ਮੀਂਹ ਨੇ ਬਦਲਿਆ ਬਰਨਾਲਾ ਦਾ ਮੌਸਮ : ਠੰਢੀ ਹਵਾ ਨੇ ਦਿੱਤੀ ਰਾਹਤ, ਪਰ ਨੀਵੇਂ ਇਲਾਕਿਆਂ 'ਚ ਪਾਣੀ ਭਰਨ ਤੇ ਗੰਦਗੀ ਕਾਰਨ ਲੋਕ ਪਰੇਸ਼ਾਨ
ਵੀਰਵਾਰ ਨੂੰ ਬਰਨਾਲਾ ’ਚ ਹੋਈ ਬਰਸਾਤ ਨਾਲ ਲੋਕਾਂ ਨੂੰ ਭਾਰੀ ਗਰਮੀ ਅਤੇ ਉਮਸ ਤੋਂ ਕਾਫ਼ੀ ਰਾਹਤ ਮਿਲੀ। ਮੀਂਹ ਪੈਣ ਤੋਂ ਬਾਅਦ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਮੌਸਮ ਸੁਹਾਵਣਾ ਹੋ ਗਿਆ
Publish Date: Thu, 30 Jul 2026 04:04 PM (IST)
Updated Date: Thu, 30 Jul 2026 04:12 PM (IST)
ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਵੀਰਵਾਰ ਨੂੰ ਬਰਨਾਲਾ ’ਚ ਹੋਈ ਬਰਸਾਤ ਨਾਲ ਲੋਕਾਂ ਨੂੰ ਭਾਰੀ ਗਰਮੀ ਅਤੇ ਉਮਸ ਤੋਂ ਕਾਫ਼ੀ ਰਾਹਤ ਮਿਲੀ। ਮੀਂਹ ਪੈਣ ਤੋਂ ਬਾਅਦ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਮੌਸਮ ਸੁਹਾਵਣਾ ਹੋ ਗਿਆ। ਕਈ ਲੋਕ ਘਰਾਂ ਤੋਂ ਬਾਹਰ ਨਿਕਲੇ ਤੇ ਠੰਢੇ ਮੌਸਮ ਦਾ ਆਨੰਦ ਮਾਣਿਆ। ਹਾਲਾਂਕਿ ਕੁਝ ਨੀਵੇਂ ਇਲਾਕਿਆਂ ’ਚ ਪਾਣੀ ਖੜ੍ਹਾ ਹੋਣ ਕਾਰਨ ਆਵਾਜਾਈ ’ਚ ਥੋੜ੍ਹੀ ਦਿੱਕਤ ਵੀ ਆਈ। ਮੌਸਮ ਵਿਭਾਗ ਅਨੁਸਾਰ, ਪੰਜਾਬ ਦੇ ਕਈ ਹਿੱਸਿਆਂ ਵਿੱਚ ਬਰਸਾਤ ਕਾਰਨ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਕੁਝ ਇਲਾਕਿਆਂ ਲਈ ਹੋਰ ਮੀਂਹ ਦੀ ਸੰਭਾਵਨਾ ਵੀ ਜਤਾਈ ਗਈ ਹੈ।
ਮੀਂਹ ਦੇ ਖੜ੍ਹੇ ਪਾਣੀ ਕਾਰਨ ਲੋਕ ਹੋਏ ਪਰੇਸ਼ਾਨ ਭਾਰੀ ਬਰਸਾਤ ਤੋਂ ਬਾਅਦ ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ਤੇ ਮੁੱਖ ਸੜਕਾਂ 'ਤੇ ਪਾਣੀ ਖੜ੍ਹਾ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ 'ਤੇ ਵਾਹਨ ਪਾਣੀ 'ਚ ਫਸ ਗਏ, ਜਦਕਿ ਪੈਦਲ ਲੰਘਣ ਵਾਲਿਆਂ ਨੂੰ ਵੀ ਮੁਸ਼ਕਲਾਂ ਆਈਆਂ। ਦੁਕਾਨਦਾਰਾਂ ਅਤੇ ਸਥਾਨਕ ਵਸਨੀਕਾਂ ਨੇ ਨਿਕਾਸੀ ਪ੍ਰਬੰਧਾਂ ਨੂੰ ਸੁਧਾਰਨ ਦੀ ਮੰਗ ਕੀਤੀ ਤਾਂ ਜੋ ਹਰ ਬਰਸਾਤ ਦੌਰਾਨ ਪੈਦਾ ਹੋਣ ਵਾਲੀ ਇਸ ਸਮੱਸਿਆ ਤੋਂ ਰਾਹਤ ਮਿਲ ਸਕੇ।
ਕੂੜੇ ਦੇ ਢੇਰਾਂ ’ਚ ਖੜ੍ਹੇ ਕਾਰਨ ਲੋਕਾਂ ਨੂੰ ਬਿਮਾਰੀਆਂ ਫੈਲਣ ਦਾ ਡਰ ਬਰਨਾਲਾ ’ਚ ਹੋਈ ਬਰਸਾਤ ਤੋਂ ਬਾਅਦ ਕਈ ਇਲਾਕਿਆਂ ’ਚ ਕੂੜੇ ਦੇ ਢੇਰਾਂ ਕੋਲ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ’ਚ ਡੇਂਗੂ, ਮਲੇਰੀਆ ਅਤੇ ਹੋਰ ਮੌਸਮੀ ਬਿਮਾਰੀਆਂ ਫੈਲਣ ਦਾ ਡਰ ਵੱਧ ਗਿਆ ਹੈ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਖੜ੍ਹੇ ਪਾਣੀ ਅਤੇ ਗੰਦਗੀ ਕਾਰਨ ਮੱਛਰਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਜਿਸ ਨਾਲ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਨੂੰ ਖਤਰਾ ਪੈਦਾ ਹੋ ਗਿਆ ਹੈ। ਲੋਕਾਂ ਨੇ ਸਰਕਾਰ ਪਾਸੋ ਸਫ਼ਾਈ ਸੇਵਕਾਂ ਦੀਆਂ ਮੰਗਾਂ ਦਾ ਹੱਲ ਕਰਦਿਆਂ ਜਲਦੀ ਕੂੜਾ ਚੁੱਕਣ, ਨਾਲਿਆਂ ਦੀ ਸਫ਼ਾਈ ਕਰਵਾਉਣ ਅਤੇ ਫੌਗਿੰਗ ਕਰਵਾਉਣ ਦੀ ਮੰਗ ਕੀਤੀ ਹੈ।