ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਬਰਨਾਲਾ 'ਚ ਪੁਲਿਸ ਤੇ ਬੰਬ ਨਿਰੋਧਕ ਦਸਤੇ ਵੱਲੋਂ ਸਰਚ ਆਪ੍ਰੇਸ਼ਨ, ਸਹਿਮੇ ਲੋਕ ਬਰਨਾਲਾ ਜ਼ਿਲ੍ਹਾ ਕਚਹਿਰੀ ਦੇ ਵਿਹੜੇ 'ਚ ਸ਼ਨੀਵਾਰ ਦਿਨ-ਦਿਹਾੜੇ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਅਦਾਲਤੀ ਕੰਪਲੈਕਸ ਨੂੰ ਉਡਾਉਣ ਬਾਰੇ ਇੱਕ ਧਮਕੀ ਭਰੀ ਈ-ਮੇਲ ਪਹੁੰਚੀ। ਇਹ ਖ਼ਬਰ ਉਦੋਂ ਆਈ ਜਦੋਂ ਅੰਦਰ ਰਾਸ਼ਟਰੀ ਲੋਕ ਅਦਾਲਤ ਚੱਲ ਰਹੀ ਸੀ ਤੇ ਲੋਕਾਂ ਦਾ ਖਾਸਾ ਇੱਕਠ ਸੀ। ਈ-ਮੇਲ ਦੀ ਖ਼ਬਰ ਲੱਗਦਿਆਂ ਹੀ ਪੁਲਿਸ ਪ੍ਰਸ਼ਾਸਨ ਦੇ ਹੱਥਾਂ-ਪੈਰਾਂ ਦੀ ਪੈ ਗਈ। ਪੁਲਿਸ ਨੇ ਬਿਨਾਂ ਸਮਾਂ ਗਵਾਏ ਆਪਣੀਆਂ ਟੀਮਾਂ ਨੂੰ ਕਚਹਿਰੀ ਵੱਲ ਤੌਰ ਦਿੱਤਾ। ਪੁਲਿਸ ਨੇ ਨਿਊਂ-ਸੂਘਣ ਵਾਲੇ ਕੁੱਤਿਆਂ ਨਾਲ ਚੱਪੇ-ਚੱਪੇ ਦੀ ਡੂੰਘੀ ਛਾਣ-ਬੀਣ ਕੀਤੀ ਤੇ ਪੂਰੇ ਇਲਾਕੇ 'ਚ ਪਹਿਰਾ ਤਕੜਾ ਕਰ ਦਿੱਤਾ।
Publish Date: Sun, 13 Sep 2026 03:33 PM (IST)
Updated Date: Sun, 13 Sep 2026 03:35 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਬਰਨਾਲਾ ਜ਼ਿਲ੍ਹਾ ਕਚਹਿਰੀ ਦੇ ਵਿਹੜੇ 'ਚ ਸ਼ਨੀਵਾਰ ਦਿਨ-ਦਿਹਾੜੇ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਅਦਾਲਤੀ ਕੰਪਲੈਕਸ ਨੂੰ ਉਡਾਉਣ ਬਾਰੇ ਇੱਕ ਧਮਕੀ ਭਰੀ ਈ-ਮੇਲ ਪਹੁੰਚੀ। ਇਹ ਖ਼ਬਰ ਉਦੋਂ ਆਈ ਜਦੋਂ ਅੰਦਰ ਰਾਸ਼ਟਰੀ ਲੋਕ ਅਦਾਲਤ ਚੱਲ ਰਹੀ ਸੀ ਤੇ ਲੋਕਾਂ ਦਾ ਖਾਸਾ ਇੱਕਠ ਸੀ। ਈ-ਮੇਲ ਦੀ ਖ਼ਬਰ ਲੱਗਦਿਆਂ ਹੀ ਪੁਲਿਸ ਪ੍ਰਸ਼ਾਸਨ ਦੇ ਹੱਥਾਂ-ਪੈਰਾਂ ਦੀ ਪੈ ਗਈ। ਪੁਲਿਸ ਨੇ ਬਿਨਾਂ ਸਮਾਂ ਗਵਾਏ ਆਪਣੀਆਂ ਟੀਮਾਂ ਨੂੰ ਕਚਹਿਰੀ ਵੱਲ ਤੌਰ ਦਿੱਤਾ। ਪੁਲਿਸ ਨੇ ਨਿਊਂ-ਸੂਘਣ ਵਾਲੇ ਕੁੱਤਿਆਂ ਨਾਲ ਚੱਪੇ-ਚੱਪੇ ਦੀ ਡੂੰਘੀ ਛਾਣ-ਬੀਣ ਕੀਤੀ ਤੇ ਪੂਰੇ ਇਲਾਕੇ 'ਚ ਪਹਿਰਾ ਤਕੜਾ ਕਰ ਦਿੱਤਾ।
ਜਾਂਚ 'ਚ ਕੋਈ ਸ਼ੱਕੀ ਚੀਜ਼ ਨਹੀਂ ਥਿਆਈ : ਐੱਸਐੱਸਪੀ ਜ਼ਿਲ੍ਹਾ ਪੁਲਿਸ ਕਪਤਾਨ ਮੁਹੰਮਦ ਸਰਫ਼ਰਾਜ ਆਲਮ ਨੇ ਦੱਸਿਆ ਕਿ ਧਮਕੀ ਵਾਲੀ ਈ-ਮੇਲ ਦਾ ਪਤਾ ਲੱਗਦਿਆਂ ਹੀ ਡੀਐੱਸਪੀ ਜਸਵਿੰਦਰ ਕੌਰ ਦੀ ਅਗਵਾਈ 'ਚ ਪੁਲਿਸ ਦੀ ਟੀਮ ਤੇ ਡੌਗ ਸਕੁਐਡ ਨੂੰ ਤੁਰੰਤ ਕਚਹਿਰੀ ਭੇਜ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਸਾਰੇ ਕੰਪਲੈਕਸ ਨੂੰ ਚੰਗੀ ਤਰ੍ਹਾਂ ਫਰੋਲਿਆ, ਪਰ ਖੋਜ-ਬੀਣ ਦੌਰਾਨ ਕੋਈ ਵੀ ਮਾੜੀ ਜਾਂ ਸ਼ੱਕੀ ਚੀਜ਼ ਹੱਥ ਨਹੀਂ ਲੱਗੀ। ਉਨ੍ਹਾਂ ਆਖਿਆ ਕਿ ਪੁਲਿਸ ਹਰ ਪਲ ਪੂਰੀ ਨਿਗ੍ਹਾ ਰੱਖ ਰਹੀ ਹੈ ਤੇ ਇਹ ਈ-ਮੇਲ ਕਿੱਥੋਂ ਤੇ ਕਿਸ ਨੇ ਭੇਜੀ ਹੈ, ਉਸ ਦੀਆਂ ਤੰਦਾਂ ਵੀ ਲੱਭੀਆਂ ਜਾ ਰਹੀਆਂ ਹਨ।
ਲੋਕ ਅਦਾਲਤ ਵੇਲੇ ਵਰਤੀ ਗਈ ਪੂਰੀ ਚੌਕਸੀ ਜਿਸ ਵੇਲੇ ਇਹ ਭਾਣਾ ਵਰਤਿਆ, ਉਸ ਵੇਲੇ ਲੋਕ ਅਦਾਲਤ ਕਾਰਨ ਕਚਹਿਰੀ 'ਚ ਅਮਲੇ-ਫੈਲੇ ਤੋਂ ਇਲਾਵਾ ਵਕੀਲਾਂ ਤੇ ਆਮ ਲੋਕਾਂ ਦਾ ਚੰਗਾ ਇਕੱਠ ਸੀ। ਇਸੇ ਕਰਕੇ ਪੁਲਿਸ ਨੇ ਕਿਸੇ ਵੀ ਮਾੜੀ ਘਟਨਾ ਤੋਂ ਬਚਣ ਲਈ ਝੱਟਪੱਟ ਪੜਤਾਲ ਕੀਤੀ। ਜਾਂਚ 'ਚ ਕੋਈ ਖਤਰੇ ਵਾਲੀ ਗੱਲ ਨਾ ਨਿਕਲਣ 'ਤੇ ਸਭ ਨੇ ਸੁੱਖ ਦਾ ਸਾਹ ਲਿਆ ਤੇ ਮਾਹੌਲ ਸ਼ਾਂਤ ਰਿਹਾ। ਪੁਲਿਸ ਅਫ਼ਸਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀਆਂ ਫੋਕੀਆਂ ਅਫਵਾਹਾਂ 'ਚ ਨਾ ਆਉਣ ਤੇ ਜੇ ਕੋਈ ਸ਼ੱਕੀ ਬੰਦਾ ਜਾਂ ਚੀਜ਼ ਦਿਸੇ ਤਾਂ ਤੁਰੰਤ ਪੁਲਿਸ ਨੂੰ ਇੱਤਲਾਹ ਦੇਣ।