- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿਉਹਾਰਾਂ ਤੋਂ ਪਹਿਲਾਂ ਬਰਨਾਲਾ 'ਚ ਸਿਹਤ ਵਿਭਾਗ ਦੀ ਵੱਡੀ ਕਾਰਵਾਈ

: 200 ਕਿਲੋ ਖੋਏ ਦੀ ਬਰਫੀ ਕਰਵਾਈ ਨਸ਼ਟ
ਯਾਦਵਿੰਦਰ ਸਿੰਘ ਭੁੱਲਰ/ਰੇਸਮ ਦੂਆ, ਪੰਜਾਬੀ ਜਾਗਰਣ,
ਬਰਨਾਲਾ : ਤਿਉਹਾਰਾਂ ਦੇ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹਾ ਬਰਨਾਲਾ ਦੇ ਸਿਹਤ ਵਿਭਾਗ ਨੇ ਮਿਲਾਵਟਖੋਰਾਂ ਵਿਰੁੱਧ ਸ਼ਿਕੰਜਾ ਕੱਸ ਲਿਆ ਹੈ। ਸਿਹਤ ਵਿਭਾਗ ਵੱਲੋਂ ਬਰਨਾਲਾ 'ਚ ਵੱਡੀ ਕਾਰਵਾਈ ਕਰਦਿਆਂ 200 ਕਿਲੋ ਖੋਏ ਦੀ ਬਰਫੀ ਨੂੰ ਮੌਕੇ 'ਤੇ ਨਸ਼ਟ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਫਸਰ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਾਜਾਖਾਨਾ ਰੋਡ ’ਤੇ ਸਥਿਤ ਜੇ.ਐਫ.ਪੀ. ਕੋਲਡ ਸਟੋਰ 'ਚ ਕਿਸੇ ਹਲਵਾਈ ਵੱਲੋਂ ਸ਼ੱਕੀ ਮਠਿਆਈਆਂ ਸਟਾਕ ਕਰਕੇ ਰੱਖੀਆਂ ਗਈਆਂ ਹਨ। ਸੂਚਨਾ ਦੇ ਆਧਾਰ 'ਤੇ ਉਨ੍ਹਾਂ ਦੀ ਟੀਮ ਵੱਲੋਂ ਕੋਲਡ ਸਟੋਰ ’ਚ ਛਾਪੇਮਾਰੀ ਕੀਤੀ ਗਈ। ਜਾਂਚ ਦੌਰਾਨ ਪਾਇਆ ਗਿਆ ਕਿ ਕੋਲਡ ਰੂਮ 'ਚ ਕਰੀਬ 200 ਕਿੱਲੋ ਖੋਏ ਦੀ ਬਰਫੀ ਰੱਖੀ ਹੋਈ ਸੀ। ਪੁੱਛਗਿੱਛ ’ਤੇ ਕੋਲਡ ਸਟੋਰ ਮਾਲਕ ਨੇ ਦੱਸਿਆ ਕਿ ਇਹ ਸਾਰਾ ਸਟਾਕ ਕਾਰਤਿਕ ਸਵੀਟ, ਬਾਜਾਖਾਨਾ ਰੋਡ ਵਾਲਿਆਂ ਦਾ ਹੈ। ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਕਾਰਤਿਕ ਸਵੀਟ ਦੇ ਮਾਲਕ ਨੂੰ ਬੁਲਾ ਕੇ ਉਸਦੇ ਸਾਹਮਣੇ ਮੌਕੇ 'ਤੇ ਹੀ ਬਰਫੀ ਦੇ ਸੈਂਪਲ ਭਰ ਕੇ ਜਾਂਚ ਲਈ ਲੈਬ 'ਚ ਭੇਜ ਦਿੱਤੇ ਗਏ ਹਨ ਅਤੇ ਸਾਰੀ 200 ਕਿੱਲੋ ਬਰਫੀ ਨੂੰ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲੈਬ ਦੀ ਰਿਪੋਰਟ ਆਉਣ ਤੋਂ ਬਾਅਦ ਦੁਕਾਨਦਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
: ਹੁਣ ਮਿਲਾਵਟਖੋਰਾਂ ਦੀ ਖੈਰ ਨਹੀਂ: ਸਿਹਤ ਵਿਭਾਗ
ਜ਼ਿਲ੍ਹਾ ਸਿਹਤ ਅਫਸਰ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਇਹ ਕੋਈ ਪਹਿਲੀ ਕਾਰਵਾਈ ਨਹੀਂ ਹੈ। ਕੁਝ ਦਿਨ ਪਹਿਲਾਂ ਹੀ ਸਿਹਤ ਵਿਭਾਗ ਅਤੇ ਸੀ.ਆਈ.ਏ. ਸਟਾਫ ਬਰਨਾਲਾ ਵੱਲੋਂ ਸਾਂਝਾ ਆਪਰੇਸ਼ਨ ਕਰਕੇ 400 ਕਿੱਲੋ ਨਕਲੀ ਪਨੀਰ ਵੀ ਫੜਿਆ ਗਿਆ ਸੀ। ਆਖਰ ’ਚ ਉਨ੍ਹਾਂ ਪੰਜਾਬੀ ਜਾਗਰਣ ਦੇ ਮਾਧਿਅਮ ਰਾਹੀਂ ਸਾਰੇ ਦੁਕਾਨਦਾਰਾਂ ਨੂੰ ਸਖ਼ਤ ਸੰਦੇਸ਼ ਦਿੰਦਿਆਂ ਕਿਹਾ, ਕਿਸੇ ਦੀ ਸਿਹਤ ਨਾਲ ਖਿਲਵਾੜ ਨਾ ਕਰੋ। ਸ਼ੁੱਧ ਸਮਾਨ ਬਣਾਓ, ਸ਼ੁੱਧ ਸਮਾਨ ਵੇਚੋ, ਤਾਂ ਜੋ ਲੋਕਾਂ ਦੀ ਸਿਹਤ ਤੰਦਰੁਸਤ ਰਹਿ ਸਕੇ। ਇਹ ਕਾਰਵਾਈਆਂ ਲਗਾਤਾਰ ਇਸੇ ਤਰ੍ਹਾਂ ਜਾਰੀ ਰਹਿਣਗੀਆਂ।