
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਬਰਨਾਲਾ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਇੱਕ ਵਿਅਕਤੀ ਨੂੰ ਬੰਦੀ ਬਣਾ ਕੇ 5 ਕਰੋੜ ਰੁਪਏ ਤੇ 2 ਕਿਲੋ ਸੋਨੇ ਦੀ ਫਿਰੌਤੀ ਮੰਗਣ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਗਿਆ

-- ਕੋਟਦੁਨੇ ਦੇ 'ਆਪ' ਸਰਪੰਚ ਖਿਲਾਫ਼ 16 ਮਾਮਲੇ ਦਰਜ
-- ਪੰਚਾਇਤ ਦੀ ਲੈਟਰਪੈਡ 'ਤੇ ਜ਼ਬਰਦਸਤੀ ਦਸਤਖ਼ਤ ਤੇ ਲੁੱਟ-ਖੋਹ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਬਰਨਾਲਾ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਇੱਕ ਵਿਅਕਤੀ ਨੂੰ ਬੰਦੀ ਬਣਾ ਕੇ 5 ਕਰੋੜ ਰੁਪਏ ਤੇ 2 ਕਿਲੋ ਸੋਨੇ ਦੀ ਫਿਰੌਤੀ ਮੰਗਣ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਗਿਆ। ਪੁਲਿਸ ਨੇ ਇਸ ਮਾਮਲੇ ਦੇ ਮੁੱਖ ਸਾਜ਼ਿਸ਼ਕਰਤਾ ਪਿੰਡ ਕੋਟਦੁੱਨਾ ਦੇ 'ਆਪ' ਸਰਪੰਚ ਸਮੇਤ 15 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ
ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਰਿੰਦਰ ਸਿੰਘ ਵਾਸੀ ਜਲੰਧਰ, ਹਾਲ ਆਬਾਦ ਸ੍ਰੀ ਗੁਰਦੁਆਰਾ ਸਾਹਿਬ ਕੋਟਦੁੱਨਾ 14 ਅਗਸਤ 2026 ਨੂੰ ਬਾਬਾ ਮਣੀ ਸਿੰਘ ਜੀ ਦੇ ਬਰਸੀ ਸਮਾਗਮ ਦੀਆਂ ਤਿਆਰੀਆਂ ਲਈ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਸੀ। ਇਸੇ ਦੌਰਾਨ ਪਿਕਅੱਪ, ਇਨੋਵਾ ਤੇ ਤਿੰਨ ਹੋਰ ਗੱਡੀਆਂ 'ਚ ਸਵਾਰ ਹੋ ਕੇ ਕਰੀਬ 20 ਵਿਅਕਤੀ ਆਏ, ਜਿਨ੍ਹਾਂ 'ਚੋਂ ਕੁੱਝ ਨਿਹੰਗ ਸਿੰਘਾਂ ਦੇ ਬਾਣੇ 'ਚ ਸਨ।
ਅਸਲੇ ਤੇ ਮਾਰੂ ਹਥਿਆਰਾਂ ਨਾਲ ਲੈਸ ਇਨ੍ਹਾਂ ਵਿਅਕਤੀਆਂ ਨੇ ਸੁਰਿੰਦਰ ਸਿੰਘ ਤੇ ਸੇਵਾਦਾਰਾਂ ਨੂੰ ਹਥਿਆਰਾਂ ਦੀ ਨੋਕ 'ਤੇ ਬੰਦੀ ਬਣਾ ਲਿਆ ਤੇ ਕੁੱਟਮਾਰ ਕੀਤੀ। ਮੁਲਜ਼ਮਾਂ ਨੇ ਬੇਅਦਬੀ ਦਾ ਝੂਠਾ ਦੋਸ਼ ਲਗਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ 5 ਕਰੋੜ ਰੁਪਏ ਤੇ 2 ਕਿਲੋ ਸੋਨੇ ਦੀ ਮੰਗ ਕੀਤੀ। ਬਾਅਦ 'ਚ 1.5 ਕਰੋੜ ਰੁਪਏ 'ਚ ਸੌਦਾ ਤੈਅ ਹੋਇਆ।
--ਪੰਚਾਇਤ ਦੀ ਲੈਟਰਪੈਡ 'ਤੇ ਜ਼ਬਰਦਸਤੀ ਦਸਤਖ਼ਤ ਤੇ ਲੁੱਟ-ਖੋਹ
ਮੁਲਜ਼ਮਾਂ ਨੇ ਸ਼ਿਕਾਇਤਕਰਤਾ ਕੋਲੋਂ ਗ੍ਰਾਮ ਪੰਚਾਇਤ ਤੇ ਨਿਹੰਗ ਸਿੰਘਾਂ ਦੇ ਲੈਟਰ ਪੈਡ ਦੇ ਖ਼ਾਲੀ ਪੰਨਿਆਂ 'ਤੇ ਜ਼ਬਰਦਸਤੀ ਦਸਤਖ਼ਤ ਕਰਵਾ ਲਏ ਤੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਛੱਡਣ ਦੀਆਂ ਧਮਕੀਆਂ ਦਿੱਤੀਆਂ। ਇਸ ਤੋਂ ਇਲਾਵਾ, ਉਸ ਦਾ ਕਿੱਟ ਬੈਗ ਖੋਹ ਕੇ 30,000 ਰੁਪਏ ਨਕਦ, ਮੋਬਾਈਲ ਫ਼ੋਨ ਤੇ 2 ਏ.ਟੀ.ਐੱਮ. ਕਾਰਡ (ਪਾਸਵਰਡ ਸਮੇਤ) ਲੈ ਲਏ। ਬਰਨਾਲਾ ਵਿਖੇ ਸ਼ਿਕਾਇਤਕਰਤਾ ਪਾਸੋਂ 5 ਲੱਖ ਰੁਪਏ ਹੋਰ ਵਸੂਲੇ ਗਏ। ਜਦੋਂ ਮੁਲਜ਼ਮ 20 ਲੱਖ ਰੁਪਏ ਦੀ ਹੋਰ ਕਿਸ਼ਤ ਵਸੂਲਣ ਆਏ ਤਾਂ ਪੁਲਿਸ ਟੀਮ ਨੇ ਜਾਲ ਵਿਛਾ ਕੇ ਉਨ੍ਹਾਂ ਨੂੰ ਧਨੌਲਾ ਥਾਣੇ ਅਧੀਨ ਕਾਬੂ ਕਰ ਲਿਆ। ਉਹਨਾਂ ਕੋਲ 12 ਬੋਰ ਦੀਆਂ 2 ਰਾਇਫ਼ਲਾਂ, 10 ਜਿੰਦਾ ਕਾਰਤੂਸ ਤੇ ਤੀਰ-ਕਮਾਨ, 8 ਕਿਰਪਾਨਾਂ ਸਣੇ ਬਲਵਿੰਦਰ ਸਿੰਘ ਉਰਫ਼ ਬਿੰਦਰ, ਗੁਰਵਿੰਦਰ ਸਿੰਘ ਦੋਵੇਂ ਵਾਸੀ ਕੋਟਦੁੱਨਾ, ਜਸਵਿੰਦਰ ਸਿੰਘ ਪੰਧੇਰ, ਬਾਬਾ ਨਰੈਣ ਸਿੰਘ, ਜਸਕਰਨਪ੍ਰੀਤ ਸਿੰਘ , ਵੀਰ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਰੇਸ਼ਮ ਸਿੰਘ, ਅਨੰਦਪ੍ਰੀਤ ਸਿੰਘ ਹਮੀਰਾ, ਗੁਰਪ੍ਰੀਤ ਸਿੰਘ, ਧਰਮ ਸਿੰਘ ਤੇ ਵਿਨੋਦ ਕੁਮਾਰ ਵਜੋਂ ਹੋਈ ਹੈ
--"ਆਪ" ਸਰਪੰਚ ਖਿਲਾਫ਼ 16 ਮਾਮਲੇ ਦਰਜ
ਆਮ ਆਦਮੀ ਪਾਰਟੀ ਦੇ ਪਿੰਡ ਕੋਟ ਦੋਨਾਂ ਦੇ ਸਰਪੰਚ ਬਲਜਿੰਦਰ ਸਿੰਘ ਉਰਫ਼ ਕਿੰਦਾ ਖਿਲਾਫ 16 ਮਾਮਲੇ ਦਰਜ ਹਨ। ਜਦ ਕਿ
ਗੁਰਵਿੰਦਰ ਸਿੰਘ 'ਤੇ 5 ਮਾਮਲੇ ਦਰਜ, ਬਲਵਿੰਦਰ ਸਿੰਘ 'ਤੇ 4 ਮਾਮਲੇ ਦਰਜ, ਜਸਵਿੰਦਰ ਸਿੰਘ 'ਤੇ 2 ਮਾਮਲੇ ਦਰਜ, ਬਾਬਾ ਨਰੈਣ ਸਿੰਘ 'ਤੇ 2 ਮਾਮਲੇ ਦਰਜ ਹਨ। ਪੁਲਿਸ ਵੱਲੋਂ ਮੁਲਜ਼ਮਾਂ ਦਾ ਅਦਾਲਤ 'ਚੋਂ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਨਾਲ ਕਈ ਹੋਰ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।