- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਰਾਏਸਰ ਪੰਜਾਬ ਵਿਖੇ ਗ੍ਰਾਮ ਪੰਚਾਇਤ ਵੱਲੋਂ ਦਲਿਤ ਭਾਈਚਾਰੇ ਦੇ ਲੋਕਾਂ ਲਈ ਰੂੜੀਆਂ ਤੇ ਵਾੜਿਆਂ ਵਾਲੀ ਥਾਂ ਦੇ ਪਾਰਕ ਬਣਾਏ ਜਾਣ ਦੇ ਰੋਸ ਵਜੋਂ ਅੱਧੀ ਦਰਜਨ ਦੇ ਕਰੀਬ ਔਰਤਾਂ ਜ਼ਹਿਰੀਲੀ ਦਵਾਈ ਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ਤੇ ਜਾ ਚੜ੍ਹੀਆਂ।

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਰਾਏਸਰ ਪੰਜਾਬ ਵਿਖੇ ਗ੍ਰਾਮ ਪੰਚਾਇਤ ਵੱਲੋਂ ਦਲਿਤ ਭਾਈਚਾਰੇ ਦੇ ਲੋਕਾਂ ਲਈ ਰੂੜੀਆਂ ਤੇ ਵਾੜਿਆਂ ਵਾਲੀ ਥਾਂ ਦੇ ਪਾਰਕ ਬਣਾਏ ਜਾਣ ਦੇ ਰੋਸ ਵਜੋਂ ਅੱਧੀ ਦਰਜਨ ਦੇ ਕਰੀਬ ਔਰਤਾਂ ਜ਼ਹਿਰੀਲੀ ਦਵਾਈ ਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ਤੇ ਜਾ ਚੜ੍ਹੀਆਂ। ਇਸ ਮੌਕੇ ਦਲਿਤ ਭਾਈਚਾਰੇ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਤੇ ਪੰਚਾਇਤ ਵਿਭਾਗ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਬਲਾਕ ਸੰਮਤੀ ਮੈਂਬਰ ਜਸਵਿੰਦਰ ਕੌਰ ਪਤਨੀ ਗੁਰਜੰਟ ਸਿੰਘ ਖਾਲਸਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਪਾਸੇ ਤਾਂ ਸਟੇਜਾਂ ਤੇ ਮਰਹੂਮ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਗੀਤ ‘ ਤੂੰ ਮਘਦਾ ਰਹੀ ਵੇ ਸੂਰਜਾਂ ਕੰਮੀਆਂ ਦੇ ਵਿਹੜੇ ’ ਗਾਉਂਦੇ ਹਨ,ਦੂਜੇ ਪਾਸੇ ਉਸੇ ਮਾਨ ਦੀ ਸਰਕਾਰ ਅੰਦਰ ਗ੍ਰਾਮ ਪੰਚਾਇਤ ਤੇ ਪ੍ਰਸ਼ਾਸਨ ਵੱਲੋਂ ਸੰਤ ਰਾਮ ਉਦਾਸੀ ਦੇ ਵਾਰਸਾਂ ਨੂੰ ਉਜਾੜਿਆਂ ਜਾ ਰਿਹਾ ਹੈ। ਜਿਸ ਕਰਕੇ ਉਹ ਪਾਣੀ ਵਾਲੀ ਟੈਂਕੀ ਤੇ ਚੜਣ ਲਈ ਮਜਬੂਰ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਥਾਂ ਨੂੰ ਦਲਿਤ ਭਾਈਚਾਰੇ ਦੇ ਲੋਕ ਪਿਛਲੇ 50-60 ਸਾਲ ਤੋਂ ਰੂੜੀਆਂ ਤੇ ਵਾੜੇ ਲਈ ਵਰਤ ਰਹੇ ਹਨ,ਪਰ ਹੁਣ ਗ੍ਰਾਮ ਪੰਚਾਇਤ ਵੱਲੋਂ ਇਸ ਥਾਂ ਤੇ ਪਾਰਕ ਬਣਾਉਣ ਦੀ ਆੜ ’ਚ ਉਨ੍ਹਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰੇ ਵੱਲੋਂ ਇਨਸਾਫ਼ ਲਈ ਉਚ ਅਧਿਕਾਰੀਆਂ ਤੱਕ ਵੀ ਪਹੁੰਚ ਕੀਤੀ ਗਈ,ਪਰ ਇਨਸਾਫ਼ ਨਾ ਮਿਲਦਾ ਦੇਖ ਕੇ ਉਨ੍ਹਾਂ ਨੂੰ ਪਾਣੀ ਵਾਲੀ ਟੈਂਕੀ ਤੇ ਚੜਣ ਲਈ ਮਜਬੂਰ ਹੋਣਾ ਪਿਆ ਹੈ। ਇਸ ਮੌਕੇ ਗੁਰਜੰਟ ਸਿੰਘ ਖਾਲਸਾ,ਮੰਦਰ ਸਿੰਘ,ਕੁਲਵਿੰਦਰ ਕੌਰ,ਜਸਵੀਰ ਕੌਰ,ਅਮਨਦੀਪ ਕੌਰ,ਪਰਮਿੰਦਰ ਕੌਰ,ਸਮਨਦੀਪ ਕੌਰ ਨੇ ਕਿਹਾ ਕਿ ਪਿੰਡ ਅੰਦਰ ਮਰਹੂਮ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੀ ਯਾਦ ’ਚ ਪਾਰਕ ਤੇ ਹੋਰ ਯਾਦਗਾਰਾਂ ਪਹਿਲਾਂ ਹੀ ਮੌਜੂਦ ਹਨ,ਹੁਣ ਮਰਹੂਮ ਕਵੀ ਦੀ ਯਾਦਗਾਰ ਦੇ ਨਾਮ ਹੇਠ ਉਨ੍ਹਾਂ ਦੇ ਵਾਰਸਾਂ ਦੀ 50-60 ਤੋਂ ਰੂੜੀਆਂ ਤੇ ਵਾੜਿਆਂ ਵਾਲੀ ਥਾਂ ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰੇ ਕੋਲ ਰੂੜੀਆਂ ਤੇ ਵਾੜਿਆਂ ਲਈ ਸਿਰਫ਼ ਇਹ ਥਾਂ ਹੀ ਬਚੀ ਹੈ। ਇਸ ਤੋਂ ਬਿਨ੍ਹਾਂ ਦਲਿਤ ਭਾਈਚਾਰੇ ਕੋਲ ਕੋਈ ਹੋਰ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਹਾਲਤ ਇਸ ਥਾਂ ਤੇ ਕਬਜਾ ਨਹੀਂ ਕਰਨ ਦੇਣਗੇ। ਇਸ ਮਸਲੇ ਦਾ ਪਤਾ ਲੱਗਦਿਆਂ ਹੀ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਅਜੈਬ ਸਿੰਘ ਤੇ ਥਾਣਾ ਟੱਲੇਵਾਲ ਦੇ ਮੁੱਖ ਅਫ਼ਸਰ ਸਰਬਜੀਤ ਸਿੰਘ ਮੌਕੇ ਤੇ ਪੁੱਜੇ। ਉਨ੍ਹਾਂ ਧਰਨਾਕਾਰੀਆਂ ਸੰਜਮ ਵਰਤਣ ਦੀ ਅਪੀਲ ਕੀਤੀ।
ਪੰਚਾਇਤ ਵੱਲੋਂ ਮਜ਼ਦੂਰਾਂ ਨਾਲ ਧੱਕਾਂ ਨਹੀਂ ਕੀਤਾ ਜਾ ਰਿਹਾ ਪੰਚਾਇਤ
ਇਸ ਮੌਕੇ ਸਰਪੰਚ ਸੁਰਿੰਦਰ ਕੌਰ,ਉਨ੍ਹਾਂ ਦੇ ਪਤੀ ਬਲਵੀਰ ਸਿੰਘ ਤੇ ਪੰਚ ਮਨਪ੍ਰੀਤ ਸਿੰਘ ਨੇ ਕਿਹਾ ਗ੍ਰਾਮ ਪੰਚਾਇਤ ਵੱਲੋਂ ਇਸ ਥਾਂ ਤੇ ਪੰਜਾਬ ਸਰਕਾਰ ਦੀ ਰੰਗਲਾ ਪੰਜਾਬ ਮੁਹਿੰਮ ਤਹਿਤ ਗਰਾਉਡ ਬਣਾਇਆ ਜਾ ਰਿਹਾ ਹੈ। ਦਲਿਤ ਭਾਈਚਾਰੇ ਕੋਲ ਰੂੜੀਆਂ ਤੇ ਵਾੜਿਆਂ ਲਈ ਪਹਿਲਾਂ ਹੀ 3 ਕਨਾਲ 13 ਮਰਲੇ ਥਾਂ ਮੌਜੂਦ ਹੈ। ਪਰ ਉਸ ਥਾਂ ਤੇ ਦਲਿਤ ਭਾਈਚਾਰੇ ਵੱਲੋਂ ਸਫਾਈ ਕਰਕੇ ਗੁਰਦੁਆਰਾ ਸਾਹਿਬ ਬਣਾਉਣ ਲਈ ਕਿਹਾ ਜਾ ਰਿਹਾ ਹੈ ਤੇ ਗਰਾਉਂਡ ਵਾਲੀ ਥਾਂ ਦੇ ਵਾੜੇ ਲਾਏ ਜਾ ਰਹੇ ਹਨ। ਅਸੀ ਫਿਰ ਵੀ ਮਸਲੇ ਦਾ ਹੱਲ ਗੱਲਬਾਤ ਰਾਹੀ ਕੱਢਣ ਲਈ ਤਿਆਰ ਹਾਂ,ਪਰ ਔਰਤਾਂ ਸਾਨੂੰ ਗਾਲੀ ਗਲੋਚ ਕਰਦੀਆਂ ਹਨ। ਪੰਚਾਇਤ ਵੱਲੋਂ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਉਹ ਜੋ ਵੀ ਫ਼ੈਸਲਾ ਕਰਨਗੇ ਪੰਚਾਇਤ ਨੂੰ ਮਨਜ਼ੂਰ ਹੋਵੇਗਾ।
ਮਜ਼ਦੂਰਾਂ ਦੇ ਹੱਕ ’ਚ ਆਏ ਮਜ਼ਦੂਰ ਆਗੂ
ਇਸ ਮੌਕੇ ਭਾਈ ਲਾਲੋ ਮੰਚ ਪੰਜਾਬ ਦੇ ਸੂਬਾਈ ਆਗੂ ਹਰਜੀਤ ਸਿੰੰਘ ਖਿਆਲੀ ਤੇ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਜਥੇਦਾਰ ਨਾਥ ਸਿੰਘ ਹਮੀਦੀ ਮਜ਼ਦੂਰਾਂ ਦੇ ਹੱਕ ’ਚ ਟੈਂਕੀ ਤੇ ਪੁੱਜੇ। ਉਨ੍ਹਾਂ ਦਲਿਤ ਭਾਈਚਾਰੇ ਦੇ ਹੱਕ ’ਚ ਡਟਦਿਆਂ ਕਿਹਾ ਕਿ ਦੁੱਖ ਦੀ ਗੱਲ ਹੈ ਸਟੇਜਾਂ ਉਪਰ ਉਦਾਸੀ ਦੇ ਗੀਤ ਗਾਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜ ਅੰਦਰ ਉਦਾਸੀ ਦੇ ਪਰਿਵਾਰਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਨਾਲ ਧੱਕੇਸ਼ਾਹੀ ਬਰਦਾਸ਼ਿਤ ਨਹੀਂ ਕੀਤੀ ਜਾਵੇਗੀ। ਜੇਕਰ ਭਾਈਚਾਰੇ ਨੂੰ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ। ਖ਼ਬਰ ਲਿਖੇ ਜਾਣ ਤੱਕ ਔਰਤਾਂ ਟੈਂਕੀ ਦੇ ਉਪਰ ਤੇ ਹੇਠਾਂ ਰੋਸ ਪ੍ਰਦਰਸ਼ਨ ਜਾਰੀ ਸੀ।