- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਈਐਸ ਕਾਲਜ ਬਣਿਆ ਖੇਡਾਂ, ਹੁਨਰ ਤੇ ਵਿਦਿਆਰਥੀ ਪ੍ਰਤਿਭਾ ਦਾ ਦਿਨ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਯੰਗ ਸਕਾਲਰਜ਼ ਕਾਲਜ (ਵਾਈ.ਐਸ ਕਾਲਜ) ਵੱਲੋਂ ਵਿਦਿਆਰਥੀਆਂ ਲਈ ਨਿਯਮਿਤ ਤੌਰ ’ਤੇ ਕਰਵਾਈ ਜਾਣ ਵਾਲੀ ਸੈਟਰਡੇ-ਮਾਈ ਡੇ ਗਤੀਵਿਧੀ ਕਰਵਾਈ। ਇਸ ਮੌਕੇ ਵਿਦਿਆਰਥੀਆਂ ਨੂੰ ਖੇਡਾਂ, ਵਿਹਾਰਕ ਸਿੱਖਿਆ ਤੇ ਰਚਨਾਤਮਕ ਗਤੀਵਿਧੀਆਂ ਰਾਹੀਂ ਆਪਣੀ ਪ੍ਰਤਿਭਾ ਤੇ ਹੁਨਰ ਨੂੰ ਨਿਖਾਰਨ ਦਾ ਮੌਕਾ ਮਿਲਿਆ। ਇਸ ਗਤੀਵਿਧੀ ਦਾ ਉਦੇਸ਼ ਰੁਟੀਨ ਅਕਾਦਮਿਕ ਪੜ੍ਹਾਈ ਤੋਂ ਇਲਾਵਾ ਵਿਦਿਆਰਥੀਆਂ ਨੂੰ ਰੋਚਕ ਤੇ ਸਰਗਰਮ ਮਾਹੌਲ ਪ੍ਰਦਾਨ ਕਰਨਾ, ਟੀਮ ਵਰਕ ਦੀ ਭਾਵਨਾ ਪੈਦਾ ਕਰਨਾ ਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨਾ ਸੀ। ਦਿਨ ਦੀ ਸ਼ੁਰੂਆਤ ਜੋਸ਼ ਤੇ ਉਤਸ਼ਾਹ ਨਾਲ ਭਰਪੂਰ ਵਾਲੀਬਾਲ ਤੇ ਫੁੱਟਬਾਲ ਮੁਕਾਬਲਿਆਂ ਨਾਲ ਹੋਈ। ਵਿਦਿਆਰਥੀਆਂ ਨੇ ਇਨ੍ਹਾਂ ਖੇਡਾਂ ’ਚ ਸਰਗਰਮੀ ਨਾਲ ਭਾਗ ਲੈਂਦਿਆਂ ਆਪਣੀ ਖੇਡ ਭਾਵਨਾ, ਤਾਲਮੇਲ ਤੇ ਟੀਮ ਵਰਕ ਦਾ ਪ੍ਰਦਰਸ਼ਨ ਕੀਤਾ।
ਖੇਡ ਗਤੀਵਿਧੀਆਂ ਨੇ ਕੈਂਪ ’ਚ ਸਿਹਤਮੰਦ ਮੁਕਾਬਲੇ ਦਾ ਮਾਹੌਲ ਬਣਾਇਆ ਤੇ ਵਿਦਿਆਰਥੀਆਂ ਨੂੰ ਸਰੀਰਕ ਤੌਰ ’ਤੇ ਸਰਗਰਮ ਰਹਿਣ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਸਪੈਸ਼ਲਾਈਜ਼ੇਸ਼ਨ ਪ੍ਰੋਜੈਕਟ ਅਧੀਨ ਵਿਦਿਆਰਥੀਆਂ ਨੇ ਵੱਖ-ਵੱਖ ਵਿਹਾਰਕ ਤੇ ਹੁਨਰ-ਅਧਾਰਿਤ ਗਤੀਵਿਧੀਆਂ ’ਚ ਹਿੱਸਾ ਲਿਆ। ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਆਪਣੀਆਂ ਰੁਚੀਆਂ ਨੂੰ ਸਮਝਣ, ਕਲਾਸ ਰੂਮ ’ਚ ਪ੍ਰਾਪਤ ਗਿਆਨ ਨੂੰ ਵਿਹਾਰਕ ਰੂਪ ’ਚ ਲਾਗੂ ਕਰਨ ਤੇ ਰਵਾਇਤੀ ਕਲਾਸ ਰੂਮ ਸਿੱਖਿਆ ਤੋਂ ਬਾਹਰ ਨਵਾਂ ਤਜਰਬਾ ਹਾਸਲ ਕਰਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਕਾਲਜ ’ਚ ਸੰਗੀਤ, ਨਾਚ, ਥੀਏਟਰ ਤੇ ‘ਪਿੰਟੋਰਾ ਵਾਕ’ ਸਮੇਤ ਵੱਖ-ਵੱਖ ਮਨੋਰੰਜਕ ਤੇ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਇਨ੍ਹਾਂ ਗਤੀਵਿਧੀਆਂ ’ਚ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਰਚਨਾਤਮਿਕਤਾ, ਆਤਮ-ਵਿਸ਼ਵਾਸ ਅਤੇ ਕਲਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।