- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਜੀਲੈਂਸ ਬਿਊਰੋ ਬਰਨਾਲਾ ਦੀ ਟੀਮ ਵੱਲੋਂ ਸਬ ਤਹਿਸੀਲ ਧਨੌਲਾ ਦੇ ਇੱਕ ਵਸੀਕਾ ਨਵੀਸ ਨੂੰ ਵਸੀਕਾ ਲਿਖਣ ਬਦਲੇ ਸਰਕਾਰ ਵੱਲੋਂ ਨਿਰਧਾਰਤ ਰਜਿਸਟਰੀ ਲਿਖਾਈ ਤੋਂ ਇਲਾਵਾ ਵੱਧ ਪੈਸੇ ਵਸੂਲਣ ਦੇ ਦੋਸ਼ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਵਿਜੀਲੈਂਸ ਬਿਊਰੋ ਬਰਨਾਲਾ ਦੀ ਟੀਮ ਵੱਲੋਂ ਸਬ ਤਹਿਸੀਲ ਧਨੌਲਾ ਦੇ ਇੱਕ ਵਸੀਕਾ ਨਵੀਸ ਨੂੰ ਵਸੀਕਾ ਲਿਖਣ ਬਦਲੇ ਸਰਕਾਰ ਵੱਲੋਂ ਨਿਰਧਾਰਤ ਰਜਿਸਟਰੀ ਲਿਖਾਈ ਤੋਂ ਇਲਾਵਾ ਵੱਧ ਪੈਸੇ ਵਸੂਲਣ ਦੇ ਦੋਸ਼ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਪਰਮਜੀਤ ਸਿੰਘ ਦੀ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਸਬ ਤਹਿਸੀਲ ਧਨੌਲਾ ਵਿਖੇ ਕੰਮ ਕਰ ਰਹੇ ਵਸੀਕਾ ਨਵੀਸ ਵਿਪਨ ਸਿੰਘ ਸਿੱਧੂ ਦੇ ਖ਼ਿਲਾਫ਼ ਰਜਿਸਟਰੀ ਸਬੰਧੀ ਵੱਧ ਪੈਸੇ ਲੈਣ ਦਾ ਲਗਾਇਆ ਦੋਸ਼ ਸਹੀ ਸਾਬਤ ਹੋਇਆ ਹੈ। ਉਹਨਾਂ ਕਿਹਾ ਕਿ ਸ਼ਿਕਾਇਤਕਰਤਾ ਪਰਮਜੀਤ ਸਿੰਘ ਵੱਲੋਂ ਪੇਸ਼ ਕੀਤੀ ਆਡੀਓ ਵੀਡੀਓ ਰਿਕਾਰਡਿੰਗ ਨੂੰ ਵਾਚਣ 'ਤੇ ਸਾਹਮਣੇ ਆਇਆ ਕਿ ਵਿਪਨ ਸਿੰਘ ਸਿੱਧੂ ਵੱਲੋਂ ਵਸੀਕਾ ਲਿਖਣ ਬਦਲੇ ਸਰਕਾਰ ਵੱਲੋਂ ਨਿਰਧਾਰਿਤ ਰਜਿਸਟਰੀ ਲਿਖਾਈ ਤੋਂ ਇਲਾਵਾ ਵੱਧ ਪੈਸੇ ਵਸੂਲ ਕਰਨੇ ਸਾਬਿਤ ਹੋਏ ਹਨ, ਇਸ ਤਰ੍ਹਾਂ ਉਸ ਵੱਲੋਂ ਆਮ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਸੀ ਜੋ ਕਾਨੂੰਨਨ ਅਪਰਾਧ ਬਣਦਾ ਹੈ।
ਉਹਨਾਂ ਦੱਸਿਆ ਕਿ ਪੜਤਾਲ ਦੌਰਾਨ ਇਹ ਤੱਥ ਵੀ ਸਾਹਮਣੇ ਆਇਆ ਕਿ ਸ਼ਿਕਾਇਤਕਰਤਾ ਪਰਮਜੀਤ ਸਿੰਘ ਵੱਲੋਂ ਖਰੀਦ ਕੀਤੇ ਰੂੜੀ ਵਾਲੇ ਪਲਾਟ ਦਾ ਵਸੀਕਾ ਵਿਪਨ ਸਿੰਘ ਸਿੱਧੂ ਨੇ ਆਪਣੇ ਦਫ਼ਤਰ ਸਬ ਤਹਿਸੀਲ ਧਨੌਲਾ ਵਿਖੇ ਡਰਾਫਟ ਕੀਤਾ ਪ੍ਰੰਤੂ ਉਕਤ ਵਸੀਕਾ 'ਤੇ ਵਿਪਨ ਸਿੰਘ ਸਿੱਧੂ ਨੇ ਆਪਣੀ ਮੋਹਰ ਲਗਾਉਣ ਦੀ ਬਜਾਏ ਗੁਲਸ਼ਨ ਕੁਮਾਰ ਐਡਵੋਕੇਟ ਜ਼ਿਲ੍ਹਾ ਕਚਹਿਰੀਆਂ ਬਰਨਾਲਾ ਦੀ ਮੋਹਰ ਲਗਾ ਕੇ ਜਾਅਲੀ ਦਸਤਖ਼ਤ ਕੀਤੇ ਜਦਕਿ ਵਿਪਨ ਸਿੰਘ ਸਿੱਧੂ ਕੋਲ ਆਪਣਾ ਵਸੀਕਾ ਲਿਖਣ ਸਬੰਧੀ ਅਧਿਕਾਰਤ ਲਾਇਸੰਸ 1/DWL/BNL1996 ਮੌਜੂਦ ਹੈ।
