- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
20 ਕਿੱਲੋ ਅਫ਼ੀਮ ਸਣੇ ਨਸ਼ਾ ਤਸਕਰ ਫੜਨ ਵਾਲਾ ਇੰਸਪੈਕਟਰ ਉਸੇ ਦਿਨ ਬਣਿਆ ਡੀ.ਐੱਸ.ਪੀ.

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਮੁੱਖ ਮੰਤਰੀ ਪੰਜਾਬ ਦੀ ਨਸ਼ਿਆਂ ਵਿਰੁੱਧ ਵਿੱਢੀ ਆਰ-ਪਾਰ ਦੀ ਜੰਗ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਜ਼ਿਲ੍ਹਾ ਬਰਨਾਲਾ ਪੁਲਿਸ ਦੇ ਰਾਸ਼ਟਰਪਤੀ ਮੈਡਲ ਜੇਤੂ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਜ਼ਿਲ੍ਹਾ ਬਰਨਾਲਾ ਦੀ ਹੁਣ ਤੱਕ ਦੀ ਸਭ ਤੋਂ ਵੱਡੀ 20 ਕਿੱਲੋ ਅਫ਼ੀਮ ਦੀ ਖੇਪ ਸਣੇ ਇੱਕ ਤਸਕਰ ਨੂੰ ਫੜਿਆ। ਇਤਫਾਕ ਦੀ ਗੱਲ ਦੇਖੋ ਉਸੇ ਦਿਨ ਹੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਮੁਖੀ ਦੇ ਹੁਕਮਾਂ ਤੇ ਇੰਸਪੈਕਟਰ ਬਲਜੀਤ ਸਿੰਘ ਨੂੰ ਡੀਐਸਪੀ ਬਣਨ ਦਾ ਸਬੱਬ ਬਣਿਆ।
*--20 ਕਿੱਲੋ ਅਫੀਮ ਸਣੇ ਫੜਿਆ ਜਲੰਧਰ ਦਾ ਟਰੱਕ ਡਰਾਈਵਰ : ਐੱਸਪੀ
ਸੋਮਵਾਰ ਬਾਅਦ ਦੁਪਹਿਰ ਐੱਸ.ਪੀ. ਐੱਚ ਬਾਲ ਕ੍ਰਿਸ਼ਨ ਸਿੰਗਲਾ, ਐੱਸ.ਪੀ. ਡੀ ਸੰਜੀਵ ਗੋਇਲ ਤੇ ਡੀ.ਐੱਸ.ਪੀ. ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ 31 ਅਕਤੂਬਰ ਨੂੰ ਸੀ.ਆਈ.ਏ. ਸਟਾਫ਼ ਦੇ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਨੂੰ ਪੱਕੀ ਇਤਲਾਹ ਮਿਲੀ ਸੀ ਕਿ ਬਰਨਾਲਾ ਦੇ ਰਸਤੇ ਅਫ਼ੀਮ ਨਾਲ ਲੱਦਿਆ ਟਰੱਕ ਲੰਘਣਾ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਸਿਟੀ ਬਰਨਾਲਾ ਵਿਖੇ ਮੁਕੱਦਮਾ ਨੰਬਰ 547 ਐੱਨ.ਡੀ.ਪੀ.ਐੱਸ. ਐਕਟ ਦਰਜ ਕਰਕੇ ਮੋਗਾ-ਬਰਨਾਲਾ ਬਾਈਪਾਸ, ਗਰਚਾ ਰੋਡ, ਰਾਏਕੋਟ ਰੋਡ ਤੇ ਨਾਨਕਸਰ ਰੋਡ ’ਤੇ ਪੱਕੀਆਂ ਚੌਂਕੀਆਂ ਲਾ ਦਿੱਤੀਆਂ। ਇਸ ਦੌਰਾਨ ਸੀਆਈਏ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ’ਚ ਸਹਾਇਕ ਥਾਣੇਦਾਰ ਨੈਬ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਟੀਮ ਨੇ ਮੋਗਾ-ਬਰਨਾਲਾ ਮੇਨ ਹਾਈਵੇ ਤੋਂ ਟਰੱਕ ਨੰਬਰ RG31GB4704 ਨੂੰ ਘੇਰ ਲਿਆ। ਜਦੋਂ ਟਰੱਕ ਦੇ ਕੈਬਿਨ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 20 ਕਿੱਲੋ ਸ਼ੁੱਧ ਅਫ਼ੀਮ ਬਰਾਮਦ ਹੋਈ। ਪੁਲਿਸ ਨੇ ਟਰੱਕ ਡਰਾਈਵਰ ਮੰਗਲ ਰਾਮ ਪੁੱਤਰ ਸਵਰਨ ਰਾਮ, ਵਾਸੀ ਗੋਰਸੀਆ ਨਿਹਾਲ ਜ਼ਿਲ੍ਹਾ ਜਲੰਧਰ ਨੂੰ ਮੌਕੇ ’ਤੇ ਹੀ ਦਬੋਚ ਲਿਆ। ਪੁਲਿਸ ਨੂੰ ਭੁਲੇਖਾ ਪਾਉਣ ਲਈ ਟਰੱਕ ਦੀ ਬਾਡੀ ਵਿੱਚ ਦਾਲ ਦੀਆਂ ਬੋਰੀਆਂ ਲੱਦੀਆਂ ਹੋਈਆਂ ਸਨ। ਮੁੱਢਲੀ ਪੁੱਛਗਿੱਛ ਦੌਰਾਨ ਫੜੇ ਗਏ ਤਸਕਰ ਨੇ ਮੰਨਿਆ ਕਿ ਉਹ ਮੱਧ ਪ੍ਰਦੇਸ਼ ਤੋਂ ਸਸਤੇ ਭਾਅ ’ਤੇ ਅਫ਼ੀਮ ਲਿਆ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਮਹਿੰਗੇ ਭਾਅ ਵੇਚਦਾ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਦਾ ਅਦਾਲਤ ਵਿੱਚੋਂ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਸ ਧੰਦੇ ਪਿੱਛੇ ਛੁਪੇ ਹੋਰ ਵੱਡੇ ਮਗਰਮੱਛਾਂ ਨੂੰ ਵੀ ਨੱਥ ਪਾਈ ਜਾ ਸਕੇ।
-ਸ਼ੇਰ ਵਾਂਗ ਕੰਮ ਕਰਨ ਵਾਲੇ ਬਲਜੀਤ ਸਿੰਘ ਦੇ ਮੋਢੇ ’ਤੇ ਸਜੇਗਾ ਸ਼ੇਰ
ਸੀ.ਆਈ.ਏ. ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਰਾਸ਼ਟਰਪਤੀ ਮੈਡਲ ਜੇਤੂ ਦੀਆਂ ਬਹਾਦਰੀ ਭਰੀਆਂ ਸੇਵਾਵਾਂ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪਦ-ਉੱਨਤ ਕਰਕੇ ਉੱਪ ਕਪਤਾਨ ਪੁਲਿਸ (ਡੀ.ਐੱਸ.ਪੀ.) ਨਿਯੁਕਤ ਕਰ ਦਿੱਤਾ ਹੈ। 20 ਕਿੱਲੋ ਅਫ਼ੀਮ ਦੀ ਵੱਡੀ ਖੇਪ ਫੜਨ ਤੋਂ ਤੁਰੰਤ ਬਾਅਦ ਮਿਲੇ ਇਸ ਵੱਡੇ ਮਾਣ ਨਾਲ ਪੁਲਿਸ ਮਹਿਕਮੇ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਇੰਸਪੈਕਟਰ ਤੋਂ ਡੀਐਸਪੀ ਬਣੇ ਬਲਜੀਤ ਸਿੰਘ ਨੂੰ ਖੇਤਰ ਦੇ ਲੋਕ ਹੀ ਨਹੀਂ ਬਲਕਿ ਪੂਰੇ ਪੰਜਾਬ ਚੋਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
--ਐੱਸ.ਐੱਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਨੇ ਦਿੱਤੀ ਵਧਾਈ
ਜ਼ਿਲ੍ਹਾ ਪੁਲਿਸ ਮੁਖੀ ਆਈਪੀਐੱਸ ਮੁਹੰਮਦ ਸਰਫ਼ਰਾਜ਼ ਆਲਮ ਨੇ ਇੰਸਪੈਕਟਰ ਤੋਂ ਡੀਐਸਪੀ ਬਣੇ ਬਲਜੀਤ ਸਿੰਘ ਨੂੰ ਮੁਬਾਰਕਬਾਦ ਦਿੱਤੀ। ਐੱਸ.ਐੱਸ.ਪੀ. ਆਲਮ ਨੇ ਜ਼ਿਲ੍ਹਾ ਬਰਨਾਲਾ ਵਿੱਚ ਨਸ਼ਿਆਂ ਦੀ ਮੁਕੰਮਲ ਰੋਕਥਾਮ ਲਈ ਪੁਲਿਸ ਟੀਮ ਦੀ ਸ਼ਲਾਘਾ ਕੀਤੀ ਅਤੇ ਆਉਂਦੇ ਦਿਨਾਂ ਵਿੱਚ ਨਸ਼ਾ ਤਸਕਰਾਂ ਦਾ ਲੱਕ ਤੋੜਨ ਲਈ ਹੋਰ ਕੜਾਕਾ ਕੱਢਣ ਦਾ ਕੁਲਜੀਤ ਸਿੰਘ ਨੂੰ ਥਾਪੜਾ ਦਿੱਤਾ।