ਕਣਕ ਦੀ ਪੱਕੀ ਫ਼ਸਲ ਨੂੰ ਅੱਗ ਤੋਂ ਬਚਾਉਣ ਲਈ ਸਾਵਧਾਨੀਆਂ ਵਰਤਣ ਕਿਸਾਨ : ਡੀਸੀ
ਕਣਕ ਦੀ ਪੱਕੀ ਫ਼ਸਲ ਨੂੰ ਅੱਗ ਤੋਂ ਬਚਾਉਣ ਲਈ ਸਾਵਧਾਨੀਆਂ ਵਰਤਣ ਕਿਸਾਨ: ਡਿਪਟੀ ਕਮਿਸ਼ਨਰ
Publish Date: Wed, 01 Apr 2026 03:25 PM (IST)
Updated Date: Wed, 01 Apr 2026 03:28 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈਏਐੱਸ ਨੇ ਕਣਕ ਦੀ ਵਾਢੀ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪੱਕੀ ਹੋਈ ਫ਼ਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਾਉਣ ਲਈ ਪੂਰੀ ਚੌਕਸੀ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਬਿਜਲੀ ਦੀਆਂ ਢਿੱਲੀਆਂ ਜਾਂ ਨੀਵੀਆਂ ਤਾਰਾਂ, ਜੀਓ ਸਵਿੱਚਾਂ ਦੀ ਸਪਾਰਕਿੰਗ ਅਤੇ ਟਰਾਸਫਾਰਮਰਾਂ ਦੇ ਨੇੜੇ ਕਣਕ ਦੇ ਢੇਰ ਲਗਾਉਣ ਨਾਲ ਅੱਗ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਲਈ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਟਰਾਸਫਾਰਮਰ ਦੇ ਆਲੇ-ਦੁਆਲੇ ਦੇ 10 ਮੀਟਰ ਦੇ ਘੇਰੇ ਨੂੰ ਹਮੇਸ਼ਾ ਗਿੱਲਾ ਰੱਖਣ ਅਤੇ ਟਰਾਸਫਾਰਮਰ ਦੇ ਆਲੇ-ਦੁਆਲੇ ਦੀ ਇੱਕ ਮਰਲਾ ਕਣਕ ਪਹਿਲਾਂ ਹੀ ਕੱਟ ਲੈਣ ਤਾਂ ਜੋ ਚੰਗਿਆੜੀ ਡਿੱਗਣ ਦੀ ਸੂਰਤ ’ਚ ਨੁਕਸਾਨ ਤੋਂ ਬਚਿਆ ਜਾ ਸਕੇ। ਉਨ੍ਹਾਂ ਸਖ਼ਤ ਹਦਾਇਤ ਕੀਤੀ ਕਿ ਖੇਤਾਂ ਦੇ ਨੇੜੇ ਬੀੜੀ-ਸਿਗਰੇਟ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਕਿਸੇ ਵੀ ਅਣ-ਅਧਿਕਾਰਤ ਵਿਅਕਤੀ ਨੂੰ ਬਿਜਲੀ ਦੇ ਸਵਿੱਚਾਂ ਨਾਲ ਛੇੜਛਾੜ ਨਾ ਕਰਨ ਦਿੱਤੀ ਜਾਵੇ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਖਪਾਲ ਸਿੰਘ ਗਿੱਲ ਨੇ ਅੱਗੇ ਦੱਸਿਆ ਕਿ ਹਾਰਵੈਸਟਰ ਕੰਬਾਈਨਾਂ ਸਿਰਫ਼ ਦਿਨ ਵੇਲੇ ਹੀ ਚਲਾਈਆਂ ਜਾਣ ਅਤੇ ਇਨ੍ਹਾਂ ਦੇ ਪੁਰਜ਼ਿਆਂ ਵਿੱਚੋਂ ਨਿਕਲਣ ਵਾਲੀਆਂ ਚੰਗਿਆੜੀਆਂ ਵੱਲ ਲਗਾਤਾਰ ਧਿਆਨ ਦਿੱਤਾ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਕੱਟੀ ਹੋਈ ਕਣਕ ਦੇ ਨਾੜ ਜਾਂ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ ਕਾਨੂੰਨੀ ਤੌਰ ਤੇ ਮਨਾ ਹੈ ਅਤੇ ਅਜਿਹਾ ਕਰਨਾ ਖੜ੍ਹੀ ਫ਼ਸਲ ਲਈ ਵੀ ਬੇਹੱਦ ਖ਼ਤਰਨਾਕ ਹੈ। ਜੇਕਰ ਕਿਤੇ ਵੀ ਬਿਜਲੀ ਦੀਆਂ ਲਾਈਨਾਂ ’ਚ ਨੁਕਸ ਜਾਂ ਸਪਾਰਕਿੰਗ ਨਜ਼ਰ ਆਉਂਦੀ ਹੈ ਤਾਂ ਤੁਰੰਤ ਬਿਜਲੀ ਵਿਭਾਗ ਦੇ ਕੰਟਰੋਲ ਰੂਮ ਨੰਬਰਾਂ 96461-06835, 96461-06836 ਜਾਂ 1912 ਤੇ ਸੂਚਨਾ ਦਿੱਤੀ ਜਾਵੇ।