- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਟਕਾਰੇ : ਕੰਨੀ ਦੇਖਿਆ, ਅੱਖੀ ਸੁਣਿਆ

ਨੇਤਾ ਜੀ ਦੀ ਕਾਲੀ ਪੱਗ ਤੇ ਵੋਟਾਂ ਦਾ ‘ਝੋਟਾ’!
‘ਝੋਟੇ’ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਨ ਲਈ ਨੇਤਾ ਜੀ ਨੇ ਸਿਰ ’ਤੇ ਕਾਲੀ ਪੱਗ ਲਪੇਟਣ ਦਾ ਐਲਾਨ ਕਰ ਦਿੱਤਾ ਹੈ। ਪੂਰੇ ਜੂਹ ’ਚ ਚਰਚਾ ਛਿੜ ਗਈ ਏ ਕਿ ਹੁਣ ਤਾਂ ਲੱਗਦਾ ‘ਊਠ ਪਹਾੜ ਥੱਲੇ ਆ ਹੀ ਗਿਆ’! ਦੁਸਹਿਰੇ ਵਾਲੇ ਦਿਨ ਸਾਹਿਬ ਬਹਾਦਰ ਆਪਣੇ ਵੱਡੇ ਆਕਾ ਦੀ ਉਂਗਲ ਫੜ ਕੇ ਧਰਨੇ ’ਚ ਹਾਜ਼ਰੀ ਲਵਾਉਣ ਤੇ ‘ਦੁੱਖ ਵੰਡਾਉਣ’ ਪਹੁੰਚ ਰਹੇ ਨੇ।ਸਿਆਸਤਦਾਨਾਂ ਦੇ ਵੀ ਰੰਗ-ਢੰਗ ਵੱਖਰੇ ਨੇ,,ਜਦੋਂ ਵੋਟਾਂ ਦਾ ਵੇਲਾ ਨੇੜੇ ਆਵੇ, ਤਾਂ ‘ਮੂੰਹ ’ਚ ਰਾਮ ਰਾਮ, ਬਗਲ ’ਚ ਛੁਰੀ’ ਵਾਲਾ ਹਿਸਾਬ ਬਣਾ ਲੈਂਦੇ ਨੇ। ਹੁਣ ਵੇਖਣਾ ਇਹ ਹੈ ਕਿ ਇਹ ਕਾਲੀ ਪੱਗ ਸੱਚਮੁੱਚ ਇਨਸਾਫ ਦਿਵਾਉਂਦੀ ਹੈ ਜਾਂ ‘ਬੱਲੇ-ਬੱਲੇ ਕਰਾ ਕੇ ਰੋਟੀਆਂ ਸੇਕਣ’ ਦਾ ਨਵਾਂ ਡਰਾਮਾ ਹੈ। ਲੋਕ ਤਾਂ ਹੁਣ ਹੱਸ ਕੇ ਏਹੀ ਆਖਦੇ ਨੇ,,‘ਨਾ ਨੌਂ ਮਣ ਤੇਲ ਹੋਵੇਗਾ, ਨਾ ਰਾਧਾ ਨੱਚੇਗੀ’!