ਉਹਨਾਂ ਦੱਸਿਆ ਕਿ ਮਾਮਲੇ 'ਅਗਲੇਰੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਗੁਲਸ਼ਨ ਕੁਮਾਰ ਅਗਰਵਾਲ ਜ਼ਿਲ੍ਹਾ ਕਚਹਿਰੀ ਬਰਨਾਲਾ ਵਿਖੇ ਹੀ ਬਤੌਰ ਪੇਸ਼ੇਵਰ ਵਕੀਲ ਅਤੇ ਨੋਟਰੀ ਦਾ ਕੰਮ ਕਰਦਾ ਹੈ। ਗੁਲਸ਼ਨ ਕੁਮਾਰ ਉਕਤ ਵੱਲੋਂ ਇਹ ਵਸੀਕਾ ਡਰਾਫਟ ਨਹੀਂ ਕੀਤਾ ਗਿਆ ਤੇ ਨਾ ਹੀ ਕਦੇ ਉਹ ਸਬ ਤਹਿਸੀਲ ਧਨੌਲਾ ਵਿਖੇ ਗਿਆ ਹੈ ਅਤੇ ਨਾ ਹੀ ਉਕਤ ਵਸੀਕੇ ਨਾਲ ਸਬੰਧਿਤ ਵਿਅਕਤੀਆਂ ਨੂੰ ਉਹ ਜਾਣਦਾ ਹੈ, ਜਿਸ ਤੋਂ ਸਾਬਤ ਹੋਇਆ ਕਿ ਵਿਪਨ ਸਿੰਘ ਸਿੱਧੂ ਵੱਲੋਂ ਆਮ ਪਬਲਿਕ ਨੂੰ ਧੋਖੇ ਵਿੱਚ ਰੱਖ ਕੇ ਵਸੀਕਿਆਂ ਉੱਪਰ ਜਾਅਲੀ ਮੋਹਰ ਅਤੇ ਜਾਅਲੀ ਦਸਤਖ਼ਤ ਕਰਕੇ ਸਬ ਰਜਿਸਟਾਰ ਧਨੌਲਾ ਪਾਸੋਂ ਰਜਿਸਟਰ ਕਰਵਾਏ ਜਾਂਦੇ ਹਨ ਅਤੇ ਇਹ ਰਜਿਸਟਰੀਆਂ ਕਰਨ ਬਦਲੇ ਵਿਪਨ ਸਿੰਘ ਸਿੱਧੂ ਵੱਲੋਂ ਆਮ ਪਬਲਿਕ
ਤੋਂ ਸਰਕਾਰ ਵੱਲੋਂ ਨਿਰਧਾਰਿਤ ਰਜਿਸਟਰੀ ਲਿਖਾਈ ਫੀਸ ਤੋਂ ਇਲਾਵਾ ਨਜਾਇਜ਼ ਪੈਸੇ ਵਸੂਲ ਕੀਤੇ ਜਾਂਦੇ ਸਨ ਅਤੇ ਆਪਣੇ ਲਿਖੇ ਹੋਏ ਵਸੀਕੇ ਉੱਪਰ ਆਪਣੀ ਮੋਹਰ ਲਗਾਉਣ ਦੀ ਬਜਾਏ ਕਿਸੇ ਹੋਰ ਦੀ ਮੋਹਰ ਲਗਾ ਕੇ ਜਾਅਲੀ ਦਸਤਖ਼ਤ ਕਰਕੇ ਵਸੀਕੇ ਰਜਿਸਟਰ ਕਰਵਾਏ ਜਾਂਦੇ ਸਨ ਜੋ ਕਿ ਇੱਕ ਘੋਰ ਅਪਰਾਧ ਬਣਦਾ ਹੈ।
ਉਹਨਾਂ ਦੱਸਿਆ ਕਿ ਰਾਜਪ੍ਰਿਤਪਾਲ ਸਿੰਘ ਤਹਿਸੀਲਦਾਰ ਧਨੌਲਾ ਵੱਲੋਂ ਵੀ ਬਿਆਨ ਦਰਜ ਕਰਵਾਏ ਗਏ ਹਨ ਕਿ ਜੇਕਰ ਰਜਿਸਟਰੀ ਕਲਰਕ ਜਾਂ ਸਬੰਧਿਤ ਵਸੀਕਾ ਨਵੀਸ ਵੱਲੋਂ ਖਰੀਦਦਾਰ ਪਾਸੋਂ ਕੋਈ ਵਾਧੂ ਅਦਾਇਗੀ ਹਾਸਿਲ ਕੀਤੀ ਗਈ ਤਾਂ ਉਹਨਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ ਜਿਸ ਤੋਂ ਬਾਅਦ ਵਿਪਨ ਸਿੰਘ ਸਿੱਧੂ ਵਸੀਕਾ ਨਵੀਸ ਸਬ ਤਹਿਸੀਲ ਧਨੌਲਾ ਜ਼ਿਲ੍ਹਾ ਬਰਨਾਲਾ ਪੁੱਤਰ ਸੁਰਿੰਦਰ ਸਿੰਘ ਸਿੱਧੂ ਵਾਸੀ ਪੱਤੀ ਸੇਖਵਾਂ ਰੋਡ ਬਰਨਾਲਾ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।