- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਾ ਵੇਚਣ ਤੋਂ ਰੋਕਣ ਲਈ ਪਿੰਡ ’ਚ ਬਣਾਈ ਕਮੇਟੀ ਦੇ ਨੌਜਵਾਨ ਦੇ ਪੱਟ ’ਚ ਮਾਰੀ ਗੋਲੀ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਪਿੰਡ ਕਾਲੇਕੇ ਵਿਖੇ ਨਸ਼ਾ ਵੇਚਣ ਤੋਂ ਰੋਕਣ ਲਈ ਪਿੰਡ ਦੇ ਨੌਜਵਾਨਾਂ ਵੱਲੋਂ ਕਮੇਟੀ ਬਣਾਉਣ ਵਾਲੇ ਇੱਕ ਨੌਜਵਾਨ ਦੇ ਪੱਟ ਵਿੱਚ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜ਼ਖ਼ਮੀ ਨੌਜਵਾਨ ਅਮਨਦੀਪ ਸਿੰਘ ਚੀਮਾ ਪੁੱਤਰ ਪਰਮਜੀਤ ਸਿੰਘ ਪੰਮੀ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਨਸ਼ਾ ਬਹੁਤ ਜ਼ਿਆਦਾ ਵਿਕ ਰਿਹਾ ਸੀ। ਇਸ ਕਾਰਨ ਮੇਰੇ ਪੁੱਤਰ ਅਮਨਦੀਪ ਸਿੰਘ ਸਮੇਤ ਪਿੰਡ ਦੇ ਕੁਝ ਹੋਰ ਨੌਜਵਾਨਾਂ ਨੇ ਮਿਲ ਕੇ ਇੱਕ ਕਮੇਟੀ ਬਣਾਈ ਸੀ। ਇਸ ਕਮੇਟੀ ਵੱਲੋਂ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਸਨ, ਜਿਨ੍ਹਾਂ ਵਿੱਚ ਇਹ ਵੀ ਸ਼ਾਮਲ ਸੀ ਕਿ ਨਸ਼ੇ ਦੀ ਪੂਰੀ ਤਰ੍ਹਾਂ ਲਪੇਟ ਵਿੱਚ ਆ ਚੁੱਕੇ ਨੌਜਵਾਨਾਂ ਦਾ ਇਲਾਜ ਵੀ ਕਮੇਟੀ ਵੱਲੋਂ ਕਰਵਾਇਆ ਜਾਵੇਗਾ। ਕਮੇਟੀ ਵੱਲੋਂ ਆਪਣੀਆਂ ਇਹ ਸ਼ਰਤਾਂ ਪੂਰੀਆਂ ਵੀ ਕੀਤੀਆਂ ਜਾ ਰਹੀਆਂ ਸਨ।
ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਦੋਂ ਪਿੰਡ ਦੇ ਨੌਜਵਾਨ ਨਸ਼ਾ ਵੇਚਣ ਵਾਲਿਆਂ ਕੋਲ ਗਏ ਤਾਂ ਉਨ੍ਹਾਂ ਕੋਲੋਂ ਕੁਝ ਨਸ਼ਾ ਬਰਾਮਦ ਹੋਇਆ। ਇਸ ਤੋਂ ਇਲਾਵਾ ਕੁਝ ਨੌਜਵਾਨ ਬਾਹਰੋਂ ਵੀ ਪਿੰਡ ਵਿੱਚ ਨਸ਼ਾ ਵੇਚਣ ਲਈ ਆਏ ਹੋਏ ਸਨ। ਪਿੰਡ ਦੇ ਨੌਜਵਾਨਾਂ ਨੇ ਇਨ੍ਹਾਂ ਵਿਅਕਤੀਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਵੱਲੋਂ ਸਾਨੂੰ ਥਾਣੇ ਆਉਣ ਲਈ ਕਿਹਾ ਗਿਆ। ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਕਮੇਟੀ ਦੇ ਸਾਰੇ ਨੌਜਵਾਨ ਆਪਣੇ ਘਰਾਂ ਨੂੰ ਨਹਾਉਣ ਅਤੇ ਕੱਪੜੇ ਬਦਲਣ ਲਈ ਚਲੇ ਗਏ। ਜਦੋਂ ਮੈਂ ਘਰ ਆਇਆ ਤਾਂ ਕੁਝ ਅਣਪਛਾਤੇ ਨੌਜਵਾਨ ਸਾਡੇ ਘਰ ਦੀ ਕੁੰਡੀ ਤੋੜ ਕੇ ਗੇਟ ਦੇ ਅੰਦਰ ਆ ਗਏ ਅਤੇ ਉਨ੍ਹਾਂ ਨੇ ਗੇਟ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਗੇਟ ਦੇ ਹੇਠਾਂ ਦੀ ਗੋਲੀਆਂ ਚਲਾਈਆਂ ਗਈਆਂ। ਜਦੋਂ ਮੈਂ ਸਾਹਮਣੇ ਆਇਆ ਤਾਂ ਉਨ੍ਹਾਂ ਨੇ ਮੇਰੇ ਵੱਲ ਛੇ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਮੇਰੇ ਪੱਟ ਵਿੱਚ ਲੱਗ ਗਈ। ਇਸ ਕਾਰਨ ਮੈਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਪਿੰਡ ਦੇ ਨੌਜਵਾਨਾਂ ਵੱਲੋਂ ਮੈਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਭਾਵੁਕ ਹੁੰਦਿਆਂ ਦੱਸਿਆ ਕਿ ਮੇਰੀ ਘਰਵਾਲੀ ਦੇ ਬੱਚਾ ਹੋਣ ਵਾਲਾ ਹੈ। ਮੇਰੀ ਇਹ ਹਾਲਤ ਦੇਖ ਕੇ ਉਸ ਦੀ ਕੀ ਹਾਲਤ ਹੋਵੇਗੀ, ਇਸ ਬਾਰੇ ਸੋਚ ਕੇ ਵੀ ਮਨ ਪ੍ਰੇਸ਼ਾਨ ਹੋ ਜਾਂਦਾ ਹੈ। ਅਮਨਦੀਪ ਸਿੰਘ ਦੇ ਪਿਤਾ ਨੇ ਦੱਸਿਆ ਕਿ ਇਸ ਘਟਨਾ ਵਿੱਚ ਸ਼ਾਮਲ ਪਿੰਡ ਦੇ ਕੁਝ ਨੌਜਵਾਨਾਂ ਵਿੱਚ ਸੁੱਖੂ, ਰਾਜੂ, ਸੁਖਚੈਨ ਅਤੇ ਕੁਝ ਹੋਰ ਅਣਪਛਾਤੇ ਨੌਜਵਾਨ ਸ਼ਾਮਲ ਹਨ। ਇਸ ਸਬੰਧੀ ਜਦੋਂ ਧਨੌਲਾ ਪੁਲਿਸ ਦੇ ਸਬ-ਇੰਸਪੈਕਟਰ ਬਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।