ਮਜ਼ਦੂਰ ਮੁਕਤੀ ਮੋਰਚਾ ਵੱਲੋਂ ਥਾਣਾ ਧਨੌਲਾ ਦਾ ਘਿਰਾਓ
ਪੰਧੇਰ ਵਿਵਾਦ ’ਚ ਦੂਜੇ ਦਿਨ ਵੀ ਗਰਮਾਇਆ ਮਾਹੌਲ, ਮਜ਼ਦੂਰ ਮੁਕਤੀ ਮੋਰਚਾ ਵੱਲੋਂ ਥਾਣਾ ਧਨੌਲਾ ਦਾ ਕੀਤਾ ਘਿਰਾਓ
Publish Date: Wed, 01 Apr 2026 06:50 PM (IST)
Updated Date: Wed, 01 Apr 2026 06:52 PM (IST)
- ਪੰਧੇਰ ਵਿਵਾਦ ’ਚ ਦੂਜੇ ਦਿਨ ਵੀ ਗਰਮਾਇਆ ਮਾਹੌਲ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਪਿੰਡ ਪੰਧੇਰ ’ਚ ਚੱਲ ਰਹੇ ਵਿਵਾਦ ਨੂੰ ਲੈ ਕੇ ਬੁੱਧਵਾਰ ਨੂੰ ਦੂਜੇ ਦਿਨ ਵੀ ਮਾਹੌਲ ਤਣਾਅਪੂਰਨ ਬਣਿਆ ਰਿਹਾ। ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਗੋਵਿੰਦ ਛਾਜਲੀ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਲੋਕਾਂ ਨੇ ਥਾਣਾ ਧਨੌਲਾ ਦਾ ਘਿਰਾਓ ਕਰ ਕੇ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਮੰਗਲਵਾਰ ਦੇਰ ਸ਼ਾਮ ਵਰ੍ਹਦੇ ਮੀਂਹ ’ਚ ਵੀ ਬਰਨਾਲਾ ਸੰਗਰੂਰ ਰੋਡ ’ਤੇ ਧਰਨਾ ਲਾਇਆ ਗਿਆ ਸੀ ਜਿੱਥੇ ਕਿ ਸ਼ਾਮ ਦੇ ਕਰੀਬ 6:00 ਵਜੇ ਡੀਐੱਸਪੀ ਸਤਵੀਰ ਸਿੰਘ ਬੈਂਸ ਬਰਨਾਲਾ ਵੱਲੋਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਦੂਜੀ ਪਾਰਟੀ ਖ਼ਿਲਾਫ਼ ਐੱਸਸੀ ਐਕਟ ਹੇਠ ਮਾਮਲਾ ਦਰਜ ਕੀਤਾ ਜਾਵੇਗਾ ਤੇ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ। ਨਾਲ ਹੀ ਨਿਰਪੱਖ ਜਾਂਚ ਦਾ ਭਰੋਸਾ ਵੀ ਦਿੱਤਾ ਗਿਆ ਸੀ। ਪਰ ਪ੍ਰਦਰਸ਼ਨਕਾਰੀਆਂ ਅਨੁਸਾਰ ਬੁੱਧਵਾਰ ਸਵੇਰੇ ਪੁਲਿਸ ਨੇ ਕਥਿਤ ਤੌਰ ’ਤੇ ਹਸਪਤਾਲ ’ਚ ਦਾਖ਼ਲ ਪੀੜਤ ਗੁਰਸੇਵਕ ਸਿੰਘ ਨੂੰ ਜ਼ਬਰਦਸਤੀ ਛੁੱਟੀ ਦਿਵਾ ਕੇ ਗ੍ਰਿਫ਼ਤਾਰ ਕਰ ਲਿਆ, ਜਿਸ ਨਾਲ ਲੋਕਾਂ ’ਚ ਰੋਸ ਲਹਿਰ ਫੈਲ ਗਈ। ਇਸ ਕਾਰਵਾਈ ਦੇ ਵਿਰੋਧ ’ਚ ਵੱਖ-ਵੱਖ ਜਥੇਬੰਦੀਆਂ ਨੂੰ ਵੀ ਸਮਰਥਨ ਲਈ ਸੱਦਾ ਦੇਣ ’ਤੇ ਦਿੱਤੇ ਸਾਥ ’ਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂਆਂ ਨੇ ਮੰਗ ਕੀਤੀ ਕਿ ਥਾਣਾ ਮੁਖੀ ’ਤੇ ਤੁਰੰਤ ਕਾਰਵਾਈ ਕਰਨ ਦੇ ਨਾਲ ਗਲਤ ਧਾਰਾਵਾਂ ਹੇਠ ਦਰਜ ਕੀਤੇ ਮਾਮਲੇ ਰੱਦ ਕੀਤੇ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਉਨ੍ਹਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਇਸ ਮੌਕੇ ਅੰਮ੍ਰਿਤਪਾਲ ਕੌਰ, ਸੁਖਵਿੰਦਰ ਕੌਰ, ਮੱਖਣ ਸਿੰਘ, ਚਰਨ ਸਿੰਘ, ਹਰੀ ਸਿੰਘ, ਸੁਖਵਿੰਦਰ ਕੌਰ, ਸਿਕੰਦਰ ਕੌਰ, ਜਸਵੀਰ ਕੌਰ, ਮੰਜੀਤ ਕੌਰ, ਜਸਪ੍ਰੀਤ ਕੌਰ ਵੱਡੀ ਗਿਣਤੀ ’ਚ ਹੋਰ ਲੋਕ ਵੀ ਮੌਜੂਦ ਸਨ।