- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਖੋ ਕਲਾਂ- ਭੈਣੀ ਫੱਤਾ ਸੜਕ ਦਾ ਕੰਮ ਅੱਧ ਵਿਚਕਾਰ ਲਟਕਣ ਤੇ ਲੋਕਾਂ ’ਚ ਰੋਸ

ਮੁਖਤਿਆਰ ਸਿੰਘ, ਪੰਜਾਬੀ ਜਾਗਰਣ,
ਪੱਖੋ ਕਲਾਂ : ਪੱਖੋ ਕਲਾਂ ਤੋਂ ਭੈਣੀ ਫੱਤਾ ਲਿੰਕ ਸੜਕ ਜਿਸ ਨੂੰ ਚੌੜੀ ਕਰਕੇ ਦੁਬਾਰਾ ਬਣਾਇਆ ਗਿਆ ਹੈ, ਉਸ ਦਾ ਕੰਮ ਦੋ ਮਹੀਨਿਆਂ ਤੋਂ ਅੱਧ ਵਿਚਕਾਰ ਲਟਕਿਆ ਹੋਇਆ ਹੈ। ਇਹ ਸੜਕ ਦਾ ਕੁੱਝ ਹਿੱਸਾ ਪ੍ਰੀਮਿਕਸ ਪੈਕੇ ਬਿਲਕੁਲ ਤਿਆਰ ਹੈ ਅਤੇ ਕੁੱਝ ਹਿੱਸੇ ਵਿਚ ਇਕੱਲਾ ਵੱਟਾ ਪਾ ਕੇ ਛੱਡ ਦਿੱਤਾ ਗਿਆ ਹੈ ਜਿਸ ਕਰਕੇ ਲੰਘਣ ਵਾਲਿਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਬੀਕੇਯੂ ਆਗੂ ਜਗਜੀਤ ਸਿੰਘ ਜੱਗਾ, ਸੁਖਜੀਤ ਸਿੰਘ, ਗੁਰਜੀਤ ਸਿੰਘ, ਅਮਰ ਸਿੰਘ, ਜੋਗਿੰਦਰ ਸਿੰਘ ਆਦਿ ਨੇ ਦੱਸਿਆ ਕਿ ਇਹ ਸੜਕ ਦੀ ਪਿਛਲੇ ਪੰਜ ਸੱਤ ਸਾਲ ਤੋਂ ਹਾਲਤ ਬੇਹੱਦ ਖ਼ਸਤਾ ਸੀ, ਜਦ ਇਹ ਸੜਕ ਨਵੀਂ ਅਤੇ ਚੌੜੀ ਬਣਨ ਲੱਗੀ ਤਾਂ ਲੋਕਾਂ ਨੂੰ ਕਾਫੀ ਖ਼ੁਸੀ ਹੋਈ ਪਰ ਇਸ ਸੜਕ ਦੇ ਅੱਧ ਵਿਚਕਾਰ ਲਮਕ ਜਾਣ ਕਾਰਨ ਉਹਨਾਂ ਨੂੰ ਫਿਰ ਨਿਰਾਸ਼ਤਾ ਹੋਈ ਹੈ। ਉਨ੍ਹਾਂ ਕਿਹਾ ਕਿ ਡੇਢ ਦੋ ਹਫਤਿਆਂ ਤੱਕ ਅਗੇਤੀ ਜੀਰੀ ਦੀ ਕਟਾਈ ਸ਼ੁਰੂ ਹੋ ਜਾਣੀ ਹੈ, ਜੀਰੀ ਨਾਲ ਭਰੀਆਂ ਟਰਾਲੀਆਂ ਅਤੇ ਸ਼ੈਲਰਾਂ ਨੂੰ ਲੰਘਣ ਵਾਲੇ ਟਰੱਕਾਂ ਕਾਰਨ ਇਹ ਵੱਟਾ ਪੁੱਟਿਆ ਜਾਵੇਗਾ। ਉਨ੍ਹਾਂ ਪ੍ਰਸਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸੜਕ ਦਾ ਕੰਮ ਜੀਰੀ ਦੀ ਕਟਾਈ ਤੋਂ ਪਹਿਲਾਂ ਮੁਕੰਮਲ ਨਾ ਪੂਰਾ ਹੋਇਆ ਤਾਂ ਉਹ ਸੰਘਰਸ ਵਿੱਢਣ ਲਈ ਮਜਬੂਰ ਹੋਣਗੇ। ਇਹ ਵੀ ਪਤਾ ਲੱਗਾ ਹੈ ਕਿ ਕੁੱਝ ਟੋਟੇ ਵਿਚ ਠੇਕੇਦਾਰ ਵੱਲੋਂ ਪੱਥਰ ਦੀ ਲੇਅਰ ਘੱਟ ਵਿਛਾਈ ਗਈ ਸੀ। ਇਸ ਦੀ ਪੜਤਾਲ ਕਰਨ ਆਈ ਟੀਮ ਅੱਗੇ ਜਦ ਸਥਾਨਕ ਲੋਕਾਂ ਨੇ ਇਹ ਗੱਲ ਰੱਖੀ ਤਾਂ ਠੇਕੇਦਾਰ ਨਾਰਾਜ਼ ਹੋਕੇ ਕੰਮ ਵਿਚਕਾਰ ਛੱਡ ਕੇ ਚਲਾ ਗਿਆ ਤਾਂ ਜੋ ਲੋਕ ਖੱਜਲ ਖੁਆਰ ਹੋ ਕੇ ਸ਼ਿਕਾਇਤ ਕਰਨ ਵਾਲਿਆਂ ਦੇ ਹੀ ਉਲਟ ਹੋਕੇ ਖੜ੍ਹ ਜਾਣ ਅਤੇ ਲਿਪਾਪੋਚੀ ਕਰਕੇ ਲੰਘ ਜਾਵੇ।
-------
ਹਫਤੇ ਅੰਦਰ ਦੁਬਾਰਾ ਕੰਮ ਹੋਵੇਗਾ ਸ਼ੁਰੂ : ਐਕਸੀਅਨ
ਇਸ ਸਬੰਧੀ ਜਦ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਹਰੀਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਪ੍ਰੋਸੈੱਸ ਅਤੇ ਧਿਆਨ ਵਿੱਚ ਹੀ ਹੈ। ਲੇਬਰ ਦੀ ਘਾਟ ਕਾਰਨ ਠੇਕੇਦਾਰ ਕੰਮ ਛੱਡ ਕੇ ਗਿਆ ਸੀ ਅਤੇ ਹਫਤੇ ਦਿਨ ਵਿਚ ਦੁਬਾਰਾ ਕੰਮ ਚਾਲੂ ਕਰਕੇ ਸੜਕ ਦਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ।