- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਨਾਈਵਾਲਾ ਤੋਂ ਰਾਏਸਰ ਤੱਕ ਨਵੀਂ ਬਣੀ ਲਿੰਕ ਸੜਕ ਦਾ ਕੰਮ ਅਧੂਰਾ

- ਬਰਸਾਤਾਂ ਤੋਂ ਪਹਿਲਾਂ ਬਰਮਾਂ ਨਾ ਭਰਨ ਕਾਰਨ ਲੋਕਾਂ ’ਚ ਚਿੰਤਾ
- ਕਿਨਾਰਿਆਂ ’ਤੇ ਮਿੱਟੀ ਨਾ ਪੈਣ ਕਾਰਨ ਵਧੀ ਹਾਦਸਿਆਂ ਦੀ ਸੰਭਾਵਨਾ
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ
ਮਹਿਲ ਕਲਾਂ : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਸ਼ੇਰ ਸਿੰਘ ਪੁਰਾ (ਨਾਈਵਾਲਾ) ਤੋਂ ਰਾਏਸਰ ਨੂੰ ਜੋੜਦੀ ਨਵੀਂ ਬਣੀ ਲਿੰਕ ਸੜਕ ਦਾ ਨਿਰਮਾਣ ਭਾਵੇਂ ਮੁਕੰਮਲ ਕਰ ਦਿੱਤਾ ਗਿਆ ਹੈ, ਪਰ ਸੜਕ ਦੇ ਕਿਨਾਰਿਆਂ (ਬਰਮਾਂ) ਦਾ ਕੰਮ ਅਜੇ ਤੱਕ ਪੂਰਾ ਨਾ ਹੋਣ ਕਾਰਨ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਬਰਸਾਤਾਂ ਤੋਂ ਪਹਿਲਾਂ ਸੜਕ ਦੇ ਬਕਾਇਆ ਕੰਮ ਨੂੰ ਮੁਕੰਮਲ ਨਾ ਕੀਤਾ ਗਿਆ ਤਾਂ ਨਵੀਂ ਬਣੀ ਸੜਕ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਹੈ ਅਤੇ ਸਰਕਾਰੀ ਧਨ ਵੀ ਵਿਅਰਥ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਲਗਭਗ ਡੇਢ ਮਹੀਨਾ ਪਹਿਲਾਂ ਨਾਈਵਾਲਾ ਤੋਂ ਰਾਏਸਰ ਤੱਕ ਕਰੀਬ ਛੇ ਕਿਲੋਮੀਟਰ ਲੰਬੀ ਲਿੰਕ ਸੜਕ ਨੂੰ ਨਵੇਂ ਸਿਰੇ ਤੋਂ ਤਿਆਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਇਹ ਸੜਕ ਕਾਫ਼ੀ ਸਮੇਂ ਤੋਂ ਖਸਤਾ ਹਾਲਤ ਵਿੱਚ ਸੀ, ਜਿਸ ਕਾਰਨ ਲੋਕਾਂ ਨੂੰ ਆਵਾਜਾਈ ਦੌਰਾਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਨਵੀਂ ਸੜਕ ਬਣਨ ਨਾਲ ਲੋਕਾਂ ਨੂੰ ਵੱਡੀ ਰਾਹਤ ਤਾਂ ਮਿਲੀ ਹੈ, ਪਰ ਸੜਕ ਦੇ ਦੋਵਾਂ ਪਾਸਿਆਂ ਮਿੱਟੀ ਨਾ ਪਾਉਣ ਅਤੇ ਬਰਮਾਂ ਨੂੰ ਮਜ਼ਬੂਤ ਨਾ ਕਰਨ ਕਾਰਨ ਇਸ ਦੀ ਮਜ਼ਬੂਤੀ ਉੱਤੇ ਸਵਾਲ ਖੜ੍ਹੇ ਹੋ ਰਹੇ ਹਨ।
ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਸੜਕ ਦੇ ਕਈ ਹਿੱਸਿਆਂ ਨਾਲ ਨਾਜਾਇਜ਼ ਕਬਜ਼ੇ ਹੋਣ ਕਾਰਨ ਕਿਨਾਰਿਆਂ ’ਤੇ ਲਗਾਈਆਂ ਇੱਟਾਂ ਉੱਖੜਣ ਲੱਗ ਪਈਆਂ ਹਨ। ਕਈ ਥਾਵਾਂ ’ਤੇ ਬਰਮਾਂ ਵਿੱਚ ਮਿੱਟੀ ਦੀ ਘਾਟ ਹੋਣ ਕਰ ਕੇ ਸੜਕ ਦੇ ਕਿਨਾਰੇ ਪਹਿਲੀ ਹੀ ਬਰਸਾਤ ਤੋਂ ਬਾਅਦ ਬੈਠਣੇ ਸ਼ੁਰੂ ਹੋ ਗਏ ਹਨ। ਹਾਲ ਹੀ ਵਿੱਚ ਹੋਈ ਹਲਕੀ ਬਰਸਾਤ ਦੌਰਾਨ ਵੀ ਕਈ ਥਾਵਾਂ ’ਤੇ ਸੜਕ ਦੇ ਕਿਨਾਰੇ ਖੁਰਨ ਦੇ ਨਿਸ਼ਾਨ ਸਾਹਮਣੇ ਆਏ ਹਨ, ਜਿਸ ਨਾਲ ਭਾਰੀ ਵਾਹਨਾਂ ਦੀ ਆਵਾਜਾਈ ਸਮੇਂ ਹਾਦਸਿਆਂ ਦਾ ਖ਼ਤਰਾ ਹੋਰ ਵੱਧ ਗਿਆ ਹੈ। ਭਾਵੇਂ ਕੁਝ ਜਾਗਰੂਕ ਕਿਸਾਨਾਂ ਨੇ ਆਪਣੇ ਖ਼ਰਚੇ ’ਤੇ ਸੜਕ ਦੇ ਕਿਨਾਰਿਆਂ ’ਤੇ ਮਿੱਟੀ ਪਾ ਕੇ ਉਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ, ਪਰ ਸੜਕ ਦੇ ਵੱਡੇ ਹਿੱਸੇ ’ਤੇ ਅਜੇ ਵੀ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਬਰਮਾਂ ਨੂੰ ਮਜ਼ਬੂਤ ਨਾ ਕੀਤਾ ਗਿਆ ਤਾਂ ਬਰਸਾਤੀ ਮੌਸਮ ਦੌਰਾਨ ਸੜਕ ਦੇ ਕਿਨਾਰੇ ਹੋਰ ਧੱਸ ਸਕਦੇ ਹਨ, ਜਿਸ ਨਾਲ ਨਾ ਸਿਰਫ਼ ਸੜਕ ਨੂੰ ਨੁਕਸਾਨ ਹੋਵੇਗਾ, ਸਗੋਂ ਕਿਸੇ ਵੀ ਵੇਲੇ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਇਲਾਕਾ ਵਾਸੀਆਂ ਨੇ ਲੋਕ ਨਿਰਮਾਣ ਵਿਭਾਗ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਾਈਵਾਲਾ-ਰਾਏਸਰ ਲਿੰਕ ਸੜਕ ਦੇ ਬਕਾਇਆ ਕੰਮ ਨੂੰ ਤੁਰੰਤ ਮੁਕੰਮਲ ਕਰਵਾਇਆ ਜਾਵੇ, ਸੜਕ ਦੇ ਦੋਵਾਂ ਪਾਸਿਆਂ ਬਰਮਾਂ ਨੂੰ ਲੋੜੀਂਦੀ ਮਿੱਟੀ ਨਾਲ ਮਜ਼ਬੂਤ ਕੀਤਾ ਜਾਵੇ ਅਤੇ ਜਿੱਥੇ ਨਾਜਾਇਜ਼ ਕਬਜ਼ੇ ਸੜਕ ਦੀ ਸੁਰੱਖਿਆ ਵਿੱਚ ਰੁਕਾਵਟ ਬਣ ਰਹੇ ਹਨ, ਉਨ੍ਹਾਂ ਖ਼ਿਲਾਫ਼ ਵੀ ਯੋਗ ਕਾਰਵਾਈ ਕੀਤੀ ਜਾਵੇ, ਤਾਂ ਜੋ ਨਵੀਂ ਬਣੀ ਸੜਕ ਲੰਬੇ ਸਮੇਂ ਤੱਕ ਲੋਕਾਂ ਦੀ ਸੇਵਾ ਕਰ ਸਕੇ।