ਪਹਿਲੀ ਬਰਸਾਤ ਨੇ ਖੋਲ੍ਹੀ ਮਹਿਲ ਕਲਾਂ ’ਚ ਵਿਕਾਸ ਦੀ ਪੋਲ, BDPO ਦਫ਼ਤਰ ਮਹਿਲ ਕਲਾਂ ਬਣਿਆ ਛੱਪੜ ਵੀਰਵਾਰ ਸਵੇਰੇ ਹੋਈ ਬਰਸਾਤ ਨੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਮਹਿਲ ਕਲਾਂ ਦੀ ਬਦਹਾਲੀ ਨੂੰ ਇੱਕ ਵਾਰ ਫਿਰ ਜਨਤਕ ਕਰ ਦਿੱਤਾ। ਦਫ਼ਤਰ ਦਾ ਪੂਰਾ ਕੰਪਲੈਕਸ ਨੀਵੀਂ ਥਾਂ 'ਤੇ ਸਥਿਤ ਹੋਣ ਕਰਕੇ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਕੁਝ ਹੀ ਸਮੇਂ ’ਚ ਪਾਣੀ ਨਾਲ ਭਰਕੇ ਛੱਪੜ ਦਾ ਰੂਪ ਧਾਰ ਗਿਆ। ਦਫ਼ਤਰਾਂ ਦੇ ਮੁੱਖ ਰਸਤੇ ਪਾਣੀ ਹੇਠ ਆ ਜਾਣ ਕਾਰਨ ਲੋਕਾਂ ਨੂੰ ਗੰਦੇ ਪਾਣੀ ’ਚੋਂ ਲੰਘਕੇ ਆਪਣੇ ਸਰਕਾਰੀ ਕੰਮ ਕਰਵਾਉਣ ਲਈ ਮਜਬੂਰ ਹੋਣਾ ਪਿਆ। ਬੀਡੀਪੀਓ ਦਫ਼ਤਰ ਦੇ ਇਸ ਕੰਪਲੈਕਸ ’ਚ ਮਨਰੇਗਾ ਭਵਨ, ਸਬ-ਡਿਵੀਜ਼ਨ ਦਫ਼ਤਰ, ਤਹਿਸੀਲ ਦਫ਼ਤਰ ਦਫ਼ਤਰ ਵੀ ਚੱਲ ਰਹੇ ਹਨ।
Publish Date: Thu, 30 Jul 2026 01:48 PM (IST)
Updated Date: Thu, 30 Jul 2026 01:50 PM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ - ਵੀਰਵਾਰ ਸਵੇਰੇ ਹੋਈ ਬਰਸਾਤ ਨੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਮਹਿਲ ਕਲਾਂ ਦੀ ਬਦਹਾਲੀ ਨੂੰ ਇੱਕ ਵਾਰ ਫਿਰ ਜਨਤਕ ਕਰ ਦਿੱਤਾ। ਦਫ਼ਤਰ ਦਾ ਪੂਰਾ ਕੰਪਲੈਕਸ ਨੀਵੀਂ ਥਾਂ 'ਤੇ ਸਥਿਤ ਹੋਣ ਕਰਕੇ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਕੁਝ ਹੀ ਸਮੇਂ ’ਚ ਪਾਣੀ ਨਾਲ ਭਰਕੇ ਛੱਪੜ ਦਾ ਰੂਪ ਧਾਰ ਗਿਆ। ਦਫ਼ਤਰਾਂ ਦੇ ਮੁੱਖ ਰਸਤੇ ਪਾਣੀ ਹੇਠ ਆ ਜਾਣ ਕਾਰਨ ਲੋਕਾਂ ਨੂੰ ਗੰਦੇ ਪਾਣੀ ’ਚੋਂ ਲੰਘਕੇ ਆਪਣੇ ਸਰਕਾਰੀ ਕੰਮ ਕਰਵਾਉਣ ਲਈ ਮਜਬੂਰ ਹੋਣਾ ਪਿਆ। ਬੀਡੀਪੀਓ ਦਫ਼ਤਰ ਦੇ ਇਸ ਕੰਪਲੈਕਸ ’ਚ ਮਨਰੇਗਾ ਭਵਨ, ਸਬ-ਡਿਵੀਜ਼ਨ ਦਫ਼ਤਰ, ਤਹਿਸੀਲ ਦਫ਼ਤਰ ਦਫ਼ਤਰ ਵੀ ਚੱਲ ਰਹੇ ਹਨ।
ਹਰ ਰੋਜ਼ ਬਲਾਕ ਦੇ ਦਰਜਨਾਂ ਪਿੰਡਾਂ ’ਚੋਂ ਸੈਂਕੜੇ ਲੋਕ ਜ਼ਮੀਨੀ ਰਿਕਾਰਡ, ਇੰਤਕਾਲ, ਸਰਟੀਫਿਕੇਟ, ਪੰਚਾਇਤੀ ਕੰਮ, ਮਨਰੇਗਾ, ਮਾਲ ਵਿਭਾਗ ਤੇ ਹੋਰ ਸਰਕਾਰੀ ਸੇਵਾਵਾਂ ਲਈ ਇੱਥੇ ਪਹੁੰਚਦੇ ਹਨ। ਪਰ ਬਰਸਾਤ ਤੋਂ ਬਾਅਦ ਬਣੇ ਹਾਲਾਤਾਂ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਕਈ ਗੁਣਾ ਵਧਾ ਦਿੱਤੀਆਂ। ਅੱਜ ਸਵੇਰੇ ਦਫ਼ਤਰਾਂ ’ਚ ਕੰਮ ਕਰਵਾਉਣ ਲਈ ਆਏ ਲੋਕਾਂ, ਸਰਪੰਚਾਂ, ਪੰਚਾਂ, ਪੰਚਾਇਤੀ ਨੁਮਾਇੰਦਿਆਂ, ਔਰਤਾਂ, ਬਜ਼ੁਰਗਾਂ ਤੇ ਸਰਕਾਰੀ ਕਰਮਚਾਰੀਆਂ ਨੂੰ ਪਾਣੀ ’ਚੋਂ ਲੰਘਕੇ ਦਫ਼ਤਰਾਂ ਤੱਕ ਪਹੁੰਚਣਾ ਪਿਆ। ਕਈ ਲੋਕ ਪਾਣੀ ਜ਼ਿਆਦਾ ਹੋਣ ਕਾਰਨ ਦਫ਼ਤਰਾਂ ਦੇ ਬਾਹਰ ਹੀ ਖੜ੍ਹੇ ਰਹੇ, ਜਦਕਿ ਕਈਆਂ ਨੇ ਆਪਣੇ ਜੁੱਤੇ-ਚੱਪਲ ਹੱਥਾਂ ’ਚ ਫੜਕੇ ਗੰਦੇ ਪਾਣੀ ’ਚੋਂ ਲੰਘਕੇ ਦਫ਼ਤਰਾਂ ’ਚ ਦਾਖ਼ਲ ਹੋਣਾ ਪਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਸਮੱਸਿਆ ਕੋਈ ਨਵੀਂ ਨਹੀਂ ਹੈ। ਹਰ ਵਾਰ ਬਰਸਾਤ ਪੈਣ ਨਾਲ ਬਰਸਾਤੀ ਪਾਣੀ ਤੇ ਨਾਲਿਆਂ ਦਾ ਗੰਦਾ ਪਾਣੀ ਦਫ਼ਤਰ ਦੇ ਅੰਦਰ ਤੇ ਮੁੱਖ ਗੇਟ ਅੱਗੇ ਇਕੱਠਾ ਹੋ ਜਾਂਦਾ ਹੈ।
ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਹ ਕਈ-ਕਈ ਦਿਨ ਖੜ੍ਹਾ ਰਹਿੰਦਾ ਹੈ, ਜਿਸ ਨਾਲ ਪੂਰਾ ਕੰਪਲੈਕਸ ਛੱਪੜ ਬਣ ਜਾਂਦਾ ਹੈ। ਇਸ ਕਾਰਨ ਨਾ ਸਿਰਫ਼ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਸਗੋਂ ਮੱਛਰਾਂ ਦੀ ਭਰਮਾਰ ਤੇ ਡੇਂਗੂ, ਮਲੇਰੀਆ ਸਮੇਤ ਹੋਰ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਦੂਜੇ ਪਾਸੇ ਦਫ਼ਤਰ ਦੀ ਇਮਾਰਤ ਵੀ ਕਾਫ਼ੀ ਖਸਤਾ ਹਾਲਤ ’ਚ ਪਹੁੰਚ ਚੁੱਕੀ ਹੈ। ਕਈ ਥਾਵਾਂ 'ਤੇ ਕੰਧਾਂ ’ਚ ਤਰੇੜਾਂ ਪੈ ਚੁੱਕੀਆਂ ਹਨ, ਛੱਤਾਂ ਦੀ ਹਾਲਤ ਵੀ ਠੀਕ ਨਹੀਂ ਹੈ ਤੇ ਬਰਸਾਤ ਦੌਰਾਨ ਕਈ ਕਮਰਿਆਂ ’ਚ ਸਿੱਲ ਤੇ ਪਾਣੀ ਟਪਕਣ ਦੀ ਸਮੱਸਿਆ ਆਮ ਬਣ ਚੁੱਕੀ ਹੈ। ਕੰਪਲੈਕਸ ਦੇ ਆਲੇ-ਦੁਆਲੇ ਬਣੀ ਚਾਰਦੀਵਾਰੀ ਵੀ ਕਈ ਥਾਵਾਂ ਤੋਂ ਡਿੱਗ ਚੁੱਕੀ ਹੈ। ਚਾਰਦੀਵਾਰੀ ਕਾਰਨ ਬੇਸਹਾਰਾ ਪਸ਼ੂ ਵੀ ਦਫ਼ਤਰ ’ਚ ਦਾਖ਼ਲ ਹੋ ਜਾਂਦੇ ਹਨ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਫ਼ਤਰ ਦੀ ਮੁਰੰਮਤ, ਕੰਪਲੈਕਸ ਨੂੰ ਉੱਚਾ ਕਰਨ ਤੇ ਨਵੀਂ ਇਮਾਰਤ ਦੀ ਉਸਾਰੀ ਲਈ ਉੱਚ ਅਧਿਕਾਰੀਆਂ ਨੂੰ ਕਈ ਵਾਰ ਪ੍ਰਸਤਾਵ ਭੇਜੇ ਜਾ ਚੁੱਕੇ ਹਨ ਪਰ ਸਰਕਾਰ ਵੱਲੋਂ ਲੋੜੀਂਦੇ ਫੰਡ ਜਾਰੀ ਨਾ ਹੋਣ ਕਾਰਨ ਇਹ ਕੰਮ ਅਜੇ ਤੱਕ ਅਧੂਰੇ ਪਏ ਹਨ।
ਇਸੇ ਕਾਰਨ ਹਰ ਬਰਸਾਤ ਦੌਰਾਨ ਲੋਕਾਂ ਨੂੰ ਇਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੀਡੀਪੀਓ ਦਫ਼ਤਰ ਦੇ ਪੂਰੇ ਕੰਪਲੈਕਸ ਨੂੰ ਉੱਚਾ ਕੀਤਾ ਜਾਵੇ, ਬਰਸਾਤੀ ਪਾਣੀ ਦੀ ਨਿਕਾਸੀ ਲਈ ਪੱਕਾ ਡਰੇਨੇਜ ਸਿਸਟਮ ਬਣਾਇਆ ਜਾਵੇ, ਟੁੱਟੀ ਚਾਰਦੀਵਾਰੀ ਦੀ ਮੁੜ ਉਸਾਰੀ ਕਰਵਾਈ ਜਾਵੇ ਤੇ ਖਸਤਾ ਹਾਲਤ ’ਚ ਖੜ੍ਹੀ ਇਮਾਰਤ ਦੀ ਥਾਂ ਨਵਾਂ ਆਧੁਨਿਕ ਦਫ਼ਤਰੀ ਕੰਪਲੈਕਸ ਤਿਆਰ ਕੀਤਾ ਜਾਵੇ। ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਪੱਕਾ ਹੱਲ ਨਾ ਕੀਤਾ ਗਿਆ ਤਾਂ ਹਰ ਬਰਸਾਤ ਦੌਰਾਨ ਹਜ਼ਾਰਾਂ ਲੋਕਾਂ ਨੂੰ ਇਸੇ ਤਰ੍ਹਾਂ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਵੇਗਾ।