- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਘਰ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ, ਕਈ ਦਰਜਨ ਜ਼ਖ਼ਮੀ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਪਿੰਡ ਕੁੱਬੇ ਦੇ ਗੁਰਦੁਆਰਾ ਸਿੰਘਪੁਰਾ ਸਾਹਿਬ ’ਚ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਨੂੰ ਲੈ ਕੇ ਚੱਲ ਰਿਹਾ ਵਿਵਾਦ ਸੋਮਵਾਰ ਨੂੰ ਟਕਰਾਅ ’ਚ ਬਦਲ ਗਿਆ। ਗੁਰੂ ਘਰ ਦੇ ਮਸਲੇ ਨੂੰ ਲੈ ਕੇ ਪਿੰਡ ’ਚ ਬਣੀਆਂ ਦੋ ਧਿਰਾਂ ਦੇ ਲੋਕ ਆਪਸ ’ਚ ਭਿੜ ਗਏ। ਇਸ ਦੌਰਾਨ ਦੋਵਾਂ ਧਿਰਾਂ ਦੀਆਂ ਔਰਤਾਂ ਸਮੇਤ ਕਈ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਧਨੌਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਦਕਿ ਕੁਝ ਜ਼ਖ਼ਮੀਆਂ ਨੂੰ ਬਰਨਾਲਾ ਰੈਫ਼ਰ ਕੀਤਾ ਗਿਆ। ਪਿੰਡ ਵਾਸੀਆਂ ਅਨੁਸਾਰ ਕਣਕ ਦੀ ਫ਼ਸਲ ਪੱਕਣ ਸਮੇਂ ਓਲਾਵਰਖਾ ਤੋਂ ਬਚਾਅ ਤੇ ਪਿੰਡ ਦੀ ਸੁੱਖ-ਸ਼ਾਂਤੀ ਲਈ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਕਰਵਾਉਣ ਦੀ ਰਵਾਇਤ ਰਹੀ ਹੈ। ਇਸ ਵਾਰ ਅਖੰਡ ਪਾਠ ਸਾਹਿਬ ਕਰਵਾਉਣ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ। ਪਿੰਡ ਵਾਸੀਆਂ ਨੇ ਕਥਿੱਤ ਤੌਰ ’ਤੇ ਦੋਸ਼ ਲਾਇਆ ਕਿ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਬੂਟਾ ਸਿੰਘ ਵੱਲੋਂ ਅਖੰਡ ਪਾਠ ਸਾਹਿਬ ਕਰਵਾਉਣ ਤੋਂ ਰੋਕਿਆ ਗਿਆ, ਜਿਸ ਤੋਂ ਬਾਅਦ ਮਾਮਲਾ ਲਗਾਤਾਰ ਵਧਦਾ ਗਿਆ ਤੇ ਪਿੰਡ ’ਚ ਦੋ ਧਿਰਾਂ ਬਣ ਗਈਆਂ। ਵਿਵਾਦ ਨੂੰ ਸੁਲਝਾਉਣ ਲਈ ਦੋਵਾਂ ਧਿਰਾਂ ਵੱਲੋਂ ਅੱਠ-ਅੱਠ ਮੈਂਬਰਾਂ ਦੀਆਂ ਕਮੇਟੀਆਂ ਵੀ ਬਣਾਈਆਂ ਗਈਆਂ ਸਨ। ਇਸ ਦੇ ਬਾਵਜੂਦ ਸੋਮਵਾਰ ਨੂੰ ਕਿਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਮੁੜ ਤਕਰਾਰ ਹੋ ਗਈ, ਜੋ ਬਾਅਦ ਵਿੱਚ ਹੱਥੋਪਾਈ ਵਿੱਚ ਬਦਲ ਗਈ। ਇਸ ਘਟਨਾ ’ਚ ਬੇਬੇ ਤੇਜ ਕੌਰ, ਮਨਜੀਤ ਕੌਰ, ਲਾਲ ਸਿੰਘ, ਬਲਜੀਤ ਸਿੰਘ ਅਤੇ ਸਰਬਜੀਤ ਸਿੰਘ ਸਮੇਤ ਕਈ ਵਿਅਕਤੀ ਜ਼ਖ਼ਮੀ ਹੋਏ ਹਨ। ਇਸ ਮੌਕੇ ਬਾਬਾ ਰਾਜਵਿੰਦਰ ਸਿੰਘ ਮੂਸੇਵਾਲੇ ਨੇ ਬਾਬਾ ਬੂਟਾ ਸਿੰਘ ਨੂੰ ਵਿਵਾਦ ਤੋਂ ਦੂਰ ਰਹਿਣ ਅਤੇ ਪਹਿਲਾਂ ਹੋਏ ਫ਼ੈਸਲਿਆਂ ’ਤੇ ਸਹਿਮਤੀ ਬਣਾਈ ਰੱਖਣ ਦੀ ਅਪੀਲ ਕੀਤੀ। ਪਿੰਡ ਵਾਸੀਆਂ ਵੱਲੋਂ ਵੀ ਮਾਮਲੇ ਨੂੰ ਸ਼ਾਂਤੀਪੂਰਵਕ ਹੱਲ ਕਰਨ ਦੀ ਮੰਗ ਕੀਤੀ ਗਈ ਹੈ।
: ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ: ਡੀਐਸਪੀ
ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਰਜਿੰਦਰਪਾਲ ਸਿੰਘ, ਸੀਏ ਸਟਾਫ਼ ਦੇ ਇੰਸਪੈਕਟਰ ਬਲਜੀਤ ਸਿੰਘ ਅਤੇ ਇੰਸਪੈਕਟਰ ਲਖਵੀਰ ਸਿੰਘ ਸਮੇਤ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਸਥਿਤੀ ਨੂੰ ਕਾਬੂ ਕੀਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।