- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਡਾਂ ਵਤਨ ਪੰਜਾਬ ਦੀਆਂ : ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ਮਗਰੋਂ ਮਾਨਸਾ ਦੀਆਂ ਨੈੱਟਬਾਲ ਖਿਡਾਰਨਾਂ ਦਾ ਰੋਸ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਬਰਨਾਲਾ ਦੇ ਐਸ.ਡੀ. ਕਾਲਜ ਦੇ ਖੇਡ ਗਰਾਊਂਡ 'ਚ ਚੱਲ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-4’ ਤਹਿਤ ਲੜਕੀਆਂ ਦੇ ਨੈੱਟਬਾਲ ਦੇ ਰਾਜ ਪੱਧਰੀ ਮੁਕਾਬਲਿਆਂ ਦੌਰਾਨ ਵੀਰਵਾਰ ਨੂੰ ਉਸ ਵੇਲੇ ਭਖਵਾਂ ਮਾਹੌਲ ਬਣ ਗਿਆ, ਜਦੋਂ ਜ਼ਿਲ੍ਹਾ ਮਾਨਸਾ ਤੋਂ ਆਈਆਂ ਖਿਡਾਰਨਾਂ ਨੇ 24 ਘੰਟਿਆਂ ਤੋਂ ਵੱਧ ਸਮਾਂ ਖੇਡ ਮੈਦਾਨ ਤੋਂ ਦੂਰ ਰਹਿ ਕੇ ਆਪਣੇ ਮਾਪਿਆਂ ਤੇ ਕੋਚਾਂ ਸਣੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪ੍ਰਬੰਧਕ ਕਮੇਟੀ ਤੇ ਮੌਜੂਦਾ ਸਰਕਾਰ ਦੀ ਸ਼ਹਿ ’ਤੇ ਕਨਵੀਨਰ ਵੱਲੋਂ ਖੇਡਾਂ 'ਚ ਹੇਰਾਫੇਰੀ ਕੀਤੀ ਜਾ ਰਹੀ ਹੈ ਤੇ ਅਸੂਲਾਂ ਨੂੰ ਛਿੱਕੇ ਟੰਗ ਕੇ ਮਨਮਰਜ਼ੀ ਦੇ ਨਿਯਮ ਠੋਸੇ ਜਾ ਰਹੇ ਹਨ।
--ਕਨਵੀਨਰ ਦੇ ਬਣਾਏ ਨਵੇਂ ਨਿਯਮਾਂ ਕਾਰਨ ਖੇਡ ਗਰਾਊਂਡ ਤੋਂ ਹੋਈ ਦੂਰ
ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਮਾਨਸਾ ਜ਼ਿਲ੍ਹੇ ਦੀਆਂ ਲੜਕੀਆਂ ਦੀ ਟੀਮ ਦੇ ਇੰਚਾਰਜ ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ 15 ਵਰ੍ਹਿਆਂ ਤੋਂ ਬੱਚੀਆਂ ਨੂੰ ਖੇਡਾਂ ਦੀ ਸਿਖਲਾਈ ਦੇ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਕੋਚ ਤੇ ਖੇਡ ਅਧਿਆਪਕ ਹੈਪੀ ਕੁਮਾਰ, ਪਰਮਵੀਰ ਸਿੰਘ, ਕਰਮਜੀਤ ਸਿੰਘ, ਰਾਜਨਦੀਪ ਸਿੰਘ, ਟੀਮ ਇੰਚਾਰਜ ਰਜਿੰਦਰ ਕੌਰ, ਜਗਸੀਰ ਸਿੰਘ, ਕੁਲਵਿੰਦਰ ਸਿੰਘ, ਅਮਰਜੀਤ ਸਿੰਘ, ਹੈਪੀ ਬਾਂਸਲ, ਅਰਸ਼ਦੀਪ ਸਿੰਘ ਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ 17, 18 ਤੇ 19 ਨਵੰਬਰ ਨੂੰ ਹੋਣ ਵਾਲੇ ਇਨ੍ਹਾਂ ਤਿੰਨ ਰੋਜ਼ਾ ਰਾਜ ਪੱਧਰੀ ਮੁਕਾਬਲਿਆਂ ਲਈ ਉਹ ਮਾਨਸਾ ਤੋਂ ਚਾਰ ਟੀਮਾਂ ਲੈ ਕੇ ਪਹੁੰਚੇ ਸਨ। 17 ਨਵੰਬਰ ਨੂੰ ਬੱਚੀਆਂ ਨੇ ਮੈਦਾਨ 'ਚ ਖੇਡਿਆ, ਪਰ 18 ਨਵੰਬਰ ਦੀ ਸਵੇਰ ਕਨਵੀਨਰ ਪਲਵੀ ਰਾਣਾ ਵੱਲੋਂ ਕਥਿਤ ਧੱਕੇਸ਼ਾਹੀ ਤੇ ਨਿਯਮਾਂ ਦੀ ਉਲੰਘਣਾ ਕਾਰਨ ਖਿਡਾਰਨਾਂ ਨੂੰ ਮੈਦਾਨ ਤੋਂ ਵੱਖ ਹੋਣਾ ਪਿਆ। ਉਸੇ ਦਿਨ ਸਵੇਰੇ ਲੱਗਭੱਗ 11 ਵਜੇ ਕਨਵੀਨਰ ਤੇ ਜ਼ਿਲ੍ਹਾ ਖੇਡ ਅਫ਼ਸਰ ਬਰਨਾਲਾ ਨੂੰ ਲਿਖਤੀ ਸ਼ਿਕਾਇਤ ਸੌਂਪੀ ਗਈ ਸੀ, ਜਿਸ ਦੇ ਫ਼ੈਸਲੇ ਦੀ ਉਡੀਕ 'ਚ ਟੀਮ ਨੇ ਮੈਦਾਨ ਤੋਂ ਦੂਰੀ ਬਣਾਈ ਰੱਖੀ।
--ਮਾਪਿਆਂ ਤੇ ਕੋਚਾਂ ਦੇ ਗੰਭੀਰ ਦੋਸ਼
ਵੀਰਵਾਰ ਨੂੰ ਲਗਭਗ 24 ਘੰਟੇ ਬੀਤ ਜਾਣ ਮਗਰੋਂ ਵੀ ਜਦੋਂ ਕੋਈ ਲਿਖਤੀ ਜਵਾਬ ਜਾਂ ਮੁੜ ਖੇਡਣ ਦਾ ਸੱਦਾ ਨਾ ਮਿਲਿਆ, ਤਾਂ ਖਿਡਾਰਨਾਂ ਦੇ ਮਾਪਿਆਂ ਤੇ ਕੋਚਾਂ ਨੇ ਮੀਡੀਆ ਸਾਹਮਣੇ ਖੇਡਾਂ ’ਚ ਧਾਂਦਲੀਆਂ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਕਨਵੀਨਰ ਪਲਵੀ ਰਾਣਾ ਸਰਕਾਰ ਤੇ ਸਰਕਾਰੀ ਨੁਮਾਇੰਦਿਆਂ ਦੀ ਸ਼ਹਿ ’ਤੇ ਬੱਚੀਆਂ ਨੂੰ ਹਰਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਰੋਸ ਵਜੋਂ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਕੋਲ ਪਹੁੰਚ ਕੇ ਜ਼ਿਲ੍ਹਾ ਖੇਡ ਅਫ਼ਸਰ ਤੇ ਕਨਵੀਨਰ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਲਿਖਤੀ ਸ਼ਿਕਾਇਤ ਦਿੱਤੀ। ਡੀਸੀ ਦੇ ਦਰਬਾਰ ਪੇਸ਼ ਹੋ ਰੋਸ ਜਤਾਉਂਦੇ ਮਾਪੇ, ਕੋਚ ਤੇ ਖਿਡਾਰਨਾ ਕਿਹਾ ਕਿ ਖੇਡ ਦੇ ਮੈਦਾਨ 'ਚ ਜਿੱਤ-ਹਾਰ ਤਾਂ ਲੱਗੀ ਰਹਿੰਦੀ ਹੈ, ਪਰ ਸਿਆਸਤ ਜਾਂ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਨਿਯਮਾਂ ਨਾਲ ਖਿਲਵਾੜ ਕਰਕੇ ਅਸਲੀ ਖਿਡਾਰੀਆਂ ਨੂੰ ਬਾਹਰ ਰੱਖਣਾ ਬੇਹੱਦ ਮੰਦਭਾਗਾ ਹੈ। ਖੇਡਾਂ ਦੇ ਮੈਦਾਨ 'ਚ ਸਿਆਸਤ ਭਾਰੂ ਨਹੀਂ ਹੋਣੀ ਚਾਹੀਦੀ।
--ਪ੍ਰਸ਼ਾਸਨ ਦਾ ਐਕਸ਼ਨ ਤੇ ਖਿਡਾਰਨਾਂ ਦੀ ਵਾਪਸੀ
ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦਿਆਂ ਏ.ਡੀ.ਸੀ. ਜਨਰਲ, ਆਈ.ਏ.ਐਸ. ਵਿਵੇਕ ਮੋਦੀ ਨੇ ਮੁਕਾਬਲਿਆਂ ਲਈ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਤੇ ਕਨਵੀਨਰ ਪਲਵੀ ਰਾਣਾ ਨੂੰ ਨਿਰਪੱਖ ਢੰਗ ਨਾਲ ਖੇਡਾਂ ਕਰਵਾਉਣ ਦੇ ਹੁਕਮ ਦਿੱਤੇ। ਨਾਲ ਹੀ ਕਰੀਬ 26 ਘੰਟਿਆਂ ਤੋਂ ਮੈਦਾਨ ਤੋਂ ਦੂਰ ਰਹੀਆਂ ਮਾਨਸਾ ਦੀਆਂ ਖਿਡਾਰਨਾਂ ਨੂੰ ਤੁਰੰਤ ਮੁੜ ਖੇਡਣ ਦੀ ਇਜਾਜ਼ਤ ਦਿੱਤੀ ਗਈ। ਇਸ ਦੌਰਾਨ ਪਟਿਆਲਾ ਤੋਂ ਤਾਇਨਾਤ ਕਨਵੀਨਰ ਪਲਵੀ ਰਾਣਾ ਵੱਲੋਂ ਨਿਯਮਾਂ ਦੀ ਉਲੰਘਣਾ ਮੰਨਦਿਆਂ ਮੁਆਫ਼ੀ ਮੰਗਣ ਦੀ ਵੀ ਚਰਚਾ ਰਹੀ। ਪ੍ਰਸ਼ਾਸਨ ਦੇ ਦਖ਼ਲ ਮਗਰੋਂ ਲਗਭਗ 26 ਘੰਟਿਆਂ ਬਾਅਦ ਮਾਨਸਾ ਦੀਆਂ ਬੱਚੀਆਂ ਮੁੜ ਨੈੱਟਬਾਲ 'ਚ ਆਪਣੀ ਖੇਡ ਦਾ ਜੌਹਰ ਦਿਖਾਉਣ ਲਈ ਉਤਰੀਆਂ। ਖਿਡਾਰਨਾਂ, ਕੋਚਾਂ ਤੇ ਮਾਪਿਆਂ ਨੇ ਜਿੱਥੇ ਡੀ.ਸੀ. ਅਵੀਜੀਤ ਕਪਲਿਸ਼ ਅਤੇ ਏ.ਡੀ.ਸੀ. ਵਿਵੇਕ ਮੋਦੀ ਦਾ ਧੰਨਵਾਦ ਕੀਤਾ, ਉੱਥੇ ਹੀ ਮਸਲੇ ਨੂੰ ਪ੍ਰਮੁੱਖਤਾ ਨਾਲ ਉਠਾਉਣ ਲਈ ‘ਪੰਜਾਬੀ ਜਾਗਰਣ’ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।