ਸਕੂਲ 'ਚ ਅਧਿਆਪਕ ਵੱਲੋਂ ਤਕਰਾਰ ਤੋਂ ਬਾਅਦ ਚੁੱਕਿਆ ਖ਼ੌਫ਼ਨਾਕ ਕਦਮ, ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼; ਪੁਲਿਸ ਜਾਂਚ 'ਚ ਜੁਟੀ
ਮਿਲੀ ਜਾਣਕਾਰੀ ਅਨੁਸਾਰ, ਉਕਤ ਅਧਿਆਪਕ ਦੀ ਘਟਨਾ ਤੋਂ ਕੁਝ ਚਿਰ ਪਹਿਲਾਂ ਸਕੂਲ ਕੰਪਲੈਕਸ ਵਿੱਚ ਕਿਸੇ ਵਿਅਕਤੀ ਨਾਲ ਬਹਿਸਬਾਜ਼ੀ ਹੋਈ ਸੀ। ਇਸ ਤੋਂ ਬਾਅਦ ਉਹ ਸਕੂਲ ਤੋਂ ਬਾਹਰ ਚਲਾ ਗਿਆ ਪਰ ਕੁਝ ਸਮੇਂ ਬਾਅਦ ਵਾਪਸ ਆ ਕੇ ਉਸ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ।
Publish Date: Mon, 19 Oct 2026 11:55 AM (IST)
Updated Date: Mon, 19 Oct 2026 12:07 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਜ਼ਿਲ੍ਹੇ ਦੇ ਪਿੰਡ ਮਨਾਲ ਸਥਿਤ 'ਬ੍ਰਾਡਵੇ ਪਬਲਿਕ ਸਕੂਲ' ਵਿੱਚ ਇੱਕ ਅਧਿਆਪਕ ਵੱਲੋਂ ਸਕੂਲ ਕੰਪਲੈਕਸ ਦੇ ਅੰਦਰ ਹੀ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ।
ਘਟਨਾ ਤੋਂ ਤੁਰੰਤ ਬਾਅਦ ਸਕੂਲ ਪ੍ਰਬੰਧਕਾਂ ਨੇ ਅਧਿਆਪਕ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਦੀ ਸਮੇਂ ਸਿਰ ਮਦਦ ਨਾਲ ਉਸ ਦੀ ਜਾਨ ਬਚ ਗਈ। ਫਿਲਹਾਲ ਅਧਿਆਪਕ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਥਾਣਾ ਠੁੱਲੀਵਾਲ ਦੀ ਪੁਲਿਸ ਨੇ ਇਸ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਤਕਰਾਰ ਤੋਂ ਬਾਅਦ ਚੁੱਕਿਆ ਖ਼ੌਫ਼ਨਾਕ ਕਦਮ
ਮਿਲੀ ਜਾਣਕਾਰੀ ਅਨੁਸਾਰ, ਉਕਤ ਅਧਿਆਪਕ ਦੀ ਘਟਨਾ ਤੋਂ ਕੁਝ ਚਿਰ ਪਹਿਲਾਂ ਸਕੂਲ ਕੰਪਲੈਕਸ ਵਿੱਚ ਕਿਸੇ ਵਿਅਕਤੀ ਨਾਲ ਬਹਿਸਬਾਜ਼ੀ ਹੋਈ ਸੀ। ਇਸ ਤੋਂ ਬਾਅਦ ਉਹ ਸਕੂਲ ਤੋਂ ਬਾਹਰ ਚਲਾ ਗਿਆ ਪਰ ਕੁਝ ਸਮੇਂ ਬਾਅਦ ਵਾਪਸ ਆ ਕੇ ਉਸ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ।
ਸਕੂਲ ਦੇ ਪ੍ਰਿੰਸੀਪਲ ਮੁਹੰਮਦ ਆਰਿਫ਼ ਸੈਫ਼ੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅਧਿਆਪਕ ਵੱਲੋਂ ਅਜਿਹੀ ਕੋਸ਼ਿਸ਼ ਕੀਤੀ ਗਈ ਸੀ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾ ਕੇ ਇਲਾਜ ਕਰਵਾਇਆ ਗਿਆ।
ਨੋਟਿਸ ਪੀਰੀਅਡ ਦੌਰਾਨ ਵਾਪਰੀ ਘਟਨਾ
ਸੂਤਰਾਂ ਅਨੁਸਾਰ ਅਧਿਆਪਕ ਦੇ ਸਕੂਲ ਪ੍ਰਬੰਧਕਾਂ ਨਾਲ ਸਬੰਧ ਸੁਖਾਵੇਂ ਨਹੀਂ ਸਨ। ਅਧਿਆਪਕ ਨੇ ਨੌਕਰੀ ਛੱਡਣ ਲਈ ਪਹਿਲਾਂ ਹੀ ਸਕੂਲ ਪ੍ਰਬੰਧਕਾਂ ਨੂੰ ਅਸਤੀਫ਼ੇ ਦਾ ਨੋਟਿਸ ਦਿੱਤਾ ਹੋਇਆ ਸੀ ਅਤੇ ਇਹ ਘਟਨਾ ਉਸੇ ਨੋਟਿਸ ਪੀਰੀਅਡ ਦੌਰਾਨ ਵਾਪਰੀ। ਹਾਲਾਂਕਿ, ਅਧਿਆਪਕ ਵੱਲੋਂ ਇਹ ਕਦਮ ਚੁੱਕਣ ਦੇ ਅਸਲ ਕਾਰਨਾਂ ਦਾ ਖੁਲਾਸਾ ਪੁਲਿਸ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਹੋ ਸਕੇਗਾ।
ਪੁਲਿਸ ਨੇ ਦਰਜ ਕੀਤੇ ਬਿਆਨ
ਥਾਣਾ ਠੁੱਲੀਵਾਲ ਦੇ ਜਾਂਚ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੀੜਤ ਅਧਿਆਪਕ ਦੇ ਬਿਆਨ ਦਰਜ ਕਰ ਲਏ ਹਨ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਪ੍ਰਿੰਸੀਪਲ ਫਿਲਹਾਲ ਬਾਹਰ ਗਏ ਹੋਏ ਹਨ। ਉਨ੍ਹਾਂ ਦੇ ਪਰਤਣ ਤੋਂ ਬਾਅਦ ਦੋਵਾਂ ਧਿਰਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਗੱਲਬਾਤ ਕਰਵਾਈ ਜਾਵੇਗੀ, ਤਾਂ ਜੋ ਮਾਮਲੇ ਨਾਲ ਜੁੜੇ ਸਾਰੇ ਤੱਥਾਂ ਦਾ ਸੱਚ ਸਾਹਮਣੇ ਆ ਸਕੇ।