਜ ਤਾਂ ਸਾਰਾ ਸਾਲ ਇਹ ‘ਸਿੰਙਾਂ ਦੇ ਓਹਲੇ ਬਲਦ’ ਵਾਂਗ ਲੱਭੇ ਨਹੀਂ ਲੱਭਦੇ, ਪਰ ਦੀਵਾਲੀ ਨੇੜੇ ਆਉਂਦਿਆਂ ਹੀ ਇਹਨਾਂ ਨੂੰ ਜਨਤਾ ਦੀ ਦਾਰੂ-ਸਿੱਕਾ ਨਹੀਂ, ਸਿਹਤ ਚੇਤੇ ਆ ਜਾਂਦੀ ਆ। ਸਾਹਬਾਂ ਨੇ ਕੁਇੰਟਲਾਂ ਦੇ ਹਿਸਾਬ ਨਾਲ ਨਕਲੀ ਮਾਲ ਨੱਪ ਲਿਆ, ਪਰ ਕਾਰਵਾਈ ਦੇ ਨਾਂ ’ਤੇ ‘ਗੁੜ ਦਿੱਤਿਆਂ ਮਰੇ, ਤਾਂ ਜ਼ਹਿਰ ਕਿਉਂ ਦੇਵੇ’ ਵਾਲੀ ਨੀਤੀ ਅਪਣਾ ਕੇ ਸਿਰਫ਼ ਸੈਂਪਲ ਭਰ ਕੇ ਹੀ ਤੁਰਦੇ ਬਣੇ! ਫੈਕਟਰੀ ਦੀਆਂ ਭੱਠੀਆਂ ’ਚ ਮਿਲਾਵਟ ਦਾ ਕੋੜ੍ਹ ਪੱਕ ਰਿਹਾ ਸੀ, ਜਦੋਂ ਪੱਤਰਕਾਰਾਂ ਨੇ ਦੋ ਸਵਾਲ ਪੁੱਛ ਲਏ, ਤਾਂ ਅੱਗੋਂ ‘ਉਲਟਾ ਚੋਰ ਕੋਤਵਾਲ ਕੋ ਡਾਂਟੇ’ ਵਾਂਗ ਖਹਿਬੜਨ ਲੱਗ ਪਏ। ਹੁਣ ਲੋਕ ਪੁੱਛਦੇ ਆ,,ਓ ਭਾਈ, ਜੇ ਮਾਲ ਨਕਲੀ ਸੀ ਤਾਂ ਜੰਦਰਾ ਕਿਉਂ ਨਹੀਂ ਮਾਰਿਆ? ਕੀ ਹੁਣ ਸੈਂਪਲਾਂ ਦੀ ਰਿਪੋਰਟ ਆਉਣ ਤੱਕ ‘ਦੁੱਧ ਦੀ ਰਾਖੀ ਬਿੱਲਾ’ ਬਿਠਾਉਣਾ? ਅਸਲ ਖੇਡ ਤਾਂ ਇਹ ਆ ਕਿ ਲੋਕ ਅਫ਼ਸਰਾਂ ਦੇ ਦਰਸ਼ਨਾਂ ਨੂੰ ਤਰਸਦੇ ਆ, ਤੇ ਸਾਹਿਬ ਆਪ ਮਿਲਾਵਟਖੋਰ ਨੂੰ ਤਰਲੇ ਨਾਲ ਕਹਿ ਰਹੇ ਆ,,“ਓ ਮਾਲਕ ਸਾਹਿਬ, ਕਦੇ ਸਾਡੇ ਦਫ਼ਤਰ ਵੀ ‘ਦਰਸ਼ਨ ਦੀਦਾਰੇ’ ਪਾ ਜਾਓ।”
ਪੇਸ਼ਕਸ਼ : ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