
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੋਸ਼ਲ ਮੀਡੀਆ ’ਤੇ ਪ੍ਰਚਾਰ ਕਰਕੇ ਵੇਚੀਆਂ ਜਾ ਰਹੀਆਂ ਦਵਾਈਆਂ ਜਿਆਦਾਤਰ ਇਨ੍ਹਾਂ ਦੀਆਂ ਆਪਣੀਆਂ ਤਿਆਰ ਕਰਵਾਈਆਂ ਹੁੰਦੀਆਂ ਹਨ ਅਤੇ ਇਨ੍ਹਾਂ ਦੀ ਖੇਤੀਬਾੜੀ ਵਿਭਾਗ ਤੋਂ ਕੋਈ ਮਨਜੂਰੀ ਵੀ ਨਹੀਂ ਹੁੰਦੀ ਅਤੇ ਮਾਰਕੀਟ ਵਿਚ ਹੋਰ ਕਿਤੋਂ ਇਹ ਦਵਾਈ ਨਾ ਮਿਲਣ ਕਰਕੇ ਰੇਟ ਵੀ ਮਨਮਰਜੀ ਦੇ ਲਗਾਏ ਜਾਂਦੇ ਹਨ।

ਮੁਖਤਿਆਰ ਸਿੰਘ, ਪੰਜਾਬੀ ਜਾਗਰਣ, ਪੱਖੋ ਕਲਾਂ : ਪਿਛਲੇ ਸਮੇਂ ਤੋਂ ਸੋਸ਼ਲ ਮੀਡੀਆ ’ਤੇ ਬਲੌਗਰਾਂ ਤੇ ਇਨਫੂਲੈਸਰਾਂ ਵਲੋਂ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਕੱਚ ਘਰੜ ਸਲਾਹਾਂ ਤੇ ਪ੍ਰਚਾਰ ਕਰਕੇ ਆਨਲਾਈਨ ਵੇਚੀਆਂ ਜਾ ਰਹੀਆਂ ਦਵਾਈਆਂ ਨੇ ਕਿਸਾਨ ਨੂੰ ਭੰਬਲਭੂਸੇ ’ਚ ਪਾਇਆ ਹੋਇਆ ਹੈ।
ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕਰਕੇ ਵੇਚੀਆਂ ਜਾ ਰਹੀਆਂ ਦਵਾਈਆਂ ਜਿੱਥੇ ਗ਼ੈਰਮਿਆਰੀ ਹਨ ਉੱਥੇ ਇਨ੍ਹਾਂ ਦੀ ਵਰਤੋਂ ਵੀ ਬੇਲੋੜੀ ਵਧ ਗਈ ਹੈ। ਖੇਤੀਬਾੜੀ ਮਾਹਿਰਾਂ ਮੁਤਾਬਿਕ ਫ਼ਸਲ ਨੂੰ ਮੁੱਖ ਰੂਪ ਚ ਖੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ ਪਰ ਖਾਸ ਹਾਲਤਾਂ ਜਿਵੇਂ ਸੋਕਾ, ਗਰਮੀ ਸਰਦੀ ਆਦਿ ਦਾ ਪੌਦੇ ਤੇ ਮਾੜਾ ਅਸਰ ਪੈਂਦਾ ਹੈ ਤਾਂ ਉਦੋਂ ਅਸੀ ਸੀਮਤ ਮਾਤਰਾ ’ਚ ਬੂਸਟਰ ਵਰਤ ਸਕਦੇ ਹਾਂ ਪਰ ਸ਼ੋਸ਼ਲ ਮੀਡੀਆ ਤੇ ਪ੍ਰਚਾਰ ਕਰਕੇ ਕਿਸਾਨਾਂ ਨੂੰ ਥੋਕ ਵਿਚ ਬੇਲੋੜੇ ਅਤੇ ਬਜਾਰ ਨਾਲੋਂ ਢਾਈ ਤਿੰਨ ਗੁਣਾ ਰੇਟਾਂ ਤੇ ਬੂਸਟਰ ਵੇਚੇ ਜਾ ਰਹੇ ਹਨ। ਇਹ ਬੂਸਟਰ ਫ਼ਸਲ ਨੂੰ ਇਕਦਮ ਹਰਾਪਣ ਦਿੰਦੇ ਹਨ ਜਿਸ ਨੂੰ ਵੇਖੋ ਵੇਖੀ ਹੋਰ ਵੀ ਇਸ ਲੁੱਟ ਦਾ ਸ਼ਿਕਾਰ ਹੋ ਜਾਂਦੇ ਹਨ।
ਸੋਸ਼ਲ ਮੀਡੀਆ ’ਤੇ ਪ੍ਰਚਾਰ ਕਰਕੇ ਵੇਚੀਆਂ ਜਾ ਰਹੀਆਂ ਦਵਾਈਆਂ ਜਿਆਦਾਤਰ ਇਨ੍ਹਾਂ ਦੀਆਂ ਆਪਣੀਆਂ ਤਿਆਰ ਕਰਵਾਈਆਂ ਹੁੰਦੀਆਂ ਹਨ ਅਤੇ ਇਨ੍ਹਾਂ ਦੀ ਖੇਤੀਬਾੜੀ ਵਿਭਾਗ ਤੋਂ ਕੋਈ ਮਨਜੂਰੀ ਵੀ ਨਹੀਂ ਹੁੰਦੀ ਅਤੇ ਮਾਰਕੀਟ ਵਿਚ ਹੋਰ ਕਿਤੋਂ ਇਹ ਦਵਾਈ ਨਾ ਮਿਲਣ ਕਰਕੇ ਰੇਟ ਵੀ ਮਨਮਰਜੀ ਦੇ ਲਗਾਏ ਜਾਂਦੇ ਹਨ। ਪਿਛਲੇ ਸਮੇਂ ਖੇਤੀਬਾੜੀ ਵਿਭਾਗ ਵੱਲੋਂ ਇਨ੍ਹਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੱਧਰ ਤੇ ਛਾਪੇਮਾਰੀ ਵੀ ਕੀਤੀ ਸੀ ਜਿਸ ਵਿਚ ਇਨ੍ਹਾਂ ਸਭ ਦੇ ਸੈਂਪਲ ਫੇਲ੍ਹ ਪਾਏ ਗਏ ਸਨ। ਇਨ੍ਹਾਂ ਲੋਕਾਂ ਖਿਲਾਫ ਖੇਤੀਬਾੜੀ ਮਹਿਕਮੇ ਨੇ ਪੁਲਿਸ ਕੇਸ ਦਰਜ ਕਰਕੇ ਦੁਕਾਨਾਂ ਅਤੇ ਗੁਦਾਮ ਵੀ ਸੀਲ ਕਰ ਦਿੱਤੇ ਸਨ ਪਰ ਹੁਣ ਇਨ੍ਹਾਂ ਲੋਕਾਂ ਨੇ ਫਿਰ ਤੋਂ ਕੰਮ ਚਲਾ ਲਏ ਹਨ।
ਖੇਤੀਬਾੜੀ ਮਹਿਕਮੇ ਵੱਲੋਂ ਕੀਤੀ ਇਸ ਕਾਰਵਾਈ ਦਾ ਜਾਗਰੂਕ ਕਿਸਾਨਾਂ ਨੇ ਸਵਾਗਤ ਕੀਤਾ ਸੀ ਪਰ ਭੋਲੇ ਭਾਲੇ ਅਤੇ ਅਨਪੜ੍ਹ ਕਿਸਾਨ ਹਾਲੇ ਵੀ ਇਨ੍ਹਾਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਸੋਸ਼ਲ ਮੀਡੀਆ ’ਤੇ ਖੇਤੀਬਾੜੀ ਸਬੰਧੀ ਸਲਾਹਾਂ ਦੇਣ ਵਾਲਿਆਂ ਵਿੱਚ ਕੁੱਝ ਇੱਕ ਪੜ੍ਹੇ ਲਿਖੇ ਡਿਗਰੀ ਹੋਲਡਰ ਵੀ ਹਨ ਜੋ ਕਿਸਾਨਾਂ ਨੂੰ ਸਹੀ ਸਲਾਹ ਵੀ ਦਿੰਦੇ ਹਨ ਅਤੇ ਇਸ ਲੁੱਟ ਖਿਲਾਫ ਵੀ ਬੋਲਦੇ ਹਨ ਪਰ ਜਿਆਦਾਤਰ ਗੁੰਮਰਾਹ ਕੁਨ ਪ੍ਰਚਾਰ ਰਾਹੀਂ ਕਿਸਾਨੀ ਦਾ ਨੁਕਸਾਨ ਕਰਨ ਵਾਲੇ ਹੀ ਹਨ।
ਕਿਸਾਨ ਖੇਤੀਬਾੜੀ ਮਾਹਿਰਾਂ ਦੀ ਸਲਾਹ ਨਾਲ ਪ੍ਰਵਾਨਿਤ ਡੀਲਰਾਂ ਤੋਂ ਹੀ ਦਵਾਈ ਖਰੀਦਣ : ਮੁੱਖ ਖੇਤੀਬਾੜੀ ਅਫਸਰ
ਇਸ ਸਬੰਧੀ ਜਿਲ੍ਹਾ ਬਰਨਾਲਾ ਦੇ ਮੁੱਖ ਖੇਤੀਬਾੜੀ ਅਫਸਰ ਸੁਖਪਾਲ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਖੇਤੀਬਾੜੀ ਮਹਿਕਮੇ ਦੀ ਸਲਾਹ ਨਾਲ ਹੀ ਕੋਈ ਦਵਾਈ ਆਪਣੇ ਖੇਤ ਵਿਚ ਵਰਤਣ ਅਤੇ ਕੋਈ ਵੀ ਦਵਾਈ ਜਾਂ ਖਾਦ ਖੇਤੀਬਾੜੀ ਮਹਿਕਮੇ ਤੋਂ ਪ੍ਰਵਾਨਿਤ ਦੁਕਾਨਾਂ ਤੋਂ ਹੀ ਖਰੀਦਣ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਖੇਤ ਦੀ ਮਿੱਟੀ ਦੀ ਪਰਖ ਜਰੂਰ ਕਰਵਾਉਣ ਅਤੇ ਉਸ ਅਨੁਸਾਰ ਸਿਫਾਰਿਸ਼ ਮਾਤਰਾ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰਨ, ਇੱਕ ਦੂਜੇ ਦੀ ਵੇਖਾ ਵੇਖੀ ਖਾਦਾਂ ਵਰਤਣ ਤੋਂ ਗੁਰੇਜ਼ ਕਰਨ। ਹੁਣ ਜੀਰੀ ਦੀ ਫ਼ਸਲ ਨਿਸਾਰੇ ਨੇੜੇ ਹੈ ਉਹ ਸਵੇਰੇ ਸ਼ਾਮ ਆਪਣੇ ਖੇਤ ਦਾ ਨਿਰੀਖਣ ਕਰਦੇ ਰਹਿਣ ਅਤੇ ਜਦ ਕੋਈ ਬਿਮਾਰੀ ਵਿਖਾਈ ਦਿੰਦੀ ਹੈ ਤਾਂ ਖੇਤੀਬਾੜੀ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਉਸ ਦੀ ਰੋਕਥਾਮ ਕਰਨ।