ਪਿੰਡ ਵਾਸੀਆਂ ਨੇ ‘ਆਪ’ ਆਗੂਆਂ ਦਾ ਦਾਖਲਾ ‘ਬੰਦ’ ਦੇ ਲਗਾਏ ਫਲੈਕਸ ਮਾਮਲਾ ਪੋਲਟਰੀ ਫ਼ਾਰਮ ਨੂੰ ਬੰਦ ਕਰਵਾਉਣ ਦਾ
Publish Date: Tue, 08 Sep 2026 06:46 PM (IST)
Updated Date: Wed, 09 Sep 2026 04:07 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਜ਼ਿਲ੍ਹੇ ਦੇ ਦੋ ਪਿੰਡਾਂ ਨਾਈਵਾਲਾ ਤੇ ਕੈਰੇ ’ਚ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਦਾਖਲਾ ‘ਬੰਦ’ ਕਰ ਦਿੱਤਾ ਗਿਆ ਹੈ। ਇਸ ਸਬੰਧੀ ਬਾਕਾਇਦਾ ਬੈਨਰ ਲਗਾ ਕੇ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਆਮ ਆਦਮੀ ਪਾਰਟੀ ਦਾ ਕੋਈ ਮੰਤਰੀ, ਵਿਧਾਇਕ ਜਾਂ ਸਾਂਸਦ ਇਨ੍ਹਾਂ ਪਿੰਡਾਂ ’ਚ ਆਵੇਗਾ ਤਾਂ ਉਸਦਾ ਘਿਰਾਓ ਕੀਤਾ ਜਾਵੇਗਾ। ਦਰਅਸਲ ਬਰਨਾਲਾ ਜ਼ਿਲ੍ਹੇ ਦੇ ਪਿੰਡ ਨਾਈਵਾਲਾ ਤੇ ਕੈਰੇ ਨਜ਼ਦੀਕ ਬਿਲਕੁਲ ਰਿਹਾਇਸ਼ੀ ਖੇਤਰ ’ਚ ਇੱਕ ਬੰਦ ਪਿਆ ਪੋਲਟਰੀ ਫਾਰਮ ਮੁੜ ਚਲਾਉਣ ਖਿਲਾਫ ਕਿਸਾਨਾਂ, ਮਜ਼ਦੂਰਾਂ ਦਾ ਪੱਕਾ ਮੋਰਚਾ ਜਾਰੀ ਹੈ। ਇਸ ਸੰਘਰਸ਼ ਨੂੰ ਚਲਾ ਰਹੇ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਦੇ ਹਲਕਾ ਬਰਨਾਲਾ ਨਾਲ ਸਬੰਧਤ ਕੁੱਝ ਆਗੂਆਂ ਉੱਪਰ ਦੋਸ਼ ਲਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਰਿਹਾਇਸ਼ੀ ਇਲਾਕੇ ’ਚ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਪੋਲਟਰੀ ਫਾਰਮ ਚਲਾਇਆ ਹੈ। ਪੋਲਟਰੀ ਫਾਰਮ ਅੱਗੇ ਇਲਾਕਾ ਨਿਵਾਸੀਆਂ ਵੱਲੋਂ ਸ਼ੁਰੂ ਕੀਤਾ ਪੱਕਾ ਮੋਰਚਾ ਪਿਛਲੇ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਲਗਾਤਾਰ ਜਾਰੀ ਹੈ। ਇਲਾਕੇ ਦੇ ਲੋਕਾਂ ਦਾ ਇਤਰਾਜ਼ ਹੈ ਕਿ ਰਿਹਾਇਸ਼ੀ ਖੇਤਰ ’ਚ ਹੋਣ ਕਾਰਨ ਪਿਛਲੇ ਕਈ ਸਾਲਾਂ ਤੋਂ ਬੰਦ ਪਿਆ ਪੋਲਟਰੀ ਫਾਰਮ ਸੂਬੇ ਦੀ ਸੱਤਾ ਧਿਰ ਦੇ ਕੁੱਝ ਆਗੂਆਂ ਵੱਲੋਂ ਧੱਕੇ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀ, ਸੀਨੀਅਰ ਆਗੂ ਗੁਰਜੰਟ ਸਿੰਘ ਧੌਲਾ, ਜ਼ਿਲ੍ਹਾ ਵਿੱਤ ਸਕੱਤਰ ਦਲਜੀਤ ਸਿੰਘ ਪੱਤੀ, ਕਮਲਜੀਤ ਸਿੰਘ ਨਾਈਵਾਲਾ, ਕਾਕਾ ਸਿੰਘ ਕਾਮਰੇਡ, ਗੁਰਪ੍ਰੀਤ ਰਾਏਸਰ, ਰਾਜਵਿੰਦਰ ਸਿੰਘ, ਬਹਾਦਰ ਸਿੰਘ, ਬਚਿੱਤਰ ਸਿੰਘ ਨਾਈਵਾਲਾ, ਬੱਗਾ ਸਿੰਘ ਨਾਈਵਾਲਾ ਤੇ ਜਰਨੈਲ ਨਾਈਵਾਲਾ ਆਦਿ ਨੇ ਦੱਸਿਆ ਕਿ ਰਿਹਾਇਸ਼ੀ ਖੇਤਰ ’ਚ ਹੋਣ ਕਾਰਨ ਇਸ ਪੋਲਟਰੀ ਫਾਰਮ ਨੂੰ ਫੌਰੀ ਬੰਦ ਕੀਤਾ ਜਾਵੇ। ਆਗੂਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਆਮ ਆਦਮੀ ਪਾਰਟੀ ਨੇ ਇਹ ਪੋਲਟਰੀ ਬੰਦ ਨਾ ਕਰਵਾਇਆ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨਗੇ।