15 ਸਤੰਬਰ ਤੋਂ ਪੰਜਾਬ ਪੱਧਰੀ ਸੰਘਰਸ਼ ਦਾ ਐਲਾਨ, ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਵੱਲੋਂ ਮੋਹਾਲੀ 'ਚ ਰੋਸ ਮਾਰਚ ਦੀ ਚਿਤਾਵਨੀ
'ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਪੰਜਾਬ' ਦੇ ਨੁਮਾਇੰਦਿਆਂ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਆਗੂਆਂ ਨੇ ਰੋਸ ਪ੍ਰਗਟਾਉਂਦਿਆਂ ਦੱਸਿਆ ਕਿ ਵਿਭਾਗ ਨੂੰ ਪਹਿਲਾਂ ਸੌਂਪੇ ਗਏ ਮੰਗ ਪੱਤਰ 'ਤੇ ਹੁਣ ਤੱਕ ਕੋਈ ਵੀ ਈਮਾਨਦਾਰਾਨਾ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਸਮੂਹ ਮੁਲਾਜ਼ਮਾਂ ਵਿੱਚ ਗੰਭੀਰ ਰੋਸ ਦੀ ਲਹਿਰ ਹੈ।
Publish Date: Tue, 25 Aug 2026 08:33 AM (IST)
Updated Date: Tue, 25 Aug 2026 08:35 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - 'ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਪੰਜਾਬ' ਦੇ ਨੁਮਾਇੰਦਿਆਂ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਆਗੂਆਂ ਨੇ ਰੋਸ ਪ੍ਰਗਟਾਉਂਦਿਆਂ ਦੱਸਿਆ ਕਿ ਵਿਭਾਗ ਨੂੰ ਪਹਿਲਾਂ ਸੌਂਪੇ ਗਏ ਮੰਗ ਪੱਤਰ 'ਤੇ ਹੁਣ ਤੱਕ ਕੋਈ ਵੀ ਈਮਾਨਦਾਰਾਨਾ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਸਮੂਹ ਮੁਲਾਜ਼ਮਾਂ ਵਿੱਚ ਗੰਭੀਰ ਰੋਸ ਦੀ ਲਹਿਰ ਹੈ।
ਸੈਬਰ ਸਿੰਘ ਪ੍ਰੈਸ ਸਕੱਤਰ, ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਬਰਨਾਲਾ/ਪੰਜਾਬ, ਗੁਰਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ, ਲਵਪ੍ਰੀਤ ਸਿੰਘ ਵਾਈਸ ਪ੍ਰਧਾਨ, ਜਗਸੀਰ ਸਿੰਘ ਖਜ਼ਾਨਚੀ, ਬੇਅੰਤ ਸਿੰਘ, ਚਰਨਜੀਤ ਸਿੰਘ, ਪੂਨਮ ਰਾਣੀ ਤੇ ਬਲਕਾਰ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਹੋਈਆਂ ਪਿਛਲੀਆਂ ਮੀਟਿੰਗਾਂ ਦਾ ਵੀ ਹੁਣ ਤੱਕ ਕੋਈ ਸਾਰਥਕ ਨਤੀਜਾ ਨਹੀਂ ਨਿਕਲਿਆ। ਸਰਕਾਰ ਅਤੇ ਵਿਭਾਗ ਵੱਲੋਂ ਅਪਣਾਈ ਜਾ ਰਹੀ ਟਾਲ-ਮਟੋਲ ਦੀ ਨੀਤੀ ਤੋਂ ਸਾਫ਼ ਜਾਪਦਾ ਹੈ ਕਿ ਪੰਜਾਬ ਸਰਕਾਰ ਅਤੇ ਨਿੱਜੀ ਕੰਪਨੀਆਂ ਆਪਸ ਵਿੱਚ ਮਿਲੀਆਂ ਹੋਈਆਂ ਹਨ, ਜਿਸ ਕਾਰਨ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦਾ ਲਗਾਤਾਰ ਸ਼ੋਸ਼ਣ ਕੀਤਾ ਜਾ ਰਹਾ ਹੈ।
ਯੂਨੀਅਨ ਨੇ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਉੱਪਰ ਤੁਰੰਤ ਕਾਰਵਾਈ ਨਾ ਕੀਤੀ ਗਈ, ਤਾਂ 15 ਸਤੰਬਰ 2026 ਤੋਂ ਪੂਰੇ ਪੰਜਾਬ ਵਿੱਚ ਵਿਸ਼ਾਲ ਸੰਘਰਸ਼ ਵਿੱਢਿਆ ਜਾਵੇਗਾ। ਇਸ ਸੰਘਰਸ਼ ਦੇ ਪਹਿਲੇ ਪੜਾਅ ਤਹਿਤ ਫੇਸ 10 ਸਥਿਤ ਕਿਰਤੀ ਭਵਨ, ਮੋਹਾਲੀ ਵਿਖੇ ਵੱਡੇ ਪੱਧਰ 'ਤੇ ਰੋਸ ਮਾਰਚ ਕੀਤਾ ਜਾਵੇਗਾ। ਆਗੂਆਂ ਨੇ ਸਪਸ਼ਟ ਕੀਤਾ ਕਿ ਇਸ ਸੰਘਰਸ਼ ਦੌਰਾਨ ਜੇਕਰ ਆਮ ਜਨਤਾ ਨੂੰ ਕੋਈ ਪ੍ਰੇਸ਼ਾਨੀ ਹੁੰਦੀ ਹੈ ਜਾਂ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ, ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਕਿਰਤ ਵਿਭਾਗ ਅਤੇ ਪੰਜਾਬ ਸਰਕਾਰ ਦੀ ਹੋਵੇਗੀ।