ਡਾਕਟਰ ਨਾ ਮਿਲਣ ਕਾਰਨ ਔਰਤ ਦੀ ਮੌਤ, ਭੜਕੇ ਲੋਕਾਂ ਨੇ ਲਾਸ਼ ਸੜਕ ’ਤੇ ਰੱਖ ਕੇ ਲਾਇਆ ਜਾਮ
ਪੰਜਾਬ ਸਰਕਾਰ ਦੀ ਸਿਹਤ ਕ੍ਰਾਂਤੀ ਦਾਅਵਿਆਂ ਦੀ ਸੋਮਵਾਰ ਨੂੰ ਉਸ ਸਮੇਂ ਫੂਕ ਨਿਕਲ ਗਈ ਜਦ ਧਨੌਲਾ ਦੇ ਸਰਕਾਰੀ ਹਸਪਤਾਲ ’ਚ ਡਾਕਟਰ ਨਾ ਹੋਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ। ਇਲਾਕੇ ਦੇ ਸਰਕਾਰੀ ਹਸਪਤਾਲ ਦੀਆਂ ਖ਼ਸਤਾਹਾਲ ਸਿਹਤ ਸੇਵਾਵਾਂ ’ਤੇ ਇੱਕ ਵਾਰ ਫੇਰ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ। ਇੱਥੋਂ ਦੇ ਸਥਾਨਕ ਲੋਕਾਂ ਨੇ ਹਸਪਤਾਲ ਪ੍ਰਬੰਧਕਾਂ ’ਤੇ ਗੰਭੀਰ ਦੋਸ਼ ਲਾਉਂਦਿਆਂ ਆਖਿਆ ਹੈ ਕਿ ਐਮਰਜੈਂਸੀ ਵੇਲੇ ਹਸਪਤਾਲ ’ਚ ਕੋਈ ਡਾਕਟਰ ਮੌਜੂਦ ਨਹੀਂ ਸੀ, ਜਿਸ ਕਾਰਨ ਸਮੇਂ ਸਿਰ ਇਲਾਜ ਨਾ ਮਿਲਣ ਕਰਕੇ ਮੰਡੀ ਧਨੌਲਾ ਦੀ ਇੱਕ ਔਰਤ ਦੀ ਮੌਤ ਹੋ ਗਈ।
Publish Date: Mon, 20 Jul 2026 03:04 PM (IST)
Updated Date: Mon, 20 Jul 2026 03:10 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਪੰਜਾਬ ਸਰਕਾਰ ਦੀ ਸਿਹਤ ਕ੍ਰਾਂਤੀ ਦਾਅਵਿਆਂ ਦੀ ਸੋਮਵਾਰ ਨੂੰ ਉਸ ਸਮੇਂ ਫੂਕ ਨਿਕਲ ਗਈ ਜਦ ਧਨੌਲਾ ਦੇ ਸਰਕਾਰੀ ਹਸਪਤਾਲ ’ਚ ਡਾਕਟਰ ਨਾ ਹੋਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ। ਇਲਾਕੇ ਦੇ ਸਰਕਾਰੀ ਹਸਪਤਾਲ ਦੀਆਂ ਖ਼ਸਤਾਹਾਲ ਸਿਹਤ ਸੇਵਾਵਾਂ ’ਤੇ ਇੱਕ ਵਾਰ ਫੇਰ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ। ਇੱਥੋਂ ਦੇ ਸਥਾਨਕ ਲੋਕਾਂ ਨੇ ਹਸਪਤਾਲ ਪ੍ਰਬੰਧਕਾਂ ’ਤੇ ਗੰਭੀਰ ਦੋਸ਼ ਲਾਉਂਦਿਆਂ ਆਖਿਆ ਹੈ ਕਿ ਐਮਰਜੈਂਸੀ ਵੇਲੇ ਹਸਪਤਾਲ ’ਚ ਕੋਈ ਡਾਕਟਰ ਮੌਜੂਦ ਨਹੀਂ ਸੀ, ਜਿਸ ਕਾਰਨ ਸਮੇਂ ਸਿਰ ਇਲਾਜ ਨਾ ਮਿਲਣ ਕਰਕੇ ਮੰਡੀ ਧਨੌਲਾ ਦੀ ਇੱਕ ਔਰਤ ਦੀ ਮੌਤ ਹੋ ਗਈ।
ਇਸ ਦੁਖਦਾਈ ਘਟਨਾ ਤੋਂ ਬਾਅਦ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ’ਚ ਭਾਰੀ ਰੋਸ ਫੈਲ ਗਿਆ। ਗੁੱਸੇ ’ਚ ਆਏ ਲੋਕਾਂ ਨੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਬਰਨਾਲਾ ਹਲਵਾਈ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੁੰਦਰੀ ਦੀ ਅਗਵਾਈ ਹੇਠ ਮ੍ਰਿਤਕ ਬੀਬੀ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਧਨੌਲਾ ਦੇ ਅੱਗੇ ਸੜਕ ’ਤੇ ਰੱਖ ਕੇ ਧਰਨਾ ਲਾ ਦਿੱਤਾ ਅਤੇ ਮੁੱਖ ਮਾਰਗ ਪੂਰੀ ਤਰ੍ਹਾਂ ਜਾਮ ਕਰ ਦਿੱਤਾ।
