- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਪੰਚਾਇਤ ਹੰਡਿਆਇਆ ਦੇ ਸਫ਼ਾਈ ਕਾਮਿਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਵਿੱਢਿਆ ਸੰਘਰਸ਼ ਸੋਮਵਾਰ ਨੂੰ 15ਵੇਂ ਦਿਨ 'ਚ ਦਾਖ਼ਲ ਹੋ ਗਿਆ ਹੈ। ਮੰਗਾਂ ਵੱਲ ਧਿਆਨ ਨਾ ਦਿੱਤੇ ਜਾਣ ਤੋਂ ਰੋਸ 'ਚ ਆਏ ਸਫ਼ਾਈ ਸੇਵਕਾਂ ਨੇ ਸੋਮਵਾਰ ਦਿਨ ਚੜ੍ਹਦਿਆਂ ਹੀ ਪਿੰਡ ਤੇ ਕਸਬੇ ਵਿੱਚੋਂ ਕੂੜਾ ਇਕੱਠਾ ਕਰਕੇ ਨਗਰ ਪੰਚਾਇਤ ਦਫ਼ਤਰ ਦੇ ਮੁੱਖ ਗੇਟ ਅੱਗੇ ਢੇਰੀ ਕਰ ਦਿੱਤਾ ਤੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣਾ ਗੁੱਸਾ ਜ਼ਾਹਰ ਕੀਤਾ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਨਗਰ ਪੰਚਾਇਤ ਹੰਡਿਆਇਆ ਦੇ ਸਫ਼ਾਈ ਕਾਮਿਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਵਿੱਢਿਆ ਸੰਘਰਸ਼ ਸੋਮਵਾਰ ਨੂੰ 15ਵੇਂ ਦਿਨ 'ਚ ਦਾਖ਼ਲ ਹੋ ਗਿਆ ਹੈ। ਮੰਗਾਂ ਵੱਲ ਧਿਆਨ ਨਾ ਦਿੱਤੇ ਜਾਣ ਤੋਂ ਰੋਸ 'ਚ ਆਏ ਸਫ਼ਾਈ ਸੇਵਕਾਂ ਨੇ ਸੋਮਵਾਰ ਦਿਨ ਚੜ੍ਹਦਿਆਂ ਹੀ ਪਿੰਡ ਤੇ ਕਸਬੇ ਵਿੱਚੋਂ ਕੂੜਾ ਇਕੱਠਾ ਕਰਕੇ ਨਗਰ ਪੰਚਾਇਤ ਦਫ਼ਤਰ ਦੇ ਮੁੱਖ ਗੇਟ ਅੱਗੇ ਢੇਰੀ ਕਰ ਦਿੱਤਾ ਤੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣਾ ਗੁੱਸਾ ਜ਼ਾਹਰ ਕੀਤਾ।
ਮੁੱਖ ਮੰਗਾਂ ਤੇ ਯੂਨੀਅਨ ਦੀ ਚਿਤਾਵਨੀ
ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿਜੇ ਕੁਮਾਰ ਦੀ ਅਗਵਾਈ ਹੇਠ ਇਕੱਤਰ ਹੋਏ ਮੁਲਾਜ਼ਮਾਂ ਨੇ ਆਖਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਆਊਟਸੋਰਸ ਆਧਾਰ 'ਤੇ ਮਾਮੂਲੀ ਤਨਖ਼ਾਹਾਂ ਉੱਤੇ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੀ ਮੁੱਖ ਮੰਗ ਹੈ ਕਿ ਆਊਟਸੋਰਸ ਪ੍ਰਣਾਲੀ ਅਧੀਨ ਭਰਤੀ ਕੀਤੇ ਗਏ ਸਮੂਹ ਮੁਲਾਜ਼ਮਾਂ ਨੂੰ ਤੁਰੰਤ ਠੇਕਾ ਆਧਾਰ 'ਤੇ ਲਿਆਂਦਾ ਜਾਵੇ। ਯੂਨੀਅਨ ਆਗੂਆਂ ਨੇ ਦੋ-ਟੁੱਕ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦਾ, ਉਦੋਂ ਤੱਕ ਇਹ ਅਣਮਿੱਥੇ ਸਮੇਂ ਦੀ ਹੜਤਾਲ ਜਾਰੀ ਰਹੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਸਕਰੀਨਿੰਗ ਕਮੇਟੀ ਗਠਿਤ ਕੀਤੀ ਜਾਵੇਗੀ
