- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਰਨਾਲਾ ਦੇ ਇੱਕ ਨਿੱਜੀ ਪੈਲਸ 'ਚ ਵਪਾਰੀਆਂ ਤੇ ਕਾਰਖਾਨੇਦਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸੂਬੇ 'ਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਫ਼ਸਰਸ਼ਾਹੀ ਤੇ ਇੰਸਪੈਕਟਰੀ ਰਾਜ ਦਾ ਭੋਗ ਪਾਇਆ ਜਾਵੇਗਾ।

ਯਾਦਵਿੰਦਰ ਸਿੰਘ ਭੁੱਲਰ,ਪੰਜਾਬੀ ਜਾਗਰਣ, ਬਰਨਾਲਾ-
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਰਨਾਲਾ ਦੇ ਇੱਕ ਨਿੱਜੀ ਪੈਲਸ 'ਚ ਵਪਾਰੀਆਂ ਤੇ ਕਾਰਖਾਨੇਦਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸੂਬੇ 'ਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਫ਼ਸਰਸ਼ਾਹੀ ਤੇ ਇੰਸਪੈਕਟਰੀ ਰਾਜ ਦਾ ਭੋਗ ਪਾਇਆ ਜਾਵੇਗਾ। ਵਪਾਰੀਆਂ ਉੱਤੇ ਭਰੋਸਾ ਜਤਾਉਂਦਿਆਂ ਇੱਕੋ ਵਾਰ ਨਿਬੇੜਾ ਕਰਨ ਵਾਲੀ 'ਲੰਪ-ਸੰਮ' ਟੈਕਸ ਪ੍ਰਣਾਲੀ ਤੇ ਸਵੈ-ਘੋਸ਼ਣਾ ਨੀਤੀ ਲਾਗੂ ਕੀਤੀ ਜਾਵੇਗੀ, ਤਾਂ ਜੋ ਸਾਡੇ ਵਪਾਰੀ ਭਰਾ ਬਿਨਾਂ ਕਿਸੇ ਸਰਕਾਰੀ ਡਰ-ਭਉ ਦੇ ਅਰਾਮ ਨਾਲ ਆਪਣਾ ਕਾਰੋਬਾਰ ਕਰ ਸਕਣ।
ਬਰਨਾਲਾ 'ਚ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਦੀ ਅਗਵਾਈ ਚ ਹੋਏ ਇਸ ਸਮਾਗਮ ਚ ਉਚੇਚੇ ਤੌਰ ਤੇ ਪੁੱਜੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਪਾਰੀ ਵਰਗ ਨਾਲ ਕੀਤੇ ਨਿਘੇ ਮੇਲ-ਜੋਲ ਦੌਰਾਨ ਕਿਹਾ ਕਿ ਅੱਜ ਪੰਜਾਬ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵਪਾਰੀਆਂ ਦੇ ਗਲ਼ 'ਤੇ ਛੁਰੀ ਫੇਰ ਕੇ ਜੀ.ਐੱਸ.ਟੀ. ਦੇ ਛਾਪੇ ਮਾਰ ਰਹੀ ਹੈ ਤੇ ਜ਼ਬਰਦਸਤੀ ਪਾਰਟੀ ਲਈ ਉਗਰਾਹੀਆਂ ਕਰ ਰਹੀ ਹੈ। ਦੂਜੇ ਪਾਸੇ ਗੈਂਗਸਟਰਾਂ ਦੇ ਫੋਨਾਂ ਨੇ ਵਪਾਰੀਆਂ ਦਾ ਜਿਊਣਾ ਦੁਸ਼ਵਾਰ ਕੀਤਾ ਹੋਇਆ ਹੈ, ਜਿਸ ਕਰਕੇ ਪੰਜਾਬ ਵਿੱਚੋਂ ਪੂੰਜੀ ਬਾਹਰ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਅਕਾਲੀ ਸਰਕਾਰ ਆਉਂਦਿਆਂ ਹੀ ਗੈਂਗਸਟਰਾਂ ਦਾ ਖੁਰਾ-ਖੋਜ ਮਿਟਾਇਆ ਜਾਵੇਗਾ। ਬਾਦਲ ਨੇ ਮੰਚ ਤੋਂ ਬੋਲਦਿਆਂ ਕਿਹਾ ਕਿ ਪੁਰਾਣੀ ਅਕਾਲੀ ਸਰਕਾਰ ਵੇਲੇ ਦੀ ਸੁਖਾਲੀ ਰਾਹਤ ਸਕੀਮ ਮੁੜ ਲਾਗੂ ਕੀਤੀ ਜਾਵੇਗੀ। ਜ਼ਮੀਨਾਂ ਦੀ ਵਰਤੋਂ ਬਦਲਣ ਦੇ ਖ਼ਰਚੇ ਘਟਾ ਕੇ ਸਾਰੀ ਪ੍ਰਕਿਰਿਆ ਪਾਰਦਰਸ਼ੀ ਕੀਤੀ ਜਾਵੇਗੀ। ਵਿਕਸਤ ਕਾਲੋਨੀਆਂ ਵਿੱਚ ਰਜਿਸਟਰੀ ਕਰਵਾਉਣ ਲਈ ਐੱਨ.ਓ.ਸੀ. ਦੀ ਲੋੜ ਨਹੀਂ ਪਵੇਗੀ, ਸਿਰਫ਼ ਸਵੈ-ਘੋਸ਼ਣਾ ਪੱਤਰ ਹੀ ਕਾਫ਼ੀ ਹੋਵੇਗਾ।
--ਵਪਾਰੀਆਂ ਤੇ ਸਨਅਤਕਾਰਾਂ ਨੇ ਫੋਲੇ ਦੁੱਖੜੇ
ਇਸ ਮਿਲਣੀ ਦੌਰਾਨ ਵੱਖ-ਵੱਖ ਐਸੋਸੀਏਸ਼ਨਾਂ ਨੇ ਆਪਣੀਆਂ ਮੁਸ਼ਕਲਾਂ ਸੁਖਬੀਰ ਬਾਦਲ ਅੱਗੇ ਰੱਖਦਿਆਂ ਬਰਨਾਲਾ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਜੈਬ ਸਿੰਘ ਬਰਨਾਲਾ ਨੇ ਦੱਸਿਆ ਕਿ ਝੋਨੇ ਦੀ 2 ਫ਼ੀਸਦੀ ਝਾੜ-ਘਾਟ ਦੀ ਛੋਟ ਖ਼ਤਮ ਕਰਨ ਨਾਲ ਮਿੱਲਰਾਂ ਦਾ ਲੱਕ ਟੁੱਟ ਗਿਆ ਹੈ। ਆੜ੍ਹਤੀਆਂ ਦੀ ਦਾਣਾ ਮੰਡੀ ਦੀ ਆੜ੍ਹਤ 2.5 ਫ਼ੀਸਦੀ ਤੋਂ ਘਟਾ ਦਿੱਤੀ ਗਈ ਹੈ ਤੇ ਮਾਲ ਸਾਂਭਣ ਲਈ ਗੁਦਾਮਾਂ ਦੀ ਭਾਰੀ ਤੋਟ ਹੈ। ਸੁਰਿੰਦਰ ਦੁੱਗਲ ਤੇ ਰਵੀ ਬਾਂਸਲ ਨੇ ਦੱਸਿਆ ਕਿ ਮੈਡੀਕਲ ਸਟੋਰ ਵਾਲਿਆਂ ਨੂੰ ਚੋਰ-ਉਚੱਕਿਆਂ ਵਾਂਗ ਦੇਖਿਆ ਜਾ ਰਿਹਾ ਹੈ। ਕਮਿਸਟ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਨਰਿੰਦਰ ਅਰੋੜਾ ਨੇ ਵੀ ਆਪਣਾ ਪੱਖ ਸੁਖਬੀਰ ਸਿੰਘ ਬਾਦਲ ਅੱਗੇ ਰੱਖਦਿਆਂ ਕਿਹਾ ਕਿ ਸਰਕਾਰ 'ਚਿੱਟਾ' ਵੇਚਣ ਵਾਲਿਆਂ ਨਾਲ ਤਾਂ ਰਲੀ ਹੋਈ ਹੈ, ਪਰ ਦੋਸ਼ ਕੈਮਿਸਟਾਂ ਸਿਰ ਮੜ੍ਹਿਆ ਜਾ ਰਿਹਾ ਹੈ। ਵਪਾਰੀ ਤੇ ਨਗਰ ਕੌਂਸਲ ਤਪਾ ਮੰਡੀ ਦੇ ਸਾਬਕਾ ਪ੍ਰਧਾਨ ਤਰਲੋਚਨ ਬਾਂਸਲ ਨੇ ਕਿਹਾ ਕਿ ਟੈਕਸ ਅਫ਼ਸਰਾਂ ਨੂੰ ਉਗਰਾਹੀ ਦੇ ਟੀਚੇ ਦਿੱਤੇ ਹੋਏ ਹਨ, ਜਿਸ ਕਰਕੇ ਵਪਾਰੀਆਂ ਨੂੰ ਜ਼ਬਰੀ ਜੁਰਮਾਨੇ ਠੋਕੇ ਜਾ ਰਹੇ ਹਨ। ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਵੇਲੇ ਦੀਆਂ ਨੀਤੀਆਂ ਨੂੰ ਯਾਦ ਕੀਤਾ,
ਸੁਖਬੀਰ ਬਾਦਲ ਨੇ ਵਪਾਰੀ ਆਗੂਆਂ ਤੋਂ ਮੰਗ ਪੱਤਰ ਪ੍ਰਾਪਤ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਸਾਰੀਆਂ ਜਾਇਜ਼ ਮੰਗਾਂ ਨੂੰ ਅਕਾਲੀ ਦਲ ਦੇ ਆਗਾਮੀ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗਊ-ਸੈੱਸ ਦਾ ਇੱਕ-ਇੱਕ ਪੈਸਾ ਬੇਸਹਾਰਾ ਪਸ਼ੂਆਂ ਦੇ ਸੁਚੱਜੇ ਹੱਲ ਲਈ ਵਰਤਿਆ ਜਾਵੇਗਾ। ਮਨ ਚ ਸੰਚਾਲਨ ਦੀ ਭੂਮਿਕਾ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਜੀਵ ਸ਼ੋਰੀ ਵੱਲੋਂ ਨਿਭਾਈ ਗਈ। ਇਸ ਮੌਕੇ ਸਾਬਕਾ ਸੰਸਦ ਸਕੱਤਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੰਤ ਬਲਵੀਰ ਸਿੰਘ ਘੁੰਨਸ, ਬਰਨਾਲਾ ਤੋਂ ਹਲਕਾ ਇੰਚਾਰਜ ਕੁਲਵੰਤ ਸਿੰਘ ਕਾਂਤਾ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇ ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਸੰਜੀਵ ਸੂਰੀ ਕੌਮੀ ਅਧਿਕਾਰੀਆਂ ਪਾਸ ਪੰਜਾਬ ਮੀਤ ਪ੍ਰਧਾਨ ਸੀਨੀਅਰ ਐਡਵੋਕੇਟ ਰੁਪਿੰਦਰ ਸਿੰਘ ਸੰਧੂ ਕੌਮੀ ਜਥੇਬੰਦਕ ਸਕੱਤਰ ਜਤਿੰਦਰ ਜਿਮੀ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਤਰਲੋਚਨ ਬਾਂਸਲ, ਗੁਰਤੇਜ ਖੁੱਡੀ, ਤੇਜਿੰਦਰ ਸਿੰਘ ਸੋਨੀ ਜਾਗਲ ਸਮੇਤ ਭਾਰੀ ਗਿਣਤੀ 'ਚ ਅਕਾਲੀ ਆਗੂ ਤੇ ਵਪਾਰੀ ਹਾਜ਼ਰ ਸਨ।