- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਜੀਦਕੇ ਖੁਰਦ ਵਿਖੇ ਨਹਿਰੀ ਵਿਭਾਗ ਦੀ ਜ਼ਮੀਨ ਲੀਜ਼ ’ਤੇ ਦੇਣ ਵਿਰੁੱਧ ਲੋਕਾਂ ਵਲੋ ਸੰਘਰਸ਼ ਦੀ ਤਿਆਰੀ

ਜਸਵੀਰ ਸਿੰਘ ਵਜੀਦਕੇ,ਪੰਜਾਬੀ ਜਾਗਰਣ,
ਮਹਿਲ ਕਲਾਂ : ਪਿੰਡ ਵਜੀਦਕੇ ਖੁਰਦ ਵਿਖੇ ਨਹਿਰੀ ਵਿਭਾਗ ਦੀ ਕਰੀਬ 4 ਏਕੜ ਸਰਕਾਰੀ ਜ਼ਮੀਨ ਜੋ ਪਿਛਲੇ ਸਮੇਂ ਤੋਂ ਪਿੰਡ ਵਾਸੀਆਂ ਅਤੇ ਮਜ਼ਦੂਰਾਂ ਦੀ ਸਾਂਝੀ ਦੇਖ-ਰੇਖ ਹੇਠ ਸੰਭਾਲੀ ਜਾ ਰਹੀ ਹੈ। ਲੋਕਾਂ ਦੀ ਮਿਹਨਤ ਸਦਕਾ ਇਸ ਜ਼ਮੀਨ ’ਤੇ ਨਰਸਰੀ ਤਿਆਰ ਕਰਨ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਬੂਟੇ ਲਗਾ ਕੇ ਇੱਕ ਛੋਟਾ ਜਿਹਾ ਹਰਾ-ਭਰਾ ਜੰਗਲ ਵੀ ਵਿਕਸਤ ਕੀਤਾ ਗਿਆ ਹੈ। ਇਸ ਉਪਰਾਲੇ ਨਾਲ ਜਿੱਥੇ ਪਿੰਡ ਵਿੱਚ ਹਰਿਆਵਲ ਵਧੀ ਹੈ, ਉੱਥੇ ਇਸ ਥਾਂ ਨੇ ਇੱਕ ਸੁੰਦਰ ਅਤੇ ਸੁਹਾਵਣਾ ਵਾਤਾਵਰਨ ਵੀ ਸਿਰਜਿਆ ਹੈ। ਪਤਾ ਲੱਗਾ ਹੈ ਕਿ ਹੁਣ ਇਸ ਸਰਕਾਰੀ ਜ਼ਮੀਨ ਨੂੰ 7 ਸਾਲਾਂ ਲਈ ਲੀਜ਼ ’ਤੇ ਦੇਣ ਦੀ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਕਾਰਨ ਪਿੰਡ ਵਾਸੀਆਂ ਅਤੇ ਮਜ਼ਦੂਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਹਰਜੀਤ ਸਿੰਘ ਖ਼ਿਆਲੀ ਦੀ ਅਗਵਾਈ ਹੇਠ ਪਿੰਡ ਵਾਸੀਆਂ ਅਤੇ ਮਜ਼ਦੂਰਾਂ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਲੋਕਾਂ ਨੇ ਸਰਕਾਰੀ ਜ਼ਮੀਨ ਨੂੰ ਲੀਜ਼ ’ਤੇ ਦੇਣ ਦੀ ਕਾਰਵਾਈ ਦੇ ਵਿਰੋਧ ਵਜੋ ਨਾਅਰੇਬਾਜ਼ੀ ਕਰਦਿਆਂ ਇਸ ’ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ।
ਇਸ ਮੌਕੇ ਹਰਜੀਤ ਸਿੰਘ ਖ਼ਿਆਲੀ ਨੇ ਕਿਹਾ ਕਿ “ਇਹ ਸਿਰਫ਼ ਚਾਰ ਕਿੱਲੇ ਜ਼ਮੀਨ ਦਾ ਮਸਲਾ ਨਹੀਂ, ਸਗੋਂ ਲੋਕਾਂ ਦੀ ਮਿਹਨਤ ਨਾਲ ਤਿਆਰ ਕੀਤੀ ਹਰਿਆਵਲ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਤਾਵਰਨ ਨੂੰ ਬਚਾਉਣ ਦਾ ਮਸਲਾ ਹੈ। ਜਿਹੜੀ ਥਾਂ ਲੋਕਾਂ ਨੇ ਮਿਲ ਕੇ ਸੰਵਾਰੀ ਹੈ, ਉਸ ਨੂੰ ਉਜਾੜਨ ਦੀ ਬਜਾਏ ਹੋਰ ਵਿਕਸਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਜ਼ਮੀਨ ਦੀ ਵਰਤੋਂ ਲੋਕ-ਹਿੱਤ, ਵਾਤਾਵਰਨ ਦੀ ਸੰਭਾਲ, ਨਰਸਰੀ ਅਤੇ ਰੁੱਖ ਲਗਾਉਣ ਵਰਗੇ ਕਾਰਜਾਂ ਲਈ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਪਿੰਡ ਵਿੱਚ ਹਰਿਆਵਲ ਵਧੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਵਾਤਾਵਰਨ ਮਿਲ ਸਕੇ। ਇਸ ਮੌਕੇ ਲੋਕਾਂ ਨੇ ਮੰਗ ਕੀਤੀ ਕਿ ਜ਼ਮੀਨ ਨੂੰ ਲੀਜ਼ ’ਤੇ ਦੇਣ ਦੀ ਕਾਰਵਾਈ ’ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਲੋਕਾਂ ਦੀ ਮਿਹਨਤ ਨਾਲ ਤਿਆਰ ਕੀਤੀ ਇਸ ਸੋਹਣੀ, ਹਰੀ-ਭਰੀ ਥਾਂ ਅਤੇ ਨਰਸਰੀ ਨੂੰ ਬਚਾਇਆ ਜਾਵੇ।
ਇਸ ਮੌਕੇ ਜਾਗਰ ਸਿੰਘ, ਸਵਰਨ ਸਿੰਘ, ਭੂਰਾ ਸਿੰਘ, ਬੂਟਾ ਸਿੰਘ, ਮੀਤਾ ਸਿੰਘ, ਬੱਬੀ ਸਿੰਘ, ਜਗਸੀਰ ਸਿੰਘ, ਸ਼ਿੰਦਰ ਸਿੰਘ, ਸੁਖਵਿੰਦਰ ਕੌਰ, ਮਿੰਦਰ ਕੌਰ, ਪਰਮਜੀਤ ਕੌਰ, ਬਲਜੀਤ ਕੌਰ, ਜਸਵੰਤ ਕੌਰ, ਲਾਭ ਕੌਰ, ਸੰਦੀਪ ਕੌਰ ਅਤੇ ਸੁਖਵਿੰਦਰ ਕੌਰ। ਇਸ ਸਬੰਧੀ ਨਹਿਰੀ ਵਿਭਾਗ ਦੇ ਐਕਸੀਅਨ ਨੇ ਕਿਹਾ ਵਿਭਾਗ ਵੱਲੋਂ ਇਸ ਥਾਂ ਤੇ ਚੱਲ ਰਹੀ ਨਰਸਰੀ ਨੂੰ ਪਿੰਡ ਹਮੀਦੀ ਜਾ ਹੰਢਿਆਇਆ ਵਿਖੇ ਤਬਦੀਲ ਕਰਨ ਸਬੰਧੀ ਵਿਚਾਰ ਕੀਤੀ ਜਾ ਰਹੀ । ਜਲਦੀ ਹੀ ਇਸ ਨਰਸਰੀ ਲਈ ਹੋਰ ਥਾਂ ਮੁਹਈਆਂ ਕਰਵਾਈ ਜਾਵੇਗੀ ।