- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਬਾਰੇ ਪਿਛਲੇ ਕਈ ਦਿਨਾਂ ਤੋਂ ਉੱਡ ਰਹੀਆਂ ਚਰਚਾਵਾਂ ’ਤੇ ਟਰਾਈਡੈਂਟ ਗਰੁੱਪ ਦੇ ਮਾਲਕ ਅਤੇ ਰਾਜ ਸਭਾ ਮੈਂਬਰ ਪਦਮਸ਼੍ਰੀ ਡਾ. ਰਜਿੰਦਰ ਗੁਪਤਾ ਨੇ ਪੂਰੀ ਤਰ੍ਹਾਂ ਵਿਰਾਮ ਲਾ ਦਿੱਤਾ ਹੈ। "ਪੰਜਾਬੀ ਜਾਗਰਣ" ਨਾਲ ਗੱਲਬਾਤ ਕਰਦਿਆ ਡਾ. ਗੁਪਤਾ ਨੇ ਸਾਫ਼ ਕਰ ਦਿੱਤਾ ਹੈ ਕਿ ਹਾਲ ਦੀ ਘੜੀ ਸਿੱਧੇ ਤੌਰ ’ਤੇ ਸਿਆਸਤ ਦੇ ਅਖਾੜੇ ਵਿੱਚ ਉਤਰਨ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਬਰਨਾਲਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਬਾਰੇ ਪਿਛਲੇ ਕਈ ਦਿਨਾਂ ਤੋਂ ਉੱਡ ਰਹੀਆਂ ਚਰਚਾਵਾਂ ’ਤੇ ਟਰਾਈਡੈਂਟ ਗਰੁੱਪ ਦੇ ਮਾਲਕ ਅਤੇ ਰਾਜ ਸਭਾ ਮੈਂਬਰ ਪਦਮਸ਼੍ਰੀ ਡਾ. ਰਜਿੰਦਰ ਗੁਪਤਾ ਨੇ ਪੂਰੀ ਤਰ੍ਹਾਂ ਵਿਰਾਮ ਲਾ ਦਿੱਤਾ ਹੈ। "ਪੰਜਾਬੀ ਜਾਗਰਣ" ਨਾਲ ਗੱਲਬਾਤ ਕਰਦਿਆ ਡਾ. ਗੁਪਤਾ ਨੇ ਸਾਫ਼ ਕਰ ਦਿੱਤਾ ਹੈ ਕਿ ਹਾਲ ਦੀ ਘੜੀ ਸਿੱਧੇ ਤੌਰ ’ਤੇ ਸਿਆਸਤ ਦੇ ਅਖਾੜੇ ਵਿੱਚ ਉਤਰਨ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ।
ਅਸਲ ਵਿੱਚ, ਪਿਛਲੇ ਦਿਨੀਂ ਡਾ. ਗੁਪਤਾ ਨੇ ਆਪਣੇ ਐੱਮ.ਪੀ. ਕੋਟੇ ਦੀਆਂ ਗਰਾਂਟਾਂ ਵੰਡਣ ਵਾਸਤੇ ਬਰਨਾਲਾ ਇਲਾਕੇ ਦੀਆਂ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੂੰ ਟਰਾਈਡੈਂਟ ਦੇ ਵਿਹੜੇ ਸੱਦਿਆ ਸੀ। ਇਸ ਇਕੱਠ ਤੋਂ ਬਾਅਦ ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਸਿਆਸੀ ਗਲਿਆਰਿਆਂ ਤੱਕ ਇਹ ਗੱਲ ਜ਼ੋਰ ਫੜ ਗਈ ਸੀ ਕਿ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਰਨਾਲਾ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜ ਸਕਦੇ ਹਨ।
ਇਨ੍ਹਾਂ ਕਿਆਸਅਰਾਈਆਂ ਨੂੰ ਠੱਲ੍ਹ ਪਾਉਂਦਿਆਂ ਡਾ. ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਆਪਣੇ ਕਾਰੋਬਾਰ ਅਤੇ ਹੋਰ ਰੁਝੇਵਿਆਂ ਕਾਰਨ ਉਹ ਸਿਆਸਤ ਨੂੰ ਇੰਨਾ ਵੇਲਾ ਨਹੀਂ ਦੇ ਸਕਦੇ, ਜਿੰਨਾ ਲੋਕਾਂ ਦੀਆਂ ਵੋਟਾਂ ਨਾਲ ਚੁਣੇ ਹੋਏ ਨੁਮਾਇੰਦਿਆਂ ਨੂੰ ਦੇਣਾ ਪੈਂਦਾ ਹੈ। ਜਦੋਂ ਉਨ੍ਹਾਂ ਨੂੰ ਬਰਨਾਲਾ ਤੋਂ ਭਾਜਪਾ ਉਮੀਦਵਾਰ ਦੀ ਜਿੱਤ ਵਿੱਚ ਉਨ੍ਹਾਂ ਦੇ ਰੋਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਬੜੇ ਠਰ੍ਹੰਮੇ ਨਾਲ ਜਵਾਬ ਦਿੱਤਾ ਕਿ ਉਮੀਦਵਾਰ ਭਾਵੇਂ ਕੋਈ ਵੀ ਹੋਵੇ, ਜੇਕਰ ਲੋਕ ਵੋਟਾਂ ਪਾ ਕੇ ਉਹਨੂੰ ਜਿਤਾਉਂਦੇ ਹਨ ਤਾਂ ਉਹ ਚੰਗਾ ਹੀ ਹੁੰਦਾ ਹੈ।
ਭਾਵੇਂ ਡਾ. ਗੁਪਤਾ ਨੇ ਬਰਨਾਲਾ ਦੀ ਸਿਆਸਤ ਵਿੱਚ ਸਿੱਧੀ ਦਖ਼ਲਅੰਦਾਜ਼ੀ ਕਰਨ ਤੋਂ ਪੱਲਾ ਝਾੜ ਲਿਆ ਹੈ, ਪਰ ਉਨ੍ਹਾਂ ਦੇ ਪੁਰਾਣੇ ਸਿਆਸੀ ਤਾਲਮੇਲ ਅਤੇ ਸਰਗਰਮੀਆਂ ਨੂੰ ਵੇਖਦਿਆਂ ਚਰਚਾਵਾਂ ਦਾ ਬਾਜ਼ਾਰ ਅਜੇ ਵੀ ਗਰਮ ਹੈ। ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਸੁਰਿੰਦਰਪਾਲ ਸਿੰਘ ਸੀਬੀਆ ਦੀ ਚੋਣ ਵੇਲੇ ਰਹੇ ਹਾਲਾਤਾਂ ਨੂੰ ਮੁੱਖ ਰੱਖਦਿਆਂ, ਆਉਂਦੀਆਂ ਚੋਣਾਂ ਵਿੱਚ ਭਾਜਪਾ ਜਾਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਨੂੰ ਉਨ੍ਹਾਂ ਦੀ ਹਮਾਇਤ ਮਿਲ ਸਕਦੀ ਹੈ।
ਦੂਜੇ ਪਾਸੇ, ਡਾ. ਗੁਪਤਾ ਵੱਲੋਂ ਸੰਸਦ ਮੈਂਬਰ ਕੋਟੇ ਦੀਆਂ ਗਰਾਂਟਾਂ ਹੇਠ ਸਮਾਜ ਸੇਵੀ ਸੰਸਥਾਵਾਂ ਦੀ ਚੋਣ ਕਰਨ ਅਤੇ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਮਾਇਆ ਨੂੰ ਲੈ ਕੇ ਵੀ ਸਿਆਸੀ ਹਲਕਿਆਂ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ। ਹਾਲਾਂਕਿ ਉਨ੍ਹਾਂ ਵੱਲੋਂ ਇਸ ਪਿੱਛੇ ਕਿਸੇ ਵੀ ਸਿਆਸੀ ਮਨਸ਼ਾ ਦਾ ਕੋਈ ਇਸ਼ਾਰਾ ਨਹੀਂ ਕੀਤਾ ਗਿਆ।
ਗੱਲਬਾਤ ਦੌਰਾਨ ਡਾ. ਗੁਪਤਾ ਵੱਲੋਂ ਬਰਨਾਲਾ ਨੂੰ ਆਪਣੀ ‘ਸਮਾਜਿਕ ਰਾਜਧਾਨੀ’ ਆਖਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਉਹ ਇਸ ਇਲਾਕੇ ਨਾਲ ਆਪਣੀ ਸਾਂਝ ਪੱਕੀ ਬਣਾਈ ਰੱਖਣਾ ਚਾਹੁੰਦੇ ਹਨ। ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਵਿਧਾਨ ਸਭਾ ਚੋਣਾਂ ਵੇਲੇ ਉਹ ਕੀ ਪੈਂਤੜਾ ਲੈਂਦੇ ਹਨ। ਕੀ ਉਹ ਪਹਿਲਾਂ ਵਾਂਗ ਕਿਸੇ ਉਮੀਦਵਾਰ ਦੀ ਪਿੱਠ ’ਤੇ ਖੜ੍ਹਨਗੇ ਜਾਂ ਫਿਰ ਸਿਆਸਤ ਤੋਂ ਪਾਸਾ ਵੱਟ ਕੇ ਸਿਰਫ਼ ਸਮਾਜ ਸੇਵਾ ਅਤੇ ਵਿਕਾਸ ਦੇ ਕੰਮਾਂ ਤੱਕ ਹੀ ਸੀਮਤ ਰਹਿਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।