- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਆਪ’ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋਇਆ: ਸੁਖਬੀਰ ਸਿੰਘ ਬਾਦਲ

- ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਦੀ ਰਿਹਾਇਸ਼ ’ਤੇ ਪੁੱਜੇ ਸੁਖਬੀਰ ਬਾਦਲ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਤਿੱਖੇ ਹਮਲੇ ਕਰਦਿਆਂ ਕਿਹਾ ਹੈ ਕਿ ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ਉੱਤੇ ਕੀਤੇ ਗਏ ਅੰਨ੍ਹੇਵਾਹ ਤਸ਼ੱਦਦ ਨੇ ‘ਆਪ’ ਦਾ ਦਲਿਤ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ। ਇਹ ਸ਼ਬਦ ਬਾਦਲ ਨੇ ਬਰਨਾਲਾ ਵਿਖੇ ਮਰਹੂਮ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੇ ਪੁੱਤਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਦੀ ਰਿਹਾਇਸ਼ ’ਤੇ ਇਕ ਨਿੱਜੀ ਮੁਲਾਕਾਤ ਦੌਰਾਨ ਪ੍ਰਗਟਾਏ।
- ‘ਆਪ’ ਹੁਣ ‘ਡਾਂਗਲੈਂਡ ਪਾਰਟੀ’ ਬਣ ਚੁੱਕੀ ਹੈ
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੌਜੂਦਾ ਸਰਕਾਰ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਹਰ ਵਰਗ ਉੱਤੇ ਲਾਠੀਚਾਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਯੂਥ, ਲਾਈਨਮੈਨ, ਕੱਚੇ ਅਧਿਆਪਕ ਤੇ ਕਾਮੇ ਅਤੇ ਹੁਣ ਸਫਾਈ ਸੇਵਕਾਂ ਉੱਤੇ ਵੀ ਸ਼ਰੇਆਮ ਡਾਂਗਾਂ ਵਰ੍ਹਾਈਆਂ ਜਾ ਰਹੀਆਂ ਹਨ। ਉਨ੍ਹਾਂ ਤਨਜ਼ ਕੱਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਹੁਣ ‘ਡਾਂਗਲੈਂਡ ਪਾਰਟੀ’ ਬਣ ਕੇ ਰਹਿ ਗਈ ਹੈ ਅਤੇ ਪੰਜਾਬ ਦਾ ਹਰ ਵਰਗ ਇਸ ਸਰਕਾਰ ਦੀਆਂ ਨੀਤੀਆਂ ਤੋਂ ਬੇਹੱਦ ਦੁਖੀ ਅਤੇ ਪਰੇਸ਼ਾਨ ਹੈ।
- ਅਕਾਲੀ ਦਲ ਹੀ ਪੰਜਾਬ ਦੀ ਸੱਚੀ ਲੋਕ-ਹਿਤੈਸ਼ੀ ਪਾਰਟੀ
ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਆਪਣੀ ਪੰਥਕ ਅਤੇ ਲੋਕ-ਹਿਤੈਸ਼ੀ ਮਾਂ-ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਚੁਣ ਕੇ ਸੂਬੇ ਵਿੱਚ ਮੁੜ ਅਕਾਲੀ ਦਲ ਦੀ ਸਰਕਾਰ ਬਣਾਉਣਗੇ। ਇਸ ਮੌਕੇ ਉਨ੍ਹਾਂ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੂੰ ਹਦਾਇਤ ਕੀਤੀ ਕਿ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕੀਤਾ ਜਾਵੇ। ਉਨ੍ਹਾਂ ਵਰਕਰਾਂ ਨੂੰ ਘਰ-ਘਰ ਜਾ ਕੇ ਅਕਾਲੀ ਦਲ ਦੇ ਸਾਬਕਾ ਸ਼ਾਸਨਕਾਲ ਦੌਰਾਨ ਲਏ ਗਏ ਲੋਕ-ਹਿੱਤ ਫੈਸਲਿਆਂ ਅਤੇ ਵਿਕਾਸ ਕਾਰਜਾਂ ਤੋਂ ਜਨਤਾ ਨੂੰ ਜਾਣੂ ਕਰਵਾਉਣ ਲਈ ਪ੍ਰਚਾਰ-ਪ੍ਰਸਾਰ ਵਧਾਉਣ ਦਾ ਪ੍ਰੇਰਨਾ ਸੰਦੇਸ਼ ਦਿੱਤਾ। ਇਸ ਨਿੱਜੀ ਮਿਲਣੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਜ਼ਿਲ੍ਹਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ, ਬਰਨਾਲਾ, ਸਤਿਨਾਮ ਸਿੰਘ ਰਾਹੀ ਹਲਕਾ ਇੰਚਾਰਜ, ਭਦੌੜ, ਸੰਤ ਬਲਬੀਰ ਸਿੰਘ ਘੁੰਨਸ ਸਾਬਕਾ ਸੰਸਦੀ ਸਕੱਤਰ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਰਲੋਚਨ ਬਾਂਸਲ ਸਾਬਕਾ ਪ੍ਰਧਾਨ ਨਗਰ ਕੌਂਸਲ ਤਪਾ ਅਤੇ ਪ੍ਰਧਾਨ ਮਹਾਕਾਂਵੜ ਸੰਘ ਪੰਜਾਬ, ਐਡਵੋਕੇਟ ਰੁਪਿੰਦਰ ਸਿੰਘ ਸੰਧੂ ਸਾਬਕਾ ਚੇਅਰਮੈਨ, ਜ਼ਿਲ੍ਹਾ ਯੋਜਨਾ ਬੋਰਡ, ਸੰਜੀਵ ਸ਼ੋਰੀ ਸਾਬਕਾ ਪ੍ਰਧਾਨ, ਨਗਰ ਕੌਂਸਲ ਬਰਨਾਲਾ, ਬੇਅੰਤ ਬਾਠ ਅਤੇ ਹੋਰ ਸਥਾਨਕ ਆਗੂ ਤੇ ਵਰਕਰ ਹਾਜ਼ਰ ਸਨ।