ਕੋਠੇ ਸੁਰਜੀਤਪੁਰੇ ਦੇ ਜਵੰਧਾ ਭਰਾਵਾਂ ਨੇ ਬੰਨ੍ਹਿਆ ਰੰਗ ਕੋਠੇ ਸੁਰਜੀਤਪੁਰੇ ਦੇ ਜਵੰਧਾ ਭਰਾਵਾਂ ਨੇ ਬੰਨ੍ਹਿਆ ਰੰਗ
Publish Date: Sun, 20 Sep 2026 04:53 PM (IST)
Updated Date: Mon, 21 Sep 2026 04:03 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਬਰਨਾਲਾ ਦੇ ਪਿੰਡ ਕੋਠੇ ਸੁਰਜੀਤਪੁਰਾ ਦੇ ਜਵੰਧਾ ਪਰਿਵਾਰ ਦੇ ਦੋ ਮਿਹਨਤੀ ਭਰਾਵਾਂ ਨੇ ਖੇਤੀਬਾੜੀ ’ਚ ਵੱਡੀ ਮਿਸਾਲ ਕਾਇਮ ਕੀਤੀ ਹੈ। ਕਰੀਬ 105 ਏਕੜ ਵਾਹੀ ਕਰਨ ਵਾਲੇ ਇਹ ਭਰਾ ਪਿਛਲੇ ਛੇ ਸਾਲਾਂ ਤੋਂ ਪਰਾਲੀ ਨੂੰ ਅੱਗ ਲਾਉਣ ਦੀ ਥਾਂ, ਇਹਨੂੰ ਧਰਤੀ ’ਚ ਹੀ ਮਲਚਿੰਗ ਕਰਕੇ ਰਲਾ ਰਹੇ ਨੇ। --ਨਾ ਲਾਉਣ ਅੱਗ , ਬਦਲਿਆ ਖੇਤੀ ਦਾ ਢੰਗ ਕੋਠੇ ਸੁਰਜੀਤਪੁਰੇ ਦੇ 43 ਸਾਲਾ ਕਿਸਾਨ ਸੁਖਪਾਲ ਸਿੰਘ ਜਵੰਧਾ ਪੁੱਤਰ ਮੇਵਾ ਸਿੰਘ ਜਵੰਧਾ ਨੇ ਦੱਸਿਆ ਕਿ ਉਹ ਆਪਣੇ ਵੱਡੇ ਭਾਈ ਤਰਸੇਮ ਸਿੰਘ ਜਵੰਧਾ 46 ਸਾਲ ਨਾਲ ਰਲ਼ ਕੇ 105 ਏਕੜ ’ਚ ਵਾਹੀ ਕਰਦੇ ਹਨ, ਜਿਸ ਚੋਂ 21 ਏਕੜ ਜ਼ਮੀਨ ਉਨ੍ਹਾਂ ਦੀ ਆਪਣੀ ਹੈ ਤੇ ਬਾਕੀ ਉਹ ਠੇਕੇ ’ਤੇ ਲੈਂਦੇ ਹਨ। ਉਹ ਝੋਨਾ ਵੱਢ ਕੇ 80 ਏਕੜ ਦੇ ਗੇੜ ਚ ਆਲੂ ਦੀ ਫਸਲ ਲੈਂਦੇ ਨੇ ਤੇ 20 ਕੁ ਕਿੱਲੇ ਕਣਕ ਬੀਜਦੇ ਹਨ। ਆਲੂ ਪੁੱਟ ਕੇ ਅੱਗੋਂ 40 ਏਕੜ ਚ ਮੱਕੀ ਲਾ ਲੈਂਦੇ ਹਨ, ਤੇ ਨਾਲ ਹੀ ਮੂੰਗੀ ਤੇ ਮਤੀਰੇ ਦੀ ਕਾਸ਼ਤ ਵੀ ਕਰ ਲੈਂਦੇ ਹਨ। ਇਸ ਤਰ੍ਹਾਂ ਉਹ ਸਾਲ ’ਚ ਤਿੰਨ-ਤਿੰਨ ਫ਼ਸਲਾਂ ਵੱਢਦੇ ਨੇ। ਸੁਖਪਾਲ ਸਿੰਘ ਨੇ ਦੱਸਿਆ ਅਸੀਂ ਛੇ ਸਾਲਾਂ ਤੋਂ ਪਰਾਲੀ ਦਾ ਨਿਬੇੜਾ ਖੇਤਾਂ ’ਚ ਹੀ ਕਰ ਰਹੇ ਹਾਂ। ਪਹਿਲਾਂ ਸੁਪਰ ਐੱਸ.ਐੱਮ.ਐੱਸ. ਵਾਲੀ ਕੰਬਾਈਨ ਨਾਲ ਝੋਨਾ ਵੱਢ ਕੇ ਪਰਾਲੀ ਦਾ ਕੁਤਰੇ ਵਾਂਗੂ ਮਲਚਿੰਗ ਕਰਦੇ ਹਾਂ। ਹਲ਼ ਮਾਰ ਕੇ ਤੇ ਰੋਟਾਵੇਟਰ ਫੇਰ ਕੇ ਆਲੂ ਬੀਜ ਦੇਈਦੇ ਹਨ। ਉਨ੍ਹਾਂ ਦੱਸਿਆ ਕਿ 2024 ਤੋਂ ਪਹਿਲਾਂ ਉਹ ਗੰਢਾਂ ਬਣਾਉਂਦੇ ਹੁੰਦੇ ਸੀ, ਪਰ ਹੁਣ ਖੇਤ ਚ ਹੀ ਪਰਾਲੀ ਗਾਲ਼ਨ ਨਾਲ ਆਲੂਆਂ ਦਾ ਝਾੜ ਪਿਛਲੇ ਸਾਲਾਂ ਨਾਲੋਂ ਕਰੀਬ 50 ਗੱਟੇ ਪ੍ਰਤੀ ਏਕੜ ਵੱਧ ਨਿਕਲਣ ਲੱਗ ਪਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਾਨੂੰ ਸਰਕਾਰ ਵੱਲੋਂ ਸਬਸਿਡੀ ਤੇ ਸੁਪਰ ਸੀਡਰ ਮਿਲਿਆ ਸੀ। 