ਜੰਗਲੀ ਜਾਨਵਰਾਂ ਦਾ ਕਹਿਰ : ਬੀਹਲਾ ਪਿੰਡ 'ਚ ਸੂਰਾਂ ਤੇ ਰੋਜ਼ਾਂ ਨੇ ਤਬਾਹ ਕੀਤੀ ਸਾਢੇ ਪੰਜ ਕਨਾਲ ਮੱਕੀ ਦੀ ਫ਼ਸਲ, ਕਿਸਾਨ ਦਾ ਭਾਰੀ ਨੁਕਸਾਨ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਬੀਹਲਾ ਦੇ ਛੋਟੇ ਕਿਸਾਨ ਮਨਵੀਰ ਬੀਹਲਾ ਵੱਲੋਂ ਆਪਣੀ ਸਾਢੇ ਪੰਜ ਕਿਨਾਲ ਜ਼ਮੀਨ ’ਚ ਬੀਜੀ ਪਕਾਵੀਂ ਮੱਕੀ ਦੀ ਫ਼ਸਲ ਨੂੰ ਖੇਤਾਂ ’ਚ ਘੁੰਮਦੇ ਜੰਗਲੀ ਸੂਰਾਂ ਤੇ ਰੋਜ਼ਾਂ ਨੇ ਬੁਰੀ ਤਰ੍ਹਾਂ ਉਜਾੜ ਦਿੱਤਾ। ਫ਼ਸਲ ਵੱਢਣ ਦੇ ਨੇੜੇ ਪਹੁੰਚ ਚੁੱਕੀ ਸੀ, ਜਿਸ ਕਾਰਨ ਕਿਸਾਨ ਨੂੰ ਹੋਏ ਨੁਕਸਾਨ ਨਾਲ ਉਸਦੀ ਸਾਰੀ ਮਿਹਨਤ ਅਤੇ ਫ਼ਸਲ ’ਤੇ ਲੱਗੀ ਲਾਗਤ ਪ੍ਰਭਾਵਿਤ ਹੋਈ ਹੈ।ਕਿਸਾਨ ਮਨਵੀਰ ਬੀਹਲਾ ਨੇ ਦੱਸਿਆ ਕਿ ਉਸਨੇ ਆਪਣੀ ਸਾਢੇ ਪੰਜ ਕਿਨਾਲ ਜ਼ਮੀਨ ’ਚ ਪਕਾਵੀਂ ਮੱਕੀ ਦੀ ਬਿਜਾਈ ਕੀਤੀ ਸੀ। ਫ਼ਸਲ ਦੀ ਪੈਦਾਵਾਰ ਚੰਗੀ ਹੋਣ ਦੀ ਉਮੀਦ ਸੀ ਤੇ ਵੱਢਾਈ ਦਾ ਸਮਾਂ ਵੀ ਨੇੜੇ ਆ ਰਿਹਾ ਸੀ ਪਰ ਇਸੇ ਦੌ
Publish Date: Sat, 08 Aug 2026 02:02 PM (IST)
Updated Date: Sat, 08 Aug 2026 02:04 PM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ- ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਬੀਹਲਾ ਦੇ ਛੋਟੇ ਕਿਸਾਨ ਮਨਵੀਰ ਬੀਹਲਾ ਵੱਲੋਂ ਆਪਣੀ ਸਾਢੇ ਪੰਜ ਕਿਨਾਲ ਜ਼ਮੀਨ ’ਚ ਬੀਜੀ ਪਕਾਵੀਂ ਮੱਕੀ ਦੀ ਫ਼ਸਲ ਨੂੰ ਖੇਤਾਂ ’ਚ ਘੁੰਮਦੇ ਜੰਗਲੀ ਸੂਰਾਂ ਤੇ ਰੋਜ਼ਾਂ ਨੇ ਬੁਰੀ ਤਰ੍ਹਾਂ ਉਜਾੜ ਦਿੱਤਾ। ਫ਼ਸਲ ਵੱਢਣ ਦੇ ਨੇੜੇ ਪਹੁੰਚ ਚੁੱਕੀ ਸੀ, ਜਿਸ ਕਾਰਨ ਕਿਸਾਨ ਨੂੰ ਹੋਏ ਨੁਕਸਾਨ ਨਾਲ ਉਸਦੀ ਸਾਰੀ ਮਿਹਨਤ ਅਤੇ ਫ਼ਸਲ ’ਤੇ ਲੱਗੀ ਲਾਗਤ ਪ੍ਰਭਾਵਿਤ ਹੋਈ ਹੈ।ਕਿਸਾਨ ਮਨਵੀਰ ਬੀਹਲਾ ਨੇ ਦੱਸਿਆ ਕਿ ਉਸਨੇ ਆਪਣੀ ਸਾਢੇ ਪੰਜ ਕਿਨਾਲ ਜ਼ਮੀਨ ’ਚ ਪਕਾਵੀਂ ਮੱਕੀ ਦੀ ਬਿਜਾਈ ਕੀਤੀ ਸੀ। ਫ਼ਸਲ ਦੀ ਪੈਦਾਵਾਰ ਚੰਗੀ ਹੋਣ ਦੀ ਉਮੀਦ ਸੀ ਤੇ ਵੱਢਾਈ ਦਾ ਸਮਾਂ ਵੀ ਨੇੜੇ ਆ ਰਿਹਾ ਸੀ ਪਰ ਇਸੇ ਦੌਰਾਨ ਜੰਗਲੀ ਸੂਰਾਂ ਤੇ ਰੋਜ਼ਾਂ ਨੇ ਖੇਤ ’ਚ ਦਾਖਲ ਹੋ ਕੇ ਮੱਕੀ ਦੀ ਫ਼ਸਲ ਨੂੰ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਾ ਦਿੱਤਾ।
ਕਈ ਥਾਵਾਂ ’ਤੇ ਫ਼ਸਲ ਬੁਰੀ ਤਰ੍ਹਾਂ ਉਜੜ ਗਈ ਹੈ।ਉਨ੍ਹਾਂ ਕਿਹਾ ਕਿ ਖੇਤੀਬਾੜੀ ’ਚ ਫ਼ਸਲ ਤਿਆਰ ਕਰਨ ਲਈ ਵਾਹ-ਵਹਾਈ, ਬੀਜ, ਰੇਹ, ਸਪਰੇਅ ਤੇ ਹੋਰ ਖਰਚੇ ਕੀਤੇ ਜਾਂਦੇ ਹਨ। ਮਨਵੀਰ ਅਨੁਸਾਰ ਸਾਢੇ ਪੰਜ ਕਿਨਾਲ ਜ਼ਮੀਨ ਦੀ ਵਾਹ-ਵਹਾਈ, ਬੀਜ, ਖਾਦ ਤੇ ਸਪਰੇਅ ਆਦਿ ’ਤੇ ਉਸਦਾ 10 ਹਜ਼ਾਰ ਰੁਪਏ ਤੋਂ ਵੱਧ ਖਰਚਾ ਆ ਚੁੱਕਾ ਹੈ। ਫ਼ਸਲ ਦੇ ਨੁਕਸਾਨ ਕਾਰਨ ਹੁਣ ਉਸਦੇ ਸਾਹਮਣੇ ਅਗਲੀ ਫ਼ਸਲ ਦੀ ਬਿਜਾਈ ਲਈ ਖਰਚੇ ਦਾ ਪ੍ਰਬੰਧ ਕਰਨ ਦੀ ਵੀ ਮੁਸ਼ਕਲ ਖੜ੍ਹੀ ਹੋ ਗਈ ਹੈ।ਕਿਸਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖੇਤਾਂ ’ਚ ਜੰਗਲੀ ਸੂਰਾਂ ਤੇ ਰੋਜ਼ਾਂ ਦੀ ਵਧ ਰਹੀ ਆਮਦ ਕਾਰਨ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੀ ਰਾਖੀ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੰਗਲੀ ਜਾਨਵਰ ਰਾਤ ਸਮੇਂ ਖੇਤਾਂ ’ਚ ਦਾਖਲ ਹੋ ਕੇ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਕਿਸਾਨਾਂ ਵੱਲੋਂ ਆਪਣੀ ਪੱਧਰ ’ਤੇ ਫ਼ਸਲਾਂ ਦੀ ਰਾਖੀ ਲਈ ਕੀਤੇ ਜਾਂਦੇ ਯਤਨਾਂ ਦੇ ਬਾਵਜੂਦ ਕਈ ਵਾਰ ਵੱਡੇ ਪੱਧਰ ’ਤੇ ਨੁਕਸਾਨ ਹੋ ਜਾਂਦਾ ਹੈ। ਮਨਵੀਰ ਬੀਹਲਾ ਨੇ ਇਸ ਮਾਮਲੇ ਲਈ ਜੰਗਲਾਤ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਜੰਗਲੀ ਜਾਨਵਰਾਂ ਤੋਂ ਫ਼ਸਲਾਂ ਨੂੰ ਬਚਾਉਣ ਲਈ ਵਿਭਾਗ ਵੱਲੋਂ ਢੁਕਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਖੇਤੀਬਾੜੀ ਦੇ ਵਧ ਰਹੇ ਖਰਚਿਆਂ ਕਾਰਨ ਆਰਥਿਕ ਦਬਾਅ ਹੇਠ ਹਨ ਅਤੇ ਅਜਿਹੇ ਹਾਲਾਤ ’ਚ ਫ਼ਸਲਾਂ ਦਾ ਜੰਗਲੀ ਜਾਨਵਰਾਂ ਵੱਲੋਂ ਨੁਕਸਾਨ ਕਿਸਾਨਾਂ ਲਈ ਹੋਰ ਵੱਡੀ ਮੁਸ਼ਕਲ ਪੈਦਾ ਕਰ ਰਿਹਾ ਹੈ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੌਕੇ ’ਤੇ ਸਬੰਧਤ ਅਧਿਕਾਰੀਆਂ ਨੂੰ ਭੇਜ ਕੇ ਉਸਦੀ ਨੁਕਸਾਨੀ ਮੱਕੀ ਦੀ ਫ਼ਸਲ ਦੀ ਗਿਰਦਾਵਰੀ ਜਾਂਚ ਕਰਵਾਈ ਜਾਵੇ ਤੇ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਘੱਟੋ-ਘੱਟ ਫ਼ਸਲ ਤਿਆਰ ਕਰਨ ’ਤੇ ਆਇਆ 10 ਹਜ਼ਾਰ ਰੁਪਏ ਤੋਂ ਵੱਧ ਦਾ ਖਰਚਾ ਉਸਨੂੰ ਮੁਆਵਜ਼ੇ ਵਜੋਂ ਮਿਲਣਾ ਚਾਹੀਦਾ ਹੈ, ਤਾਂ ਜੋ ਉਹ ਆਪਣੀ ਅਗਲੀ ਫ਼ਸਲ ਦੀ ਬਿਜਾਈ ਸਮੇਂ ਸਿਰ ਕਰ ਸਕੇ।ਮਨਵੀਰ ਬੀਹਲਾ ਨੇ ਇਹ ਵੀ ਮੰਗ ਕੀਤੀ ਕਿ ਜੰਗਲੀ ਸੂਰਾਂ ਤੇ ਰੋਜ਼ਾਂ ਦੀ ਸਮੱਸਿਆ ਦਾ ਸਿਰਫ਼ ਆਰਜ਼ੀ ਨਹੀਂ, ਸਗੋਂ ਪੱਕਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਯੋਗ ਕਾਰਵਾਈ ਕਰਦਿਆਂ ਇਨ੍ਹਾਂ ਜੰਗਲੀ ਜਾਨਵਰਾਂ ਨੂੰ ਸੁਰੱਖਿਅਤ ਜੰਗਲੀ ਖੇਤਰਾਂ ’ਚ ਪਹੁੰਚਾਉਣ ਦੇ ਪ੍ਰਬੰਧ ਕੀਤੇ ਜਾਣ, ਤਾਂ ਜੋ ਖੇਤਾਂ ’ਚ ਆ ਕੇ ਫ਼ਸਲਾਂ ਦਾ ਨੁਕਸਾਨ ਕਰਨ ਦੀ ਸਮੱਸਿਆ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਇਸ ਸਮੱਸਿਆ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ’ਚ ਇਲਾਕੇ ਦੇ ਹੋਰ ਕਿਸਾਨਾਂ ਦੀਆਂ ਫ਼ਸਲਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ। ਉਨ੍ਹਾਂ ਸਰਕਾਰ ਤੇ ਸਬੰਧਤ ਵਿਭਾਗ ਤੋਂ ਕਿਸਾਨਾਂ ਦੀ ਇਸ ਗੰਭੀਰ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਅਪੀਲ ਕੀਤੀ।