ਦੂਜੇ ਪਾਸੇ, ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ ਹਰਪ੍ਰੀਤ ਸਿੰਘ ਨੇ ਮਾਮਲੇ ਸੰਬੰਧੀ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਆਊਟਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ਬੇਸ 'ਤੇ ਲਿਆਉਣ ਲਈ ਸਰਕਾਰੀ ਨਿਯਮਾਂ ਅਨੁਸਾਰ ਇੱਕ ਸਕਰੀਨਿੰਗ ਕਮੇਟੀ ਗਠਿਤ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸਕਰੀਨਿੰਗ ਕਮੇਟੀ ਦੀ ਪੜਤਾਲ ਉਪਰੰਤ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਇਸ ਸੂਚੀ ਵਿੱਚ ਹੋਰ ਯੋਗ ਮੁਲਾਜ਼ਮਾਂ ਦੇ ਨਾਮ ਵੀ ਸ਼ਾਮਲ ਕੀਤੇ ਜਾਣਗੇ।
ਜਨ-ਜੀਵਨ ਪ੍ਰਭਾਵਿਤ ਤੇ ਬਿਮਾਰੀਆਂ ਦਾ ਖ਼ਤਰਾ
ਪਿਛਲੇ 15 ਦਿਨਾਂ ਤੋਂ ਸਫ਼ਾਈ ਵਿਵਸਥਾ ਮੁਕੰਮਲ ਠੱਪ ਰਹਿਣ ਕਾਰਨ ਇਲਾਕਾ ਨਿਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਸਬੇ ਦੀਆਂ ਗਲੀਆਂ, ਬਜ਼ਾਰਾਂ ਅਤੇ ਮੁੱਖ ਚੌਕਾਂ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਬਦਬੂ ਕਾਰਨ ਰਾਹਗੀਰਾਂ ਅਤੇ ਦੁਕਾਨਦਾਰਾਂ ਦਾ ਜਿਊਣਾ ਦੂਭਰ ਹੋ ਗਿਆ ਹੈ। ਮੌਸਮ ਦੇ ਮੱਦੇਨਜ਼ਰ ਇਲਾਕੇ ਵਿੱਚ ਮਹਾਂਮਾਰੀ ਜਾਂ ਗੰਭੀਰ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਸਥਾਨਕ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਸਲੇ ਦਾ ਜਲਦ ਹੱਲ ਕੱਢ ਕੇ ਸਫ਼ਾਈ ਵਿਵਸਥਾ ਬਹਾਲ ਕਰਵਾਈ ਜਾਵੇ।
ਇਸ ਰੋਸ ਪ੍ਰਦਰਸ਼ਨ ਦੌਰਾਨ ਯੂਨੀਅਨ ਪ੍ਰਧਾਨ ਵਿਜੇ ਕੁਮਾਰ ਤੋਂ ਇਲਾਵਾ ਰਵੀ ਕੁਮਾਰ, ਰਾਣੀ ਕੌਰ, ਸੁਨੀਤਾ ਰਾਣੀ, ਕ੍ਰਿਸ਼ਨਾ, ਪੰਕਜ ਕੁਮਾਰ, ਨਿਖਿਲ ਕੁਮਾਰ, ਸੋਨੂੰ ਕੁਮਾਰ, ਅਮਨ, ਭੁਪੇਸ਼ ਕੁਮਾਰ ਅਤੇ ਸੰਜੇ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਮੌਜੂਦ ਸਨ।