2024 ਚ ਅਸੀਂ ਕੁਝ ਹੋਰ ਸੰਦ ਆਪ ਲਿਆਂਦੇ। ਹੁਣ ਮਲਚਰ ਤੇ ਐੱਮ.ਬੀ. ਪਲਾਓ ਲਾ ਕੇ ਸੁਪਰ ਸੀਡਰ ਨਾਲ ਕਣਕ ਵੀ ਬੀਜ ਲਈਦੀ ਹੈ। ਸਾਨੂੰ ਅੱਜ ਤੱਕ ਕੋਈ ਦਿੱਕਤ ਨ੍ਹੀ ਆਈ, ਸਗੋਂ ਝਾੜ ਵੀ ਵਧਿਆ ਤੇ ਜੇਬ ਚ ਪੈਸਾ ਵੀ ਵਾਧੂ ਆਇਆ। ਆਲੂ ਵੇਚਣ ਬਾਰੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਮੰਡੀਕਰਨ ਦੀ ਕਦੇ ਕੋਈ ਤੋਟ ਨਹੀਂ ਆਈ। ਨੋਇਡਾ ਦੀਆਂ ਵੱਡੀਆਂ ਕੰਪਨੀਆਂ, ਜੋ ਲੇਜ਼ ਵਗੈਰਾ ਬਣਾਉਂਦੀਆਂ ਨੇ, ਉਹ ਉਨ੍ਹਾਂ ਤੋਂ ਚੰਗੇ ਭਾਅ ’ਤੇ ਆਲੂ ਸਿੱਧੇ ਖਰੀਦ ਲੈਂਦੀਆਂ ਹਨ। ਜਵੰਧਾ ਭਰਾਵਾਂ ਨੇ ਦੂਜੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਭੁੱਲ ਕੇ ਵੀ ਅੱਗ ਨਾ ਲਾਉਣ। ਅੱਗ ਲਾਉਣ ਨਾਲ ਧਰਤੀ ਦੇ ਮਿੱਤਰ ਕੀੜੇ ਮਰ ਜਾਂਦੇ ਹਨ ਤੇ ਹਵਾ-ਪਾਣੀ ਖ਼ਰਾਬ ਹੋਣ ਨਾਲ ਬੰਦਿਆਂ ਤੇ ਪਸ਼ੂ-ਪੰਛੀਆਂ ਦੀ ਸਿਹਤ ਤੇ ਭਾਰੀ ਅਸਰ ਪੈਂਦਾ ਹੈ। --ਡੀ.ਸੀ. ਹਰਪ੍ਰੀਤ ਸਿੰਘ ਨੇ ਕੀਤੀ ਜਵੰਧਾ ਭਰਾਵਾਂ ਦੀ ਬੱਲੇ-ਬੱਲੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕੋਠੇ ਸੁਰਜੀਤਪੁਰੇ ਦੇ ਜਵੰਧਾ ਭਰਾਵਾਂ ਦੀ ਪਿੱਠ ਥਾਪੜਦਿਆਂ ਕਿਹਾ ਕਿ ਇਹ ਕਿਸਾਨ ਬਾਕੀਆਂ ਲਈ ਚਾਨਣ ਮੁਨਾਰਾ ਹਨ, ਜੋ ਪਰਾਲੀ ਸਾਂਭਣ ਦੇ ਨਾਲ-ਨਾਲ ਫ਼ਸਲੀ ਚੱਕਰ ਬਦਲ ਕੇ ਵੱਡਾ ਮਾਰਕਾ ਮਾਰ ਰਹੇ ਹਨ। ਡੀ.ਸੀ. ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਪਿੰਡ-ਪਿੰਡ ਬੇਲਰਾਂ ਤੇ ਪੈਲੇਟ ਯੂਨਿਟਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਕਿਸਾਨਾਂ ਨੂੰ ਮਸ਼ੀਨਰੀ ਦੀ ਕੋਈ ਥੋੜ੍ਹ ਨਾ ਆਵੇ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਾਉਣ ਦੀ ਥਾਂ ਵਾਤਾਵਰਨ ਪੱਖੀ ਤਰੀਕਿਆਂ ਨਾਲ ਹੀ ਇਸ ਦਾ ਸੰਭਾਲ-ਸੰਭਾਲਾ ਕਰਨ।