- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਕਾਂਗਰਸ ਦੇ ਨਵੇਂ ਬਣੇ ਯੂਥ ਪ੍ਰਧਾਨ ਜਸਕਰਨ ਸਿੰਘ ਸੰਧੂ ਵੱਲੋਂ ਸ਼ਹਿਰ ਵਿੱਚ ਲਵਾਏ ਗਏ ਪੋਸਟਰਾਂ ਨੇ ਯੂਥ ਕਾਂਗਰਸ ਵਿੱਚ ਨਵਾਂ ਪੁਆੜਾ ਪਾ ਦਿੱਤਾ ਹੈ ਅਤੇ ਪਾਰਟੀ ਕਈ ਧੜਿਆਂ ਵਿੱਚ ਵੰਡੀ ਨਜ਼ਰ ਆ ਰਹੀ ਹੈ। ਯੂਥ ਵਿੰਗ ਦੇ ਆਗੂਆਂ ਤੇ ਵਰਕਰਾਂ ਦਾ ਗੁੱਸਾ ਇਸ ਗੱਲੋਂ ਸੱਤਵੇਂ ਅਸਮਾਨ 'ਤੇ ਹੈ ਕਿ ਨਵੇਂ ਪ੍ਰਧਾਨ ਨੇ ਪੋਸਟਰਾਂ 'ਤੇ ਆਪਣੀ ਹੀ ਫੋਟੋ ਚਮਕਾ ਲਈ, ਪਰ ਯੂਥ ਵਿੰਗ ਦੇ ਕਿਸੇ ਵੀ ਸੂਬਾਈ ਜਾਂ ਕੌਮੀ ਆਗੂ ਦੀ ਤਸਵੀਰ ਲਾਉਣੀ ਜ਼ਰੂਰੀ ਨਹੀਂ ਸਮਝੀ, ਜੋ ਕਿ ਪਾਰਟੀ ਦੇ ਨਿਯਮਾਂ ਦੀ ਸਿੱਧੀ ਉਲੰਘਣਾ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ- ਜ਼ਿਲ੍ਹਾ ਕਾਂਗਰਸ ਦੇ ਨਵੇਂ ਬਣੇ ਯੂਥ ਪ੍ਰਧਾਨ ਜਸਕਰਨ ਸਿੰਘ ਸੰਧੂ ਵੱਲੋਂ ਸ਼ਹਿਰ ਵਿੱਚ ਲਵਾਏ ਗਏ ਪੋਸਟਰਾਂ ਨੇ ਯੂਥ ਕਾਂਗਰਸ ਵਿੱਚ ਨਵਾਂ ਪੁਆੜਾ ਪਾ ਦਿੱਤਾ ਹੈ ਅਤੇ ਪਾਰਟੀ ਕਈ ਧੜਿਆਂ ਵਿੱਚ ਵੰਡੀ ਨਜ਼ਰ ਆ ਰਹੀ ਹੈ। ਯੂਥ ਵਿੰਗ ਦੇ ਆਗੂਆਂ ਤੇ ਵਰਕਰਾਂ ਦਾ ਗੁੱਸਾ ਇਸ ਗੱਲੋਂ ਸੱਤਵੇਂ ਅਸਮਾਨ 'ਤੇ ਹੈ ਕਿ ਨਵੇਂ ਪ੍ਰਧਾਨ ਨੇ ਪੋਸਟਰਾਂ 'ਤੇ ਆਪਣੀ ਹੀ ਫੋਟੋ ਚਮਕਾ ਲਈ, ਪਰ ਯੂਥ ਵਿੰਗ ਦੇ ਕਿਸੇ ਵੀ ਸੂਬਾਈ ਜਾਂ ਕੌਮੀ ਆਗੂ ਦੀ ਤਸਵੀਰ ਲਾਉਣੀ ਜ਼ਰੂਰੀ ਨਹੀਂ ਸਮਝੀ, ਜੋ ਕਿ ਪਾਰਟੀ ਦੇ ਨਿਯਮਾਂ ਦੀ ਸਿੱਧੀ ਉਲੰਘਣਾ ਹੈ।
ਨਵੇਂ ਜ਼ਿਲ੍ਹਾ ਪ੍ਰਧਾਨ ਤੋਂ ਖਫ਼ਾ ਯੂਥ ਕਾਂਗਰਸ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਆਪਣਾ ਰੋਸ ਜ਼ਾਹਰ ਕਰਦਿਆਂ ਆਖਿਆ ਕਿ ਬਰਨਾਲਾ ਵਿੱਚ ਲੱਗੇ ਇਨ੍ਹਾਂ ਪੋਸਟਰਾਂ 'ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਅਤੇ ਕੌਮੀ ਯੂਥ ਪ੍ਰਧਾਨ ਉਦੈ ਭਾਨੂੰ ਚਿੱਬ ਦੀ ਫੋਟੋ ਗਾਇਬ ਹੋਣ ਕਾਰਨ ਵਰਕਰਾਂ ਦੀ ਨਾਰਾਜ਼ਗੀ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਯੂਥ ਆਗੂਆਂ ਦੀ ਇਹ ਅੰਦਰੂਨੀ ਖਿੱਚੋਤਾਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਮੌਕੇ ਜ਼ਿਲ੍ਹਾ ਬਰਨਾਲਾ ਦੇ ਤਿੰਨਾਂ ਹਲਕਿਆਂ ਬਰਨਾਲਾ, ਮਹਿਲ ਕਲਾਂ ਅਤੇ ਭਦੌੜ ਤੋਂ ਚੋਣ ਲੜਨ ਵਾਲੇ ਕਾਂਗਰਸੀ ਉਮੀਦਵਾਰਾਂ ਦੇ ਰਾਹ ਵਿੱਚ ਕੰਡੇ ਬੀਜਣ ਦਾ ਕੰਮ ਕਰ ਸਕਦੀ ਹੈ।
ਦੂਜੇ ਪਾਸੇ, ਜਦੋਂ ਇਸ ਮਾਮਲੇ ਬਾਰੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਤੇ ਬਰਨਾਲਾ ਤੋਂ ਜ਼ਿਮਨੀ ਚੋਣ ਜਿੱਤ ਕੇ ਵਿਧਾਇਕ ਬਣੇ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਸਪੁੱਤਰ ਅਰੁਨ ਪ੍ਰਤਾਪ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਆਖਿਆ ਕਿ ਇਹ ਪੋਸਟਰ ਜ਼ਿਲ੍ਹਾ ਯੂਥ ਪ੍ਰਧਾਨ ਜਸਕਰਨ ਸੰਧੂ ਨੇ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਲਵਾਏ ਹਨ। ਪਰ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਫਿਰ ਵੀ ਕਿਤੇ ਪਾਰਟੀ ਦੇ ਹੁਕਮਾਂ ਦੀ ਉਲੰਘਣਾ ਹੋਈ ਹੈ ਜਾਂ ਪ੍ਰੋਟੋਕੋਲ ਨੂੰ ਛਿੱਕੇ ਟੰਗਿਆ ਗਿਆ ਹੈ, ਤਾਂ ਇਸ ਦੀ ਜ਼ਰੂਰ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਹਮੇਸ਼ਾ ਯੂਥ ਕਾਂਗਰਸ ਨੂੰ ਇੱਕ ਮੁੱਠ ਰੱਖਣ ਲਈ ਯਤਨਸ਼ੀਲ ਰਹਿੰਦੇ ਹਨ ਅਤੇ ਜੇਕਰ ਕਿਸੇ ਆਗੂ ਜਾਂ ਵਰਕਰ ਦੇ ਮਨ ਵਿੱਚ ਕੋਈ ਗੁੱਸਾ-ਗਿਲਾ ਜਾਂ ਸ਼ਿਕਵਾ ਹੈ, ਤਾਂ ਉਸ ਨੂੰ ਜਲਦੀ ਹੀ ਬੈਠ ਕੇ ਦੂਰ ਕਰ ਲਿਆ ਜਾਵੇਗਾ।
ਉੱਧਰ, ਜਦੋਂ ਇਸ ਸਾਰੇ ਵਿਵਾਦ ਬਾਰੇ ਨਵ-ਨਿਯੁਕਤ ਜ਼ਿਲ੍ਹਾ ਯੂਥ ਪ੍ਰਧਾਨ ਜਸਕਰਨ ਸੰਧੂ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।