ਬਰਨਾਲਾ ਦੇ ਵਿਕਾਸ ਲਈ 5 ਕਰੋੜ ਦਾ ਤੋਹਫ਼ਾ: ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ 19 ਤੇ 20 ਨਵੰਬਰ ਨੂੰ ਕਰਨਗੇ ਦੌਰਾ, ਲੋਕਾਂ ਦੀ ਸਲਾਹ ਨਾਲ ਹੋਵੇਗਾ ਫ਼ੰਡ ਖ਼ਰਚ
ਇਸ ਦੌਰੇ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਵਿਕਾਸ ਦੇ ਕੰਮ ਸਿਰਫ਼ ਦਫ਼ਤਰਾਂ ’ਚ ਬੈਠ ਕੇ ਕਾਗਜ਼ਾਂ 'ਤੇ ਹੀ ਨਹੀਂ ਉਲੀਕੇ ਜਾਣਗੇ, ਸਗੋਂ ਪਿੰਡਾਂ ਦੇ ਪੰਚਾਂ-ਸਰਪੰਚਾਂ, ਸ਼ਹਿਰ ਦੇ ਕੌਂਸਲਰਾਂ ਅਤੇ ਮੋਹਤਬਰ ਬੰਦਿਆਂ ਦੀ ਸਲਾਹ ਨੂੰ ਪੂਰੀ ਤਵੱਜੋ ਦਿੱਤੀ ਜਾਵੇਗੀ। ਦੌਰੇ ਤੋਂ ਪਹਿਲਾਂ ਹੀ ਵੱਖ-ਵੱਖ ਇਲਾਕਿਆਂ ਦੇ ਨੁਮਾਇੰਦਿਆਂ ਕੋਲੋਂ ਪਿੰਡਾਂ-ਸ਼ਹਿਰਾਂ ਦੀਆਂ ਲੋੜਾਂ ਤੇ ਔਕੜਾਂ ਬਾਰੇ ਵੇਰਵਾ ਇਕੱਠਾ ਕਰ ਲਿਆ ਗਿਆ ਹੈ।
Publish Date: Tue, 17 Nov 2026 04:47 PM (IST)
Updated Date: Tue, 17 Nov 2026 04:57 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਕੰਮਾਂ ’ਚ ਆਮ ਲੋਕਾਂ ਦੀ ਰਾਇ ਲੈਣ ਵਾਸਤੇ ਟਰਾਈਡੈਂਟ ਗਰੁੱਪ ਦੇ ਮੋਢੀ ਅਤੇ ਰਾਜ ਸਭਾ ਮੈਂਬਰ ਪਦਮਸ਼੍ਰੀ ਰਾਜਿੰਦਰ ਗੁਪਤਾ 19 ਅਤੇ 20 ਨਵੰਬਰ ਨੂੰ ਦੋ ਦਿਨਾਂ ਦੇ ਦੌਰੇ 'ਤੇ ਬਰਨਾਲੇ ਪਹੁੰਚ ਰਹੇ ਹਨ। ਇਸ ਫੇਰੀ ਦੌਰਾਨ ਉਹ ਆਪਣੇ ਕੋਟੇ ’ਚੋਂ ਮਿਲਣ ਵਾਲੇ 5 ਕਰੋੜ ਰੁਪਏ ਕਿੱਥੇ ਤੇ ਕਿਵੇਂ ਲਾਉਣੇ ਹਨ, ਇਸ ਬਾਰੇ ਪਿੰਡਾਂ ਤੇ ਸ਼ਹਿਰ ਦੇ ਲੋਕਾਂ ਨਾਲ ਖੁੱਲ੍ਹ ਕੇ ਸਲਾਹ-ਮਸ਼ਵਰਾ ਕਰਨਗੇ।
ਇਸ ਦੌਰੇ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਵਿਕਾਸ ਦੇ ਕੰਮ ਸਿਰਫ਼ ਦਫ਼ਤਰਾਂ ’ਚ ਬੈਠ ਕੇ ਕਾਗਜ਼ਾਂ 'ਤੇ ਹੀ ਨਹੀਂ ਉਲੀਕੇ ਜਾਣਗੇ, ਸਗੋਂ ਪਿੰਡਾਂ ਦੇ ਪੰਚਾਂ-ਸਰਪੰਚਾਂ, ਸ਼ਹਿਰ ਦੇ ਕੌਂਸਲਰਾਂ ਅਤੇ ਮੋਹਤਬਰ ਬੰਦਿਆਂ ਦੀ ਸਲਾਹ ਨੂੰ ਪੂਰੀ ਤਵੱਜੋ ਦਿੱਤੀ ਜਾਵੇਗੀ। ਦੌਰੇ ਤੋਂ ਪਹਿਲਾਂ ਹੀ ਵੱਖ-ਵੱਖ ਇਲਾਕਿਆਂ ਦੇ ਨੁਮਾਇੰਦਿਆਂ ਕੋਲੋਂ ਪਿੰਡਾਂ-ਸ਼ਹਿਰਾਂ ਦੀਆਂ ਲੋੜਾਂ ਤੇ ਔਕੜਾਂ ਬਾਰੇ ਵੇਰਵਾ ਇਕੱਠਾ ਕਰ ਲਿਆ ਗਿਆ ਹੈ।
ਮੁੱਢਲੀਆਂ ਲੋੜਾਂ ਨੂੰ ਮਿਲੇਗੀ ਪਹਿਲ
ਬਰਨਾਲਾ ਸ਼ਹਿਰ ਤੇ ਨੇੜਲੇ ਪਿੰਡਾਂ ਵਿੱਚ ਟੁੱਟੀਆਂ ਸੜਕਾਂ, ਗਲੀਆਂ-ਨਾਲੀਆਂ, ਪੀਣ ਵਾਲੇ ਸਾਫ਼ ਪਾਣੀ, ਸੀਵਰੇਜ, ਸਟਰੀਟ ਲਾਈਟਾਂ ਅਤੇ ਸਫ਼ਾਈ ਵਰਗੇ ਮਸਲੇ ਲੋਕਾਂ ਦੀਆਂ ਮੁੱਖ ਮੰਗਾਂ ਹਨ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰਨ, ਹਸਪਤਾਲਾਂ-ਡਿਸਪੈਂਸਰੀਆਂ, ਪਾਰਕਾਂ, ਖੇਡ ਦੇ ਮੈਦਾਨਾਂ ਅਤੇ ਸਾਂਝੀਆਂ ਸੱਥਾਂ ਵਰਗੇ ਕੰਮਾਂ ਬਾਰੇ ਵੀ ਲੋਕਾਂ ਵੱਲੋਂ ਸੁਝਾਅ ਦਿੱਤੇ ਜਾ ਸਕਦੇ ਹਨ।
ਆਪਣੀ ਦੋ ਦਿਨਾਂ ਫੇਰੀ ਦੌਰਾਨ ਰਾਜਿੰਦਰ ਗੁਪਤਾ ਸ਼ਹਿਰ ਤੇ ਪਿੰਡਾਂ ਦੇ ਮੋਹਤਬਰਾਂ, ਵਪਾਰਕ ਮੰਡਲਾਂ, ਸਮਾਜ ਸੇਵੀ ਕਲੱਬਾਂ ਅਤੇ ਪੰਚਾਇਤਾਂ ਨਾਲ ਮੀਟਿੰਗਾਂ ਕਰਨਗੇ। ਇਸ ਦਾ ਸਿੱਧਾ ਮਕਸਦ ਅਜਿਹੇ ਸਾਂਝੇ ਕੰਮ ਲੱਭਣਾ ਹੈ, ਜਿਨ੍ਹਾਂ ਦਾ ਫਾਇਦਾ ਵੱਧ ਤੋਂ ਵੱਧ ਲੋਕਾਂ ਨੂੰ ਹੋ ਸਕੇ।
ਲੋਕਾਂ ਦੀ ਸਲਾਹ ਨਾਲ ਉਲੀਕੀ ਜਾਵੇਗੀ ਵਿਕਾਸ ਦੀ ਰੂਪ-ਰੇਖਾ
ਰਾਜਿੰਦਰ ਗੁਪਤਾ ਨੇ ਆਖਿਆ ਕਿ ਬਰਨਾਲਾ ਉਨ੍ਹਾਂ ਦੀ ਕਰਮਭੂਮੀ ਹੈ ਅਤੇ ਇੱਥੋਂ ਦੇ ਵਿਕਾਸ ਦੀਆਂ ਸਕੀਮਾਂ ਲੋਕਾਂ ਦੀਆਂ ਅਸਲ ਲੋੜਾਂ ਮੁਤਾਬਕ ਹੀ ਬਣਨੀਆਂ ਚਾਹੀਦੀਆਂ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ 5 ਕਰੋੜ ਰੁਪਏ ਦੀ ਗ੍ਰਾਂਟ ਦਾ ਇੱਕ-ਇੱਕ ਪੈਸਾ ਪੂਰੀ ਇਮਾਨਦਾਰੀ ਤੇ ਪਾਰਦਰਸ਼ੀ ਢੰਗ ਨਾਲ ਲੋਕਾਂ ਦੀ ਭਲਾਈ 'ਤੇ ਹੀ ਲਾਇਆ ਜਾਵੇਗਾ।
ਹੁਣ ਇਸ ਦੌਰੇ ਦੌਰਾਨ ਹੋਣ ਵਾਲੀਆਂ ਮੀਟਿੰਗਾਂ ਤੋਂ ਬਾਅਦ ਹੀ ਤੈਅ ਹੋਵੇਗਾ ਕਿ ਬਰਨਾਲੇ ਦੇ ਪਿੰਡਾਂ ਤੇ ਸ਼ਹਿਰ ਦੇ ਕਿਹੜੇ ਕੰਮਾਂ ਨੂੰ ਸਭ ਤੋਂ ਪਹਿਲਾਂ ਹੱਥ ਪਾਇਆ ਜਾਵੇਗਾ।