-----
ਹਸਪਤਾਲ ਦਾ ਭੋਗ, ਸਟੇਡੀਅਮ ਦਾ ਰੌਲਾ
ਲਓ ਜੀ! ਸਰਕਾਰ ਨੇ ਹਸਪਤਾਲ ਵਾਲਾ ਮੁੱਦਾ ਤਾਂ ਇੰਜ ਜੜ੍ਹੋਂ ਪੁੱਟ ਕੇ ਵਗਾਹ ਮਾਰਿਆ, ਜਿਵੇਂ ਖੇਤ ’ਤਚੋਂ ਡੱਬ ਖੜੱਬਾ ਨਦੀਨ! ਹੁਣ ਹਸਪਤਾਲ ਨੂੰ ‘ਬਾਏ-ਬਾਏ’ ਕਹਿ ਕੇ ਸਟੇਡੀਅਮ ਦਾ ਨਵਾਂ ਹੀ ਚੰਦ ਚਾੜ੍ਹ ਦਿੱਤਾ ਹੈ। ਨਗਰ ਨਿਗਮ ਨੇ ਸਿਹਤ ਵਿਭਾਗ ਤੋਂ ਜਗ੍ਹਾ ਵਾਪਸ ਛੁਡਾ ਕੇ ਲੋਕ ਨਿਰਮਾਣ ਵਿਭਾਗ ਰਾਹੀਂ ਸਾਢੇ ਤਿੰਨ ਕਰੋੜ ਦਾ ਟੈਂਡਰ ਖੋਲ੍ਹ ਦਿੱਤਾ। ਟੈਂਡਰ ਦੀ ਬਾਜ਼ੀ ’ਚ ਬਠਿੰਡੇ ਤੇ ਸੰਗਰੂਰ ਵਾਲੇ ਠੇਕੇਦਾਰ ਆਹਮੋ-ਸਾਹਮਣੇ ਸੀ। ਪਰ ਬਠਿੰਡੇ ਵਾਲੇ ਠੇਕੇਦਾਰ ਨੇ ਸਰਕਾਰੀ ਬੰਦੋਬਸਤਾਂ ਤੇ ‘ਗੰਢ-ਤੁੱਪ’ ਦੇ ਅਜਿਹੇ ਸਿਆਸੀ ਪਾਸੇ ਸੁੱਟੇ ਕਿ ਸੰਗਰੂਰ ਵਾਲੇ ਦੇ ਕਾਗਜ਼ਾਂ ’ਚ ਕਮੀ ਕੱਢ ਕੇ ਉਸ ਨੂੰ ਚਲਦਾ ਕੀਤਾ! ਬਠਿੰਡੇ ਵਾਲੇ ਨੇ ਤਾਂ ਹਮੇਸ਼ਾ ਵਾਂਗ ਆਪਣੀਆਂ ‘ਸਿਆਸੀ ਗੋਟੀਆਂ’ ਅਜਿਹੀਆਂ ਫਿੱਟ ਕੀਤੀਆਂ ਕਿ ਟੈਂਡਰ ਦੀ ਗੱਡੀ ਸਿੱਧੀ ਆਪਣੇ ਵਿਹੜੇ ’ਚ ਲਿਆ ਖੜ੍ਹੀ ਕੀਤੀ। ਹੁਣ ਉਹੀ ਠੇਕੇਦਾਰ ਜਲਦੀ ਹੀ ਸਟੇਡੀਅਮ ਦੀਆਂ ਇੱਟਾਂ ਖੜਕਾਵੇਗਾ। ਹੁਣ ਵੇਖਣਾ ਇਹ ਹੈ ਕਿ ਸੁਪਰ ਮਲਟੀ ਸਪੈਸ਼ਲਿਸਟ ਹਸਪਤਾਲ ਵਾਂਗ ਇਹ ਸਟੇਡੀਅਮ ਵੀ ਸਿਰਫ਼ ‘ਨੀਂਹ ਪੱਥਰ’ ਹੀ ਨਾ ਬਣ ਕੇ ਰਹਿ ਜਾਵੇ, ਕਿਉਂਕਿ ਅੱਗੋਂ ਚੋਣ ਜਾਬਤਾ ਵੀ ਵਾ-ਵਰੋਲੇ ਵਾਂਗ ਭੱਜਿਆ ਆਉਂਦਾ ਹੈ!
------
ਗੰਦੇ ਪਾਣੀ ਦੀ ਖੱਪ : ਅਫ਼ਸਰੀ ਆਕੜ ਦਾ ਨਿਕਲਿਆ ਧੂੰਆਂ
ਬਦਰੇ ਪਿੰਡ ਆਲ਼ੇ ਵਿਚਾਰੇ ਆਪਣੇ ਜੁਆਕ ਲੈ ਕੇ ਓਦੋਂ ਤੋਂ ਜ਼ਿਲ੍ਹਾ ਕੰਪਲੈਕਸ ਦੇ ਗੇੜੇ ਮਾਰ-ਮਾਰ ਕੇ ਜੁੱਤੀਆਂ ਘਸਾਈ ਜਾਂਦੇ ਸੀ, ਜਦੋਂ ਦੇ ਘਰਾਂ ’ਚ ਗਲੀ ਦਾ ਗੰਦਾ ਪਾਣੀ ਵੜ ਬਿਮਾਰੀਆਂ ਵੰਡ ਰਿਹਾ ਸੀ। ਦਰਖਾਸਤਾਂ ਦੇ-ਦੇ ਕੇ ਥੱਕ ਗਏ, ਪਰ ਅਫ਼ਸਰਾਂ ਦੇ ਕੰਨ ’ਤੇ ਜੂੰ ਤੱਕ ਨਾ ਸਰਕੀ। ਇੱਕ ਦਿਨ ਸਬਰ ਦਾ ਬੰਨ੍ਹ ਟੁੱਟ ਗਿਆ। ਪੀੜਤ ਪਰਿਵਾਰ ਜਦੋਂ ਦਫ਼ਤਰ ’ਚ ਹੱਕ ਮੰਗਣ ਗਿਆ, ਤਾਂ ਅੱਗੋਂ ਇੱਕ ਬਾਬੂ ‘ਸ਼ੇਰ ਦੀ ਮੁੱਛ’ ਬਣਿਆ ਬੈਠਾ ਸੀ। ਰਹਿਮ ਕਰਨ ਦੀ ਥਾਂ ਅਫ਼ਸਰੀ ਰੋਅਬ ਝਾੜਦਾ ਹੋਇਆ ਪਿੰਡ ਵਾਲਿਆਂ ਨੂੰ ਬੋਲ-ਕਬੋਲ ਬੋਲ ਕੇ ਗਾਲ੍ਹ ਕੱਢ ਗਿਆ! ਅੱਗੋਂ ਪੀੜਤ ਧਿਰ ਨੇ ਵੀ ‘ਇੱਟ ਦਾ ਜਵਾਬ ਪੱਥਰ’ ਨਾਲ ਦਿੰਦਿਆਂ ਉੱਥੇ ਹੀ ਆਤਮਹੱਤਿਆ ਕਰਨ ਦੀ ਧਮਕੀ ਠੋਕ ਦਿੱਤੀ। ਫੇਰ ਕੀ ਸੀ? ਅਫ਼ਸਰਾਂ ਦੀ ‘ਨਾਨੀ ਚੇਤੇ ਆ ਗਈ’ ਤੇ ਹੱਥਾਂ-ਪੈਰਾਂ ਦੀ ਪੈ ਗਈ! ਜਿਹੜਾ ਬਾਬੂ ਪਹਿਲਾਂ ਹਵਾ ‘ਚ ਉੱਡਦਾ ਸੀ, ਉਹ ‘ਬਿੱਲੀ ਵਾਂਗ ਮਿਆਊਂ’ ਕਰਦਾ ਦੋਵੇਂ ਹੱਥ ਜੋੜ ਕੇ ਮਾਫ਼ੀਆਂ ਮੰਗਣ ਲੱਗ ਪਿਆ। ਆਹਲਾ ਅਧਿਕਾਰੀਆਂ ਨੇ ਮਸਾਂ ਤਰਲੇ-ਮਿੰਨਤਾਂ ਕਰਕੇ ਪਰਿਵਾਰ ਨੂੰ ਠੰਢਾ ਕੀਤਾ। ਸਿਆਣਿਆਂ ਸੱਚ ਹੀ ਕਿਹਾ ‘ਲਾਠੀ ਵਾਲੇ ਦੀ ਮੱਝ ਹੁੰਦੀ ਹੈ’, ਪਰ ਏਥੇ ਤਾਂ ‘ਗਰਮ ਲੋਹੇ’ ਨੇ ਅਫ਼ਸਰੀ ਦੀ ਆਕੜ ਦਾ ਧੂੰਆਂ ਕੱਢ ਦਿੱਤਾ!
ਪੇਸ਼ਕਸ਼ : ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