- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੋਰੀ ਦੇ ਸ਼ੱਕ 'ਚ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਇੱਕ ਕਬਾੜ ਦੀ ਦੁਕਾਨ ਕਰਦੇ ਵਿਅਕਤੀ ਦੀ ਚੋਰੀ ਦੇ ਸ਼ੱਕ ’ਚ ਬੇਰਹਿਮੀ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਨੌਜਵਾਨ ਨੂੰ ਆਪਣੀ ਜਾਨ ਪੈਸੇ ਦੇ ਕੇ ਛੁਡਵਾਉਣੀ ਪਈ। ਪੀੜਤ ਨੌਜਵਾਨ ਨੇ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਹੋ ਕੇ ਪੁਲਿਸ ਨੂੰ ਆਪਣਾ ਦੁਖੜਾ ਸੁਣਾਇਆ ਹੈ ਪਰ ਹਾਲੇ ਤੱਕ ਪੁਲਿਸ ਨੇ ਇਸ ਮਾਮਲੇ ’ਚ ਕੋਈ ਐਕਸ਼ਨ ਨਹੀਂ ਲਿਆ ਹੈ। ਪੀੜਤ ਨੌਜਵਾਨ ਜੋ ਬੰਟੀ ਕੁਮਾਰ ਪੁੱਤਰ ਅਮਰਜੀਤ ਕੁਮਾਰ ਨੇ ਦੱਸਿਆ ਕਿ ਉਹ ਸਬਜ਼ੀ ਮੰਡੀ ’ਚ ਕਬਾੜ ਦੀ ਦੁਕਾਨ ਚਲਾਉਂਦਾ ਹੈ। ਲੰਘੀ 20 ਜੂਨ ਨੂੰ ਸਵੇਰੇ ਕਰੀਬ 9:00 ਵਜੇ ਆਪਣੀ ਦੁਕਾਨ ’ਤੇ ਆਇਆ ਸੀ ਤਾਂ ਇੰਨੇ ਨੂੰ ਆੜ੍ਹਤੀਆ ਤੇ ਪ੍ਰਾਪਰਟੀ ਡੀਲਰ ਨੇ ਆਪਣੇ 8/10 ਹੋਰ ਸਾਥੀਆਂ ਸਮੇਤ ਉੱਥੇ ਧਾਵਾ ਬੋਲ ਦਿੱਤਾ। ਇਹ ਸਾਰੇ ਜਣੇ ਉਸ ਨੂੰ ਜ਼ਬਰਦਸਤੀ ਬੰਨ੍ਹ ਕੇ ਬਾਜਾਖਾਨਾ ਰੋਡ ’ਤੇ ਸਥਿਤ ਇੱਕ ਉਸਾਰੀ ਅਧੀਨ ਹੋਟਲ ’ਚ ਅਗਵਾ ਕਰ ਕੇ ਲੈ ਗਏ। ਪੀੜਤ ਮੁਤਾਬਿਕ ਹੋਟਲ ਦੇ ਅੰਦਰ ਲਿਜਾ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਦੇ ਬੇਗੁਨਾਹ ਹੋਣ ਦੇ ਬਾਵਜੂਦ ਵੀ ਇਹ ਸਾਰਾ ਜੁਲਮ ਸਹਿਨ ਕੀਤਾ। ਉਸ ਨੂੰ ਆਪਣੀ ਜਾਨ ਬਚਾਉਣ ਲਈ ਪੈਸੇ ਦੇਣੇ ਪਏ। ਉਸ ਨੇ ਡੇਢ ਲੱਖ ਰੁਪਏ ਦੇ ਕਰੀਬ ਪੈਸੇ ਦੇ ਕੇ ਆਪਣੀ ਜਾਨ ਬਚਾਈ ਹੈ। ਉੱਧਰ ਧਿਰ ਦਾ ਕਹਿਣਾ ਹੈ ਕਿ ਨਿਰਮਾਣ ਅਧੀਨ ਹੋਟਲ ’ਚੋਂ ਕਰੀਬ 10/12 ਲੱਖ ਰੁਪਏ ਦਾ ਸਾਮਾਨ ਚੋਰੀ ਹੋਇਆ ਹੈ। ਜਿਹੜਾ ਕਬਾੜੀਏ ਕੋਲ ਪਹੁੰਚਣ ਦਾ ਸ਼ੱਕ ਕੀਤਾ ਜਾ ਰਿਹਾ ਹੈ। ਇਸ ਮਾਮਲੇ ’ਚ ਕਥਿਤ ਤੌਰ ’ਤੇ ਮੌਜੂਦਾ ‘ਆਪ’ ਸਰਕਾਰ ਦੇ ਇੱਕ ਵੱਡੇ ਲੀਡਰ ਵੱਲੋਂ ਵੀ ਪੈਸਿਆਂ ਦੇ ਲੈਣ-ਦੇਣ ਦੀ ਗੱਲ ਸਾਹਮਣੇ ਆਈ ਹੈ। ਪਰ ਇਸ ’ਚ ਕੀ ਸੱਚਾਈ ਹੈ ਇਹ ਪੁਲਿਸ ਕਾਰਵਾਈ ਤੋਂ ਬਾਅਦ ਸਾਹਮਣੇ ਆ ਸਕਦਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਬਿਆਨ ਤਾਂ ਲਿਖ ਲਏ ਹਨ ਪਰ ਹਾਲੇ ਤੱਕ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਨਹੀਂ ਕੀਤਾ ਗਿਆ। ਇਸ ਸਬੰਧੀ ਥਾਣਾ ਸਿਟੀ-1 ਬਰਨਾਲਾ ਦੇ ਐੱਸਐੱਚਓ ਇੰਸਪੈਕਟਰ ਲਖਵਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਪਹਿਲੀ ਨਜ਼ਰੇ ਕੁੱਝ ਸ਼ੱਕੀ ਜਾਪਦਾ ਹੈ। ਪੁਲਿਸ ਨੇ ਬਿਆਨ ਕਲਮਬੰਦ ਕਰ ਲਏ ਹਨ ਤੇ ਮੈਡੀਕਲ ਰਿਪੋਰਟ ਤੇ ਪੜਤਾਲ ਦੇ ਆਧਾਰ ’ਤੇ ਹੀ ਕਾਰਵਾਈ ਕੀਤੀ ਜਾਵੇਗੀ।