ਮੌਕੇ ’ਤੇ ਸੁਖਵਿੰਦਰ ਸਿੰਘ ਮੁੰਦਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਮਜੀਤ ਕੌਰ ਪਤਨੀ ਬਿੱਕਰ ਸਿੰਘ ਦੀ ਦੇਰ ਸ਼ਾਮ ਅਚਾਨਕ ਤਬੀਅਤ ਖ਼ਰਾਬ ਹੋ ਗਈ ਸੀ। ਪਰਿਵਾਰ ਵਾਲੇ ਤੁਰੰਤ ਭੱਜ-ਨੱਠ ਕਰਕੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਧਨੌਲਾ ਲੈ ਕੇ ਪਹੁੰਚੇ।
ਪਰਿਵਾਰ ਦਾ ਦੋਸ਼ ਹੈ ਕਿ ਉਸ ਵੇਲੇ ਹਸਪਤਾਲ ’ਚ ਕੋਈ ਵੀ ਡਾਕਟਰ ਮੌਜੂਦ ਨਹੀਂ ਸੀ ਅਤੇ ਨਾ ਹੀ ਡਿਊਟੀ 'ਤੇ ਹਾਜ਼ਰ ਸਟਾਫ਼ ਵੱਲੋਂ ਮਰੀਜ਼ ਨੂੰ ਕੋਈ ਫਸਟ-ਏਡ ਜਾਂ ਟੀਕਾ ਲਾਇਆ ਗਿਆ। ਸਮੇਂ ਸਿਰ ਇਲਾਜ ਨਾ ਮਿਲਣ ਕਰਕੇ ਔਰਤ ਨੇ ਹਸਪਤਾਲ ’ਚ ਹੀ ਦਮ ਤੋੜ ਦਿੱਤਾ। ਇਸ ਲਾਪ੍ਰਵਾਹੀ ਨੂੰ ਦੇਖ ਕੇ ਪਰਿਵਾਰ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਉਨ੍ਹਾਂ ਨੇ ਲਾਸ਼ ਸੜਕ ’ਤੇ ਰੱਖ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਪਿੰਡਾਂ ਦਾ ਇੱਕੋ ਸਹਾਰਾ ਪਰ ਸੁਣਵਾਈ ਕੋਈ ਨਹੀਂ
ਮ੍ਰਿਤਕ ਔਰਤ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਸ ਹਸਪਤਾਲ ਦੀ ਇਮਾਰਤ ’ਤੇ ਧਨੌਲਾ ਸ਼ਹਿਰ ਸਮੇਤ ਆਲੇ-ਦੁਆਲੇ ਦੇ ਕਰੀਬ 28 ਪਿੰਡਾਂ ਦੀ ਵੱਡੀ ਆਬਾਦੀ ਨਿਰਭਰ ਕਰਦੀ ਹੈ। ਪਰ ਲੰਮੇ ਸਮੇਂ ਤੋਂ ਇੱਥੇ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਭਾਰੀ ਘਾਟ ਚੱਲ ਰਹੀ ਹੈ, ਜਿਸ ਦਾ ਖ਼ਾਮਿਆਜ਼ਾ ਗ਼ਰੀਬ ਮਰੀਜ਼ਾਂ ਨੂੰ ਆਪਣੀ ਜਾਨ ਦੇ ਕੇ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੁਪਹਿਰ ਤੋਂ ਬਾਅਦ ਹਸਪਤਾਲ ’ਚ ਡਾਕਟਰਾਂ ਦਾ ਮਿਲਣਾ ਨਾਮੁਮਕਿਨ ਵਰਗਾ ਹੋ ਜਾਂਦਾ ਹੈ।
ਐਮਰਜੈਂਸੀ ਵੇਲੇ ਮਰੀਜ਼ਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੁੰਦਾ
ਰਾਸ਼ਟਰੀ ਰਾਜਮਾਰਗ ’ਤੇ ਰੋਜ਼ਾਨਾ ਹਾਦਸੇ ਹੁੰਦੇ ਰਹਿੰਦੇ ਹਨ ਪਰ 24 ਘੰਟੇ ਐਮਰਜੈਂਸੀ ਸੇਵਾਵਾਂ ਨਾ ਹੋਣ ਕਰਕੇ ਮਰੀਜ਼ਾਂ ਨੂੰ ਤੁਰੰਤ ਬਰਨਾਲਾ ਜਾਂ ਹੋਰ ਸ਼ਹਿਰਾਂ ਵੱਲ ਰੈਫ਼ਰ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਰਾਹ ’ਚ ਹੀ ਕਈਆਂ ਦੀ ਮੌਤ ਹੋ ਜਾਂਦੀ ਹੈ।
ਚਾਹੇ ਪ੍ਰਦਰਸ਼ਨਕਾਰੀਆਂ ਵੱਲੋਂ ਸੜਕ ’ਤੇ ਜਾਮ ਲਗਾਉਣ ਉਪਰੰਤ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚੇ। ਖ਼ਬਰ ਲਿਖੇ ਜਾਣ ਤੱਕ ਬੱਸ ਸਟੈਂਡ ਦੇ ਸਾਹਮਣੇ ਸੈਂਕੜੇ ਸ਼ਹਿਰ ਨਿਵਾਸੀਆਂ ਵੱਲੋਂ ਲਾਸ਼ ਰੱਖ ਕੇ ਜਾਮ ਅਤੇ ਪ੍ਰਦਰਸ਼ਨ ਲਗਾਤਾਰ ਜਾਰੀ ਸੀ। ਮਾਹੌਲ ਗਰਮਾਉਂਦਾ ਦੇਖ ਥਾਣਾ ਧਨੌਲਾ ਦੇ ਐੱਸ.ਐੱਚ.ਓ. ਇੰਸਪੈਕਟਰ ਲਖਬੀਰ ਸਿੰਘ ਆਪਣੀ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਨੂੰ ਕੰਟਰੋਲ ’ਚ ਰੱਖਿਆ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਇਸ ਦੌਰਾਨ ਤਹਿਸੀਲਦਾਰ ਰਜਨੀਸ਼ ਗੋਇਲ ਨੇ ਵੀ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਕੋਲੋਂ ਇੱਕ ਮੰਗ ਪੱਤਰ ਲਿਆ, ਜਿਸ ਨੂੰ ਅੱਗੇ ਉੱਚ ਅਧਿਕਾਰੀਆਂ ਅਤੇ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਮੰਡੀ ਧਨੌਲਾ ਦੇ ਮੋਹਤਬਰ ਵਿਅਕਤੀਆਂ, ਜਿਨ੍ਹਾਂ ’ਚ ਕੌਂਸਲਰ ਬੂਟਾ ਸਿੰਘ, ਕੌਂਸਲਰ ਸਾਹਿਬ ਸਿੰਘ ਸੋਢੀ, ਡਾਕਟਰ ਸ਼ੰਕਰ ਬਾਂਸਲ, ਡਾਕਟਰ ਵਿਸ਼ਾਲ ਵੀਰ, ਜਗਤਾਰ ਸਿੰਘ ਧਨੌਲਾ, ਕੌਂਸਲਰ ਬਿੱਲੂ ਖਾਂ, ਵਪਾਰ ਮੰਡਲ ਦੇ ਪ੍ਰਧਾਨ ਰਮਨ ਕੁਮਾਰ ਵਰਮਾ, ਪ੍ਰਧਾਨ ਕਰਮਜੀਤ ਸਿੰਘ, ਪ੍ਰਧਾਨ ਚਮਕੌਰ ਸਿੰਘ ਗੱਗੀ, ਰਾਮਲੀਲਾ ਕਲੱਬ ਦੇ ਪ੍ਰਧਾਨ ਰਜਿੰਦਰ ਕੁਮਾਰ, ਰਵਿੰਦਰ ਰਾਮਾ, ਗਗਨਦੀਪ ਵਰਮਾ, ਨਰੇਸ਼ ਕੁਮਾਰ ਨੇਸ਼ੀ ਅਤੇ ਰਿਟਾਇਰਡ ਇੰਸਪੈਕਟਰ ਧਰਮਪਾਲ ਸ਼ਾਮਲ ਸਨ, ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਲਾਕਾ ਨਿਵਾਸੀਆਂ ਨੇ ਸਾਫ਼ ਸ਼ਬਦਾਂ ’ਚ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਅਤੇ ਸਿਹਤ ਵਿਭਾਗ ਨੇ ਹਸਪਤਾਲ ’ਚ ਪੱਕੇ ਡਾਕਟਰਾਂ, ਮਾਹਿਰ ਡਾਕਟਰਾਂ ਦੀ ਤਾਇਨਾਤੀ, 24 ਘੰਟੇ ਐਮਰਜੈਂਸੀ ਸੇਵਾਵਾਂ ਅਤੇ ਲੋੜੀਂਦਾ ਪੈਰਾਮੈਡੀਕਲ ਸਟਾਫ਼ ਤੁਰੰਤ ਮੁਹੱਈਆ ਨਾ ਕਰਵਾਇਆ ਤਾਂ ਆਉਣ ਵਾਲੇ ਦਿਨਾਂ ’ਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਇੱਕ ਵੱਡਾ ਜਨ-ਅੰਦੋਲਨ ਉਲੀਕਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਿੱਧੀ ਪ੍ਰਸ਼ਾਸਨ ਦੀ ਹੋਵੇਗੀ।