ਪਿੰਡ ਵਾਸੀਆਂ ਕੀਤੀ ਵਿਧਾਇਕ ਭਰਾਜ 'ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਪਿੰਡ ਵਾਸੀਆਂ ਕੀਤੀ ਵਿਧਾਇਕ ਭਰਾਜ 'ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ
Publish Date: Fri, 09 Oct 2026 05:09 PM (IST)
Updated Date: Sat, 10 Oct 2026 04:03 AM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਅਤੇ ਪਿੰਡ ਭਰਾਜ ਦੇ ਵਸਨੀਕਾਂ ਨੇ ਭਰਾਜ ਤੋਂ ਗੱਜੂਮਾਜਰਾ ਤੱਕ ਬਣ ਰਹੀ ਸੜਕ ਦੀ ਨਵੀਂ ਉਸਾਰੀ ਤੋਂ ਪਹਿਲਾਂ ਨਿਸ਼ਾਨਦੇਹੀ ਕਰਵਾਉਣ ਦੀ ਮੰਗ ਨੂੰ ਲੈ ਕੇ ਐੱਸਡੀਐੱਮ ਭਵਾਨੀਗੜ੍ਹ ਨੂੰ ਮੰਗ ਪੱਤਰ ਸੌਂਪਿਆ। ਇਸ ਤੋਂ ਪਹਿਲਾਂ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣਾ ਰੋਸ ਪ੍ਰਗਟਾਇਆ। ਇਸ ਮੌਕੇ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਲੱਖੇਵਾਲ, ਸਾਬਕਾ ਸਰਪੰਚ ਰਾਮ ਸਿੰਘ ਭਰਾਜ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਮੌਜੂਦਾ ਸਰਕਾਰ ਵੱਲੋਂ ਭਰਾਜ ਤੋਂ ਗੱਜੂਮਾਜਰਾ ਤੱਕ ਪੁਰਾਣੀ ਲਿੰਕ ਸੜਕ ਨੂੰ ਚੌੜਾ ਕਰਕੇ ਨਵੀਂ ਸੜਕ ਬਣਾਈ ਜਾ ਰਹੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸੜਕ ਨੂੰ ਚੌੜਾ ਕਰਨ ਲਈ ਇੱਕ ਪਾਸੇ ਤੋਂ ਹੀ ਜਗ੍ਹਾ ਲਈ ਜਾ ਰਹੀ ਹੈ, ਜਿਸ ਕਾਰਨ ਸੜਕ ਦੇ ਕਿਨਾਰੇ ਰਹਿਣ ਵਾਲੇ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੜਕ ਨੂੰ ਚੌੜਾ ਕਰਕੇ 18 ਫੁੱਟੀ ਬਣਾਉਣ ਤੋਂ ਬਾਅਦ ਇੱਕ ਸਾਈਡ ਨੌ ਫੁੱਟ ਜਗ੍ਹਾ ਬਚਦੀ ਹੈ ਜਦਕਿ ਦੋਨੇ ਪਾਸੇ ਅੱਧੀ ਅੱਧੀ ਜਗ੍ਹਾ ਬਚਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸੜਕ ਦੀ ਚੌੜਾਈ ਲਈ ਦੋਵਾਂ ਪਾਸਿਆਂ ਤੋਂ ਬਰਾਬਰ ਜਗ੍ਹਾ ਲੈਣ ਸਬੰਧੀ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਨਵੀਂ ਸੜਕ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪੂਰੀ ਨਿਸ਼ਾਨਦੇਹੀ ਕਰਵਾਈ ਜਾਵੇ। ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਸੜਕ ਦੀ ਨਿਸ਼ਾਨਦੇਹੀ ਕੀਤੀ ਗਈ ਸੀ, ਪਰ ਕਥਿਤ ਤੌਰ ’ਤੇ ਇੱਕ ਧਿਰ ਵੱਲੋਂ ਨਿਸ਼ਾਨਦੇਹੀ ਵਾਲੀਆਂ ਬੁਰਜੀਆਂ ਪੁੱਟ ਦਿੱਤੀਆਂ ਗਈਆਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਦੀ ਕਥਿਤ ਮਿਲੀਭੁਗਤ ਨਾਲ ਹੁਣ ਇੱਕ ਪਾਸੇ ਤੋਂ ਹੀ ਜਗ੍ਹਾ ਲੈ ਕੇ ਸੜਕ ਬਣਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸੇ ਵੀ ਤਰ੍ਹਾਂ ਦਾ ਵਿਵਾਦ ਖੜ੍ਹਾ ਹੋਣ ਤੋਂ ਰੋਕਣ ਲਈ ਸੜਕ ਦੀ ਨਿਸ਼ਾਨਦੇਹੀ ਮੁੜ ਕਰਵਾਈ ਜਾਵੇ ਅਤੇ ਸਾਰੇ ਸਬੰਧਤ ਪੱਖਾਂ ਦੀ ਮੌਜੂਦਗੀ ਵਿੱਚ ਮਾਮਲੇ ਦਾ ਨਿਪਟਾਰਾ ਕੀਤਾ ਜਾਵੇ। ਇਸ ਦੌਰਾਨ ਡੀਐਂਡਆਰ ਵਿਭਾਗ ਦੇ ਐੱਸਡੀਓ ਲਵਜੀਤ ਸਿੰਘ ਨੇ ਫ਼ੋਨ ਰਾਹੀਂ ਭਰੋਸਾ ਦਿੱਤਾ ਕਿ ਵਿਵਾਦ ਵਾਲੀ ਥਾਂ ਦੀ ਮੁੜ ਨਿਸ਼ਾਨਦੇਹੀ ਕਰਵਾਈ ਜਾਵੇਗੀ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਮੰਗ ਅਨੁਸਾਰ ਨਿਸ਼ਾਨਦੇਹੀ ਨਾ ਕਰਵਾਈ ਗਈ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।