ਪਿੰਡ ਅਲਕੜਾ ਦਾ ਨੌਜਵਾਨ ਬਣਿਆ ਮਿਸਾਲ, ਦਿਲ ਦੀ ਬੀਮਾਰੀ ਨੂੰ ਮਾਤ ਦੇ ਕੇ ਕੈਲੀਸਥੇਨਿਕਸ ਖੇਡ 'ਚ ਬਣਾਇਆ ਵੱਖਰਾ ਨਾਂ ਜਿਸ ’ਚ ਕੁੱਝ ਕਰਨ ਦਾ ਜਜਬਾ ਹੋਵੇ ਤਾਂ ਉਹ ਵਿਅਕਤੀ ਕੁੱਝ ਵੀ ਕਰ ਸਕਦਾ ਹੈ ਤੇ ਹਰ ਮੁਸੀਬਤ ਨੂੰ ਪਾਰ ਕਰਕੇ ਆਪਣਾ ਰਸਤਾ ਲੱਭ ਲੈਂਦਾ ਹੈ, ਅਜਿਹਾ ਹੀ ਕਰ ਦਿਖਾਇਆ ਹੈ, ਜਿਲ੍ਹੇ ਦੇ ਪਿੰਡ ਅਲਕੜਾ ਦੇ ਨੌਜਵਾਨ ਅਰਸਦੀਪ ਸਿੰਘ ਨੇ। ਜਿਸ ਨੇ ਦਿਲ ਦੀ ਗੰਭੀਰ ਬਿਮਾਰੀ ਤੋਂ ਪੀੜ੍ਹਤ ਹੋਣ ਦੇ ਬਾਵਜੂਦ ਵੀ ਆਪਣੇ ਸਰੀਰ ਨੂੰ ਫਿੱਟ ਰੱਖਦਿਆਂ ਕੈਲੀਸਥੇਨਿਕ ਖੇਡ ਦੀ ਪਰੈਕਟਿਸ ਸ਼ੁਰੂ ਕੀਤੀ ਤੇ ਆਪਣੀ ਬਿਮਾਰੀ ’ਤੇ ਕਾਬੂ ਪਾਇਆ। ਹੁਣ ਨੌਜਵਾਨ ਜਿੱਥੇ ਮਾਪਿਆਂ ਦਾ ਨਾਮ ਰੌਸ਼ਨ ਕਰ ਚੁੱਕਿਆ ਹੈ, ਉੱਥੇ ਹੀ ਪਿੰਡ ਦਾ ਨਾਮ ਵੀ ਚਮਕਾ ਰਿਹਾ ਹੈ ਤੇ ਹੋਰਨਾ ਨੌਜਵਾਨਾਂ ਲਈ ਪ੍ਰੇਰਣਾਦਾਇਕ ਸਾਬਿਤ ਹੋ ਰਿਹਾ ਹੈ।
Publish Date: Sun, 23 Aug 2026 03:57 PM (IST)
Updated Date: Sun, 23 Aug 2026 03:59 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਜਿਸ ’ਚ ਕੁੱਝ ਕਰਨ ਦਾ ਜਜਬਾ ਹੋਵੇ ਤਾਂ ਉਹ ਵਿਅਕਤੀ ਕੁੱਝ ਵੀ ਕਰ ਸਕਦਾ ਹੈ ਤੇ ਹਰ ਮੁਸੀਬਤ ਨੂੰ ਪਾਰ ਕਰਕੇ ਆਪਣਾ ਰਸਤਾ ਲੱਭ ਲੈਂਦਾ ਹੈ, ਅਜਿਹਾ ਹੀ ਕਰ ਦਿਖਾਇਆ ਹੈ, ਜਿਲ੍ਹੇ ਦੇ ਪਿੰਡ ਅਲਕੜਾ ਦੇ ਨੌਜਵਾਨ ਅਰਸਦੀਪ ਸਿੰਘ ਨੇ। ਜਿਸ ਨੇ ਦਿਲ ਦੀ ਗੰਭੀਰ ਬਿਮਾਰੀ ਤੋਂ ਪੀੜ੍ਹਤ ਹੋਣ ਦੇ ਬਾਵਜੂਦ ਵੀ ਆਪਣੇ ਸਰੀਰ ਨੂੰ ਫਿੱਟ ਰੱਖਦਿਆਂ ਕੈਲੀਸਥੇਨਿਕ ਖੇਡ ਦੀ ਪਰੈਕਟਿਸ ਸ਼ੁਰੂ ਕੀਤੀ ਤੇ ਆਪਣੀ ਬਿਮਾਰੀ ’ਤੇ ਕਾਬੂ ਪਾਇਆ। ਹੁਣ ਨੌਜਵਾਨ ਜਿੱਥੇ ਮਾਪਿਆਂ ਦਾ ਨਾਮ ਰੌਸ਼ਨ ਕਰ ਚੁੱਕਿਆ ਹੈ, ਉੱਥੇ ਹੀ ਪਿੰਡ ਦਾ ਨਾਮ ਵੀ ਚਮਕਾ ਰਿਹਾ ਹੈ ਤੇ ਹੋਰਨਾ ਨੌਜਵਾਨਾਂ ਲਈ ਪ੍ਰੇਰਣਾਦਾਇਕ ਸਾਬਿਤ ਹੋ ਰਿਹਾ ਹੈ।
ਪਿੰਡ ਅਲਕੜਾ ਦਾ ਨੌਜਵਾਨ ਹੋਰਨਾਂ ਲਈ ਬਣਿਆ ਮਿਸਾਲ ਜਾਣਕਾਰੀ ਅਨੁਸਾਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਅਲਕੜਾ ਦੇ ਰਹਿਣ ਵਾਲੇ ਨੌਜਵਾਨ ਅਰਸ਼ਦੀਪ ਸਿੰਘ ਨੇ ਇੱਕ ਵੱਖਰੀ ਉਦਾਹਰਣ ਪੇਸ਼ ਕੀਤੀ ਹੈ। ਅਰਸ਼ਦੀਪ ਕੈਲੀਸਥੇਨਿਕ ਖੇਡ ਦਾ ਅਭਿਆਸ ਕਰਦਾ ਹੈ ਤੇ ਹੁਣ ਉਹ ਇਸ ਖੇਡ ’ਚ ਇੰਨਾ ਮਾਹਿਰ ਹੋ ਗਿਆ ਹੈ ਕਿ ਉਸ ਵੱਲੋਂ ਇਸ ਖੇਡ ਦੇ ਕੀਤੇ ਜਾਣ ਵਾਲੇ ਅਭਿਆਸ ਤੁਹਾਨੂੰ ਹੈਰਾਨ ਕਰ ਦੇਣਗੇ। ਨੌਜਵਾਨ ਆਪਣੀ ਮਿਹਨਤ, ਲਗਨ ਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਸਦਕਾ ਹੋਰਨਾਂ ਨੌਜਵਾਨਾਂ ਲਈ ਮਿਸਾਲ ਬਣਿਆ ਹੋਇਆ ਹੈ। ਨੌਜਵਾਨ ਵੱਲੋਂ ਆਪਣੇ ਉੱਦਮ ਨਾਲ ਨਾ ਸਿਰਫ਼ ਆਪਣੀ ਵੱਖਰੀ ਪਛਾਣ ਬਣਾਈ ਗਈ ਹੈ, ਸਗੋਂ ਪਿੰਡ ਦੇ ਹੋਰਨਾਂ ਨੌਜਵਾਨਾਂ ਨੂੰ ਵੀ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਸ ਦੀ ਸੋਚਅਤੇ ਸਮਾਜ ਲਈ ਕੁਝ ਕਰਨ ਦਾ ਜਜ਼ਬਾ ਨੌਜਵਾਨ ਪੀੜ੍ਹੀ ਲਈ ਪ੍ਰੇਰਣਾਦਾਇਕ ਹੈ। ਉਸ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਪਿੰਡ ’ਚ ਸ਼ਲਾਘਾ ਕੀਤੀ ਜਾ ਰਹੀ ਹੈ।
ਕੈਲੀਸਥੇਨਿਕ ਖੇਡਾਂ ਦੇ ਅਭਿਆਸ ਨੇ ਬਦਲੀ ਅਰਸ਼ਦੀਪ ਸਿੰਘ ਦੀ ਜ਼ਿੰਦਗੀ ਨੌਜਵਾਨ ਅਰਸਦੀਪ ਸਿੰਘ ਨੇ 'ਪੰਜਾਬੀ ਜਾਗਰਣ' ਨਾਲ ਖੁੱਲ ਕੇ ਗੱਲਬਾਤ ਕਰਦਿਆਂ ਦੱਸਿਆ ਕਿ ਕੈਲੀਸਥੇਨਿਕ ਖੇਡਾਂ ਦੇ ਅਭਿਆਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਨਾ ਸਿਰਫ਼ ਆਪਣੀ ਸਰੀਰਕ ਤੰਦਰੁਸਤੀ ’ਚ ਸੁਧਾਰ ਕੀਤਾ, ਸਗੋਂ ਹੋਰਨਾਂ ਨੌਜਵਾਨਾਂ ਲਈ ਵੀ ਪ੍ਰੇਰਣਾ ਦਾ ਸਰੋਤ ਬਣ ਰਿਹਾ ਹੈ। ਕੈਲੀਸਥੇਨਿਕ ਦੇ ਅਭਿਆਸ ਦੀ ਸ਼ੁਰੂਆਤ ਬਾਰੇ ਦੱਸਦਿਆ ਅਰਸ਼ਦੀਪ ਨੇ ਕਿਹਾ ਕਿ ਉਸਨੂੰ ਦਿਲ ਦੀ ਗੰਭੀਰ ਬਿਮਾਰੀ ਹੋ ਗਈ ਸੀ। ਦਿਲ ਦੇ ਟਸਲਿਆਂ ਦਾ ਸਾਇਜ ਘਟ ਗਿਆ ਸੀ। ਆਪਣਾ ਜ਼ਿਆਦਾਤਰ ਸਮਾਂ ਹਸਪਤਾਲਾਂ ’ਵਿੱਚ ਬਿਤਾਉਣ ਕਾਰਨ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗਾ। ਅਰਸ਼ਦੀਪ ਨੇ ਡਿਪਰੈਸ਼ਨ ਤੋਂ ਬਾਹਰ ਨਿਕਲਣ ਲਈ ਕੈਲੀਸਥੇਨਿਕ ਖੇਡਾਂ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਅਰਸ਼ਦੀਪ ਨਾ ਸਿਰਫ਼ ਡਿਪਰੈਸ਼ਨ ਤੋਂ ਬਾਹਰ ਆਇਆ ਸਗੋਂ ਉਸਨੇ ਆਪਣੇ ਸਰੀਰ ਨੂੰ ਫੌਲਾਦ ਵਰਗਾ ਵੀ ਬਣਾਇਆ। ਅਰਸ਼ਦੀਪ ਦੱਸਦਾ ਹੈ ਕਿ ਉਹ ਹਫਤੇ ’ਚ ਪੰਜ ਦਿਨ ਆਪਣੇ ਘਰ ਦੇ ਨਜ਼ਦੀਕ ਖੇਤਾਂ ’ਚ ਹੀ ਕੈਲਸਥੇਨਿਕ ਦਾ ਅਭਿਆਸ ਕਰਦਾ ਹੈ। ਇਸ ਤੋਂ ਇਲਾਵਾ ਉਹ ਸਰੀਰਕ ਕਸਰਤ ਲਈ ਜਿੰਮ ਵੀ ਨਹੀਂ ਜਾਂਦਾ ਸਗੋਂ ਉਸਦਾ ਕਹਿਣਾ ਹੈ ਕਿ ਘਰ ਦੇ ਕੰਮ ਹੀ ਉਸ ਲਈ ਜਿੰਮ ਦੀ ਕਸਰਤ ਹਨ। ਸਰੀਰਕ ਤੰਦਰੁਤਸੀ ਦੇ ਲਈ ਉਹ ਕੋਈ ਸਪਲੀਮੈਂਟ ਦਾ ਇਸਤੇਮਾਲ ਨਹੀਂ ਕਰਦਾ ਸਗੋਂ ਉਹ ਘਰ ਦੀ ਦੇਸੀ ਖੁਰਾਕ ਹੀ ਖਾਂਦਾ ਹੈ।
ਫ਼ਾਸਟ ਫੂਡ ਬੰਦ ਕਰਕੇ, ਅੱਧਾ ਘੰਟਾ ਕਰੋ ਪ੍ਰੈਕਟਿਸ : ਅਰਸਦੀਪ ਸਿੰਘ ਨੌਜਵਾਨ ਅਰਸਦੀਪ ਸਿੰਘ ਨੇ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਫ਼ਾਸਟ ਫੂਡ ਤੋਂ ਪਰਹੇਜ਼ ਕਰਕੇ ਹਰ ਰੋਜ਼ ਘੱਟੋ-ਘੱਟ ਅੱਧਾ ਘੰਟਾ ਕਸਰਤ ਜਾਂ ਖੇਡਾਂ ਦਾ ਅਭਿਆਸ ਕਰਨਾ ਚਾਹੀਦਾ ਹੈ। ਕੈਲੀਸਥੇਨਿਕ ਖੇਡਾਂ ਦੇ ਅਭਿਆਸ ਨਾਲ ਆਪਣੀ ਜ਼ਿੰਦਗੀ ‘ਚ ਬਦਲਾਅ ਲਿਆਉਣ ਵਾਲੇ ਕਿਹਾ ਕਿ ਅੱਜ ਦੇ ਸਮੇਂ ‘ਚ ਨੌਜਵਾਨਾਂ ਦਾ ਰੁਝਾਨ ਫ਼ਾਸਟ ਫੂਡ ਵੱਲ ਵਧ ਰਿਹਾ ਹੈ, ਜਿਸ ਕਾਰਨ ਸਰੀਰਕ ਗਤੀਵਿਧੀਆਂ ਘੱਟ ਰਹਿ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਆਪਣੀ ਰੋਜ਼ਾਨਾ ਜ਼ਿੰਦਗੀ ‘ਚ ਥੋੜ੍ਹਾ ਸਮਾਂ ਕਸਰਤ ਅਤੇ ਖੇਡਾਂ ਲਈ ਕੱਢਣ ਤਾਂ ਉਹ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਨ। ਅਰਸਦੀਪ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਅਤੇ ਹੋਰ ਮਾੜੀਆਂ ਆਦਤਾਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ। ਉਨ੍ਹਾਂ ਕਿਹਾ ਕਿ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਵੱਸਦਾ ਹੈ ਅਤੇ ਖੇਡਾਂ ਨੌਜਵਾਨਾਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ ਤੇ ਮਿਹਨਤ ਦੀ ਭਾਵਨਾ ਪੈਦਾ ਕਰਦੀਆਂ ਹਨ।
ਜਿਨ੍ਹਾਂ ਮਾਪਿਆਂ ਦੇ ਬੱਚੇ ਨਸ਼ਿਆਂ ਤੋਂ ਰਹਿਤ ਤੇ ਲਾਇਕ ਹਨ, ਉਹੀ ਉਨ੍ਹਾਂ ਦੀ ਅਮੀਰੀ : ਮਾਤਾ-ਪਿਤਾ ਅਰਸਦੀਪ ਸਿੰਘ ਦੇ ਪਿਤਾ ਗੁਰਮੇਲ ਸਿੰਘ ਤੇ ਮਾਤਾ ਗੁਰਮੀਤ ਕੌਰ ਨੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਿੱਖਿਆ, ਖੇਡਾਂ ਤੇ ਮਿਹਨਤ ਵੱਲ ਵਧਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਮਾਪਿਆਂ ਲਈ ਸਭ ਤੋਂ ਵੱਡੀ ਦੌਲਤ ਉਨ੍ਹਾਂ ਦੇ ਬੱਚਿਆਂ ਦੀ ਚੰਗੀ ਪਰਵਰਿਸ਼, ਕਾਬਲੀਅਤ ਅਤੇ ਸਫ਼ਲਤਾ ਹੁੰਦੀ ਹੈ। ਮਾਤਾ-ਪਿਤਾ ਨੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਨਸ਼ਿਆਂ ਤੋਂ ਰਹਿਤ, ਮਿਹਨਤੀ ਅਤੇ ਲਾਇਕ ਹੁੰਦੇ ਹਨ, ਉਹੀ ਉਨ੍ਹਾਂ ਦੀ ਅਸਲ ਅਮੀਰੀ ਹੁੰਦੀ ਹੈ। ਪੈਸਾ ਤੇ ਜਾਇਦਾਦ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰ ਸਕਦੇ ਹਨ, ਪਰ ਬੱਚਿਆਂ ਦਾ ਚੰਗੇ ਰਾਹ ’ਤੇ ਚੱਲਣਾ ਮਾਪਿਆਂ ਲਈ ਸਭ ਤੋਂ ਵੱਡੀ ਖੁਸ਼ੀ ਅਤੇ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਹੀ ਦਿਸ਼ਾ ਦੇਣ ‘ਚ ਮਾਪਿਆਂ ਦੀ ਭੂਮਿਕਾ ਬਹੁਤ ਅਹਿਮ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣ ਦੇ ਨਾਲ ਉਨ੍ਹਾਂ ਦੀਆਂ ਸੰਗਤਾਂ, ਰੁਚੀਆਂ ਅਤੇ ਗਤੀਵਿਧੀਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
ਮੇਰਾ ਮਕਸਦ ਪਿੰਡ ਦੇ ਬੱਚਿਆਂ ਨੂੰ ਖੇਡਾਂ ’ਚ ਅੱਗੇ ਲੈ ਕੇ ਜਾਣਾ : ਅਰਸਦੀਪ ਸਿੰਘ ਨੌਜਵਾਨ ਅਰਸਦੀਪ ਸਿੰਘ ਨੇ ਕਿਹਾ ਕਿ ਉਸ ਦਾ ਮੁੱਖ ਮਕਸਦ ਪਿੰਡ ਦੇ ਨੌਜਵਾਨਾਂ ਤੇ ਬੱਚਿਆਂ ਨੂੰ ਖੇਡਾਂ ਨਾਲ ਜੋੜ ਕੇ ਉਨ੍ਹਾਂ ਨੂੰ ਖੇਡਾਂ ਦੇ ਖੇਤਰ ‘ਚ ਅੱਗੇ ਲੈ ਕੇ ਜਾਣਾ ਹੈ। ਉਹ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਰਹੇ ਹਨ। ਖੇਡਾਂ ਨਾ ਸਿਰਫ਼ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ, ਸਗੋਂ ਨੌਜਵਾਨਾਂ ‘ਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਮਿਹਨਤ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾਵੇ ਤਾਂ ਉਹ ਆਪਣੀ ਪ੍ਰਤਿਭਾ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾ ਸਕਦੇ ਹਨ। ਅੱਜ ਨੌਜਵਾਨਾਂ ਨੂੰ ਨਸ਼ਿਆਂ ਤੇ ਮੋਬਾਈਲ ਦੀ ਵਧ ਰਹੀ ਆਦਤ ਤੋਂ ਦੂਰ ਰੱਖਣ ਲਈ ਖੇਡਾਂ ਸਭ ਤੋਂ ਵਧੀਆ ਸਾਧਨ ਹਨ। ਇਸੇ ਸੋਚ ਤਹਿਤ ਉਹ ਪਿੰਡ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਕੈਲੀਸਥੇਨਿਕ ਸਮੇਤ ਹੋਰ ਸਰੀਰਕ ਗਤੀਵਿਧੀਆਂ ਨਾਲ ਜੋੜਨ ਲਈ ਯਤਨਸ਼ੀਲ ਹਨ। ਉਹ ਚਾਹੁੰਦੇ ਹਨ ਕਿ ਪਿੰਡ ਦੇ ਬੱਚੇ ਅਤੇ ਨੌਜਵਾਨ ਆਪਣੀ ਮਿਹਨਤ ਸਦਕਾ ਖੇਡਾਂ ਦੇ ਖੇਤਰ ਵਿੱਚ ਨਾਮ ਕਮਾਉਣ ਅਤੇ ਪਿੰਡ ਦਾ ਮਾਣ ਵਧਾਉਣ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